ਮਾਸਕੋ (ਸਮਾਜ ਵੀਕਲੀ): ਕੌਮਾਂਤਰੀ ਪੁਲਾੜ ਸਟੇਸ਼ਨ ’ਚ ਛੇ ਮਹੀਨੇ ਦੀ ਮੁਹਿੰਮ ਤੋਂ ਬਾਅਦ ਤਿੰਨ ਪੁਲਾੜ ਯਾਤਰੀ ਅੱਜ ਧਰਤੀ ’ਤੇ ਸੁਰੱਖਿਅਤ ਮੁੜ ਆਏ ਹਨ। ਨਾਸਾ ਦੇ ਪੁਲਾੜ ਯਾਤਰੀ ਕ੍ਰਿਸ ਕੇਸਿਡੀ ਅਤੇ ਰੂਸ ਦੇ ਅਨਾਤੋਲੀ ਇਵਾਨਿਸ਼ੀਨ ਅਤੇ ਇਵਾਨ ਵੈਗਨਰ ਨੂੰ ਲੈ ਕੇ ਆ ਰਿਹਾ ਸੋਯੂਜ਼ ਐੱਮਐੱਸ-16 ਕੈਪਸੂਲ ਕਜ਼ਖਸਤਾਨ ਦੇ ਦੇਜਕਾਜਗਨ ਸ਼ਹਿਰ ਦੇ ਦੱਖਣੀ-ਪੂਰਬ ’ਚ ਅੱਜ ਸਵੇਰੇ 7.54 ਵਜੇ ਉੱਤਰਿਆ। ਸੰਖੇਪ ਮੈਡੀਕਲ ਜਾਂਚ ਤੋਂ ਬਾਅਦ ਤਿੰਨਾਂ ਨੂੰ ਹੈਲੀਕਾਪਟਰ ਰਾਹੀਂ ਦੇਜਕਾਜਗਨ ਲਿਜਾਇਆ ਜਾਵੇਗਾ ਜਿੱਥੇ ਉਹ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋਣਗੇ।
ਕੇਸਿਡੀ ਨਾਸਾ ਦੇ ਜਹਾਜ਼ ’ਚ ਬੈਠ ਕੇ ਹਿਊਸਟਨ ਜਾਣਗੇ ਜਦਕਿ ਵੈਗਨਰ ਤੇ ਇਵਾਨਿਸ਼ੀਨ ਰੂਸ ਦੇ ਸਟਾਰ ਸਿਟੀ ਸਥਿਤ ਆਪਣੇ ਘਰ ਲਈ ਉਡਾਣ ਭਰਨਗੇ। ਇਨ੍ਹਾਂ ਤਿੰਨਾਂ ਪੁਲਾੜ ਯਾਤਰੀਆਂ ਤੋਂ ਪਹਿਲਾਂ ਨਾਸਾ ਦੇ ਕੇਟ ਰੂਬਿਨਜ਼, ਰੂਸ ਦੇ ਸਰਗੇਈ ਰਿਜ਼ੀਕੋਵ ਤੇ ਸਰਗੇਈ ਕੁਦ-ਸਵੇਰਚਕੋਵ ਇੱਕ ਹਫ਼ਤਾ ਪਹਿਲਾਂ ਹੀ ਛੇ ਮਹੀਨੇ ਲਈ ਪੁਲਾੜ ਸਟੇਸ਼ਨ ਪਹੁੰਚ ਚੁੱਕੇ ਹਨ।