ਅਲ ਕਾਇਦਾ ਨਾਲ ਸਬੰਧਤ ਦਹਿਸ਼ਤੀ ਜਥੇਬੰਦੀ ਅਨੁਸਾਰ ਗਜ਼ਾਵਤਉਲ ਹਿੰਦ ਨੂੰ ਜ਼ੋਰਦਾਰ ਸੱਟ ਮਾਰਦਿਆਂ ਸੁਰੱਖਿਆ ਬਲਾਂ ਨੇ ਛੇ ਦਹਿਸ਼ਤਗਰਦਾਂ ਨੂੰ ਦੱਖਣੀ ਕਸ਼ਮੀਰ ਦੇ ਅਵਾਂਤੀਪੋਰਾ ਇਲਾਕੇ ’ਚ ਮਾਰ ਮੁਕਾਇਆ। ਮਾਰੇ ਗਏ ਦਹਿਸ਼ਤਗਰਦਾਂ ’ਚ ਜ਼ਾਕਿਰ ਮੂਸਾ ਦਾ ਨੇੜਲਾ ਸਾਥੀ ਵੀ ਸ਼ਾਮਲ ਹੈ ਜੋ ਜਥੇਬੰਦੀ ਦਾ ਮੁਖੀ ਹੈ। ਆਈਜੀ (ਕਸ਼ਮੀਰ ਰੇਂਜ) ਸੋਇਮ ਪ੍ਰਕਾਸ਼ ਪਾਨੀ ਨੇ ਦੱਸਿਆ ਕਿ ਅਪਰੇਸ਼ਨ ਦੌਰਾਨ ਕੋਈ ਦਿੱਕਤ ਨਹੀਂ ਆਈ ਅਤੇ ਸਾਰੇ ਛੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਛੇ ਦਹਿਸ਼ਤਗਰਦ ਅਤਿਵਾਦ ਨਾਲ ਸਬੰਧਤ ਸਰਗਰਮੀਆਂ ਦੇ ਮਾਮਲਿਆਂ ’ਚ ਲੋੜੀਂਦੇ ਸਨ। ਪੁਲੀਸ ਤਰਜਮਾਨ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਪੁਖ਼ਤਾ ਸੂਹ ਮਿਲਣ ਮਗਰੋਂ ਪੁਲਵਾਮਾ ਜ਼ਿਲ੍ਹੇ ਦੇ ਅਵਾਂਤੀਪੋਰਾ ਇਲਾਕੇ ਦੇ ਪਿੰਡ ਅਰਾਮਪੋਰਾ ’ਚ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਕਿਹਾ ਕਿ ਜਦੋਂ ਜਵਾਨ ਤਲਾਸ਼ੀ ਲੈ ਰਹੇ ਸਨ ਤਾਂ ਦਹਿਸ਼ਤਗਰਦਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਜਵਾਬ ’ਚ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਕੀਤੀ ਗਈ ਕਾਰਵਾਈ ’ਚ ਸਾਰੇ ਦਹਿਸ਼ਤਗਰਦ ਮਾਰੇ ਗਏ। ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਸੋਲਿਹਾ ਮੁਹੰਮਦ ਅਖ਼ੂਨ (ਅਰਾਮਪੋਰਾ ਤਰਾਲ), ਫ਼ੈਸਲ ਅਹਿਮਦ ਖਾਂਡੇ (ਅਮਲਾਰ), ਨਦੀਮ ਅਹਿਮਦ ਸੋਫ਼ੀ (ਬਾਟਾਗੁੰਡ, ਤਰਾਲ), ਰਸਿਕ ਮੀਰ, ਰਾਊਫ਼ ਮੀਰ ਅਤੇ ਉਮਰ ਰਮਜ਼ਾਨ (ਸਾਰੇ ਦਾਦਸਾਰਾ, ਤਰਾਲ) ਵਜੋਂ ਹੋਈ ਹੈ।