ਬੈਂਗਲੁਰੂ : ਪੁਲਿਸ ਨੇ ਕਰਨਾਟਕ ਦੇ ਦੋ ਸਾਬਕਾ ਮੁੱਖ ਮੰਤਰੀਆਂ ਸਿਧਰਮੱਈਆ ਅਤੇ ਐੱਚਡੀ ਕੁਮਾਰਸਵਾਮੀ ਸਮੇਤ ਬੈਂਗਲੁਰੂ ਦੇ ਤੱਤਕਾਲੀ ਪੁਲਿਸ ਕਮਿਸ਼ਨਰ ਟੀ ਸੁਨੀਲ ਕੁਮਾਰ, ਉਨ੍ਹਾਂ ਦੇ ਅਧੀਨ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਅਤੇ ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਕੁਝ ਆਗੂਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਲੋਕ ਸਭਾ ਚੋਣ ਦੌਰਾਨ ਕੀਤੀ ਗਈ ਆਮਦਨ ਕਰ ਛਾਪੇਮਾਰੀ ਦਾ ਵਿਰੋਧ ਕਰਨ ਲਈ ਦਰਜ ਕੀਤਾ ਗਿਆ ਹੈ। ਕਾਂਗਰਸ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।
ਸਮਾਜਿਕ ਵਰਕਰ ਮਲਿਕਾਰੁਜਨ ਏ. ਦੀ ਸ਼ਿਕਾਇਤ ‘ਤੇ ਬੈਂਗਲੁਰੂ ਦੀ ਇਕ ਅਦਾਲਤ ਨੇ ਹਾਲ ਹੀ ਵਿਚ ਕਮਰਸ਼ੀਅਲ ਸਟ੍ਰੀਟ ਪੁਲਿਸ ਨੂੰ ਅਪਰਾਧਿਕ ਸਾਜ਼ਿਸ਼ ਰੱਚਣ ਅਤੇ ਭਾਰਤ ਸਰਕਾਰ ਖ਼ਿਲਾਫ਼ ਜੰਗ ਛੇੜਨ ਦੇ ਯਤਨ ਕਰਨ ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ।
ਇਹ ਮਾਮਲਾ ਕਾਂਗਰਸ ਅਤੇ ਜਨਤਾ ਦਲ (ਐੱਸ) ਆਗੂਆਂ ਦੇ ਨਿਵਾਸ ‘ਤੇ ਮਾਰੇ ਗਏ ਆਮਦਨ ਕਰ ਛਾਪੇ ਦੇ ਵਿਰੋਧ ਵਿਚ ਇਥੇ ਆਮਦਨ ਕਰ ਦਫ਼ਤਰ ਕੋਲ ਤੱਤਕਾਲੀ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਸਮੇਤ ਹੋਰ ਆਗੂਆਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਿਤ ਹੈ। ਦੋਸ਼ ਹੈ ਕਿ ਕੁਮਾਰਸਵਾਮੀ ਨੇ ਛਾਪੇਮਾਰੀ ਦੀ ਜਾਣਕਾਰੀ ਹੋਣ ਪਿੱਛੋਂ ਲੋਕਾਂ ਨੂੰ ਸੰਭਾਵਿਤ ਕਾਰਵਾਈ ਦੀ ਸੂਚਨਾ ਦਿੱਤੀ ਸੀ।
ਕੁਮਾਰਸਵਾਮੀ ਨੇ 27 ਮਾਰਚ ਨੂੰ ਮੀਡੀਆ ਨੂੰ ਕਿਹਾ ਸੀ ਕਿ ਛਾਪੇ ਮਾਰੇ ਜਾ ਸਕਦੇ ਹਨ ਕਿਉਂਕਿ ਵੱਡੀ ਗਿਣਤੀ ਵਿਚ ਕੇਂਦਰੀ ਸੁਰੱਖਿਆ ਬਲ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ (ਕੇਆਰਏ) ‘ਤੇ ਪੁੱਜ ਚੁੱਕਾ ਹੈ। ਉਨ੍ਹਾਂ ਦਾ ਸ਼ੱਕ ਅਗਲੇ ਹੀ ਦਿਨ ਸਹੀ ਸਾਬਿਤ ਹੋਇਆ ਜਦੋਂ ਸੁਰੱਖਿਆ ਬਲ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਫੈਲ ਗਏ। ਬਾਅਦ ਵਿਚ ਆਮਦਨ ਕਰ ਦਫ਼ਤਰ ਅੱਗੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ। ਜਿਨ੍ਹਾਂ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚ ਤੱਤਕਾਲੀ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ, ਡੀ ਕੇ ਸ਼ਿਵਕੁਮਾਰ, ਸੂਬਾ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੂ ਰਾਓ, ਤੱਤਕਾਲੀ ਪੁਲਿਸ ਉਪ ਕਮਿਸ਼ਨਰ ਰਾਹੁਲ ਕੁਮਾਰ ਅਤੇ ਡੀ ਦੇਵਰਾਜੂ ਦੇ ਇਲਾਵਾ ਸਾਰੇ ਚੋਣ ਅਧਿਕਾਰੀ ਵੀ ਸ਼ਾਮਲ ਹਨ।