ਇਕ ਆਮ ਨਾਗਰਿਕ ਦੀ ਵੀ ਗਈ ਜਾਨ;
ਪਾਕਿ ਕਮਾਂਡਰ ਸਮੇਤ ਜੈਸ਼ ਦੇ ਤਿੰਨ ਅਤਿਵਾਦੀ ਹਲਾਕ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੋਮਵਾਰ ਨੂੰ ਹੋਏ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀ ਮਾਰੇ ਗਏ ਜਦਕਿ ਮੇਜਰ, ਚਾਰ ਜਵਾਨ ਅਤੇ ਪੁਲੀਸ ਦਾ ਹੈੱਡ ਕਾਂਸਟੇਬਲ ਸ਼ਹੀਦ ਹੋ ਗਏ। ਕਰੀਬ 16 ਘੰਟੇ ਤਕ ਚੱਲੇ ਗਹਿਗੱਚ ਮੁਕਾਬਲੇ ਦੌਰਾਨ ਇਕ ਆਮ ਨਾਗਰਿਕ ਦੀ ਵੀ ਜਾਨ ਚਲੀ ਗਈ। ਮਾਰੇ ਗਏ ਦਹਿਸ਼ਤਗਰਦਾਂ ’ਚ ਜੈਸ਼ ਦਾ ਪਾਕਿਸਤਾਨੀ ਕਮਾਂਡਰ ਅਤੇ ਸੀਆਰਪੀਐਫ ਦੇ ਕਾਫ਼ਲੇ ’ਤੇ 14 ਫਰਵਰੀ ਨੂੰ ਕੀਤੇ ਗਏ ਹਮਲੇ ਦਾ ਸ਼ੱਕੀ ਸਾਜ਼ਿਸ਼ਕਾਰ ਕਾਮਰਾਨ, ਅਬਦੁਲ ਰਸ਼ੀਦ ਉਰਫ਼ ਗਾਜ਼ੀ ਤੇ ਸਥਾਨਕ ਦਹਿਸ਼ਤੀ ਹਿਲਾਲ ਅਹਿਮਦ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਦੌਰਾਨ ਲੈਫ਼ਟੀਨੈਂਟ ਕਰਨਲ, ਡਿਪਟੀ ਆਈਜੀ (ਦੱਖਣੀ ਕਸ਼ਮੀਰ) ਅਮਿਤ ਕੁਮਾਰ, ਬ੍ਰਿਗੇਡੀਅਰ, ਮੇਜਰ ਅਤੇ ਚਾਰ ਹੋਰ ਰੈਂਕਾਂ ਦੇ ਜਵਾਨ ਜਵਾਨ ਜ਼ਖ਼ਮੀ ਹੋ ਗਏ ਹਨ। ਪਿਛਲੇ ਹਫ਼ਤੇ ਜਿਹੜੀ ਥਾਂ ’ਤੇ ਫਿਦਾਈਨ ਨੇ ਸੀਆਰਪੀਐਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ, ਉਸ ਤੋਂ ਕਰੀਬ 12 ਕਿਲੋਮੀਟਰ ਦੂਰ ਪੁਲਵਾਮਾ ਦੇ ਪਿੰਗਲੀਨਾ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਇਹ ਮੁਕਾਬਲਾ ਹੋਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਹ ਮਿਲਣ ਮਗਰੋਂ ਰਾਤ ਨੂੰ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਦਹਿਸ਼ਤਗਰਦਾਂ ਵੱਲੋਂ ਜਵਾਨਾਂ ’ਤੇ ਗੋਲੀਆਂ ਚਲਾਏ ਜਾਣ ਮਗਰੋਂ ਮੁਕਾਬਲਾ ਸ਼ੁਰੂ ਹੋਇਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ’ਚ ਮੇਜਰ ਵੀ ਐਸ ਢੌਂਡੀਆਲ, ਹਵਲਦਾਰ ਸ਼ਿਓ ਰਾਮ ਅਤੇ ਸਿਪਾਹੀ ਹਰੀ ਸਿੰਘ ਤੇ ਅਜੇ ਕੁਮਾਰ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਹੈੱਡ ਕਾਂਸਟੇਬਲ ਅਬਦੁਲ ਰਸ਼ੀਦ ਸ਼ਹੀਦ ਹੋ ਗਏ। ਜ਼ਖ਼ਮੀ ਹੋਏ ਡੀਆਈਜੀ (ਦੱਖਣੀ ਕਸ਼ਮੀਰ) ਅਮਿਤ ਕੁਮਾਰ ਦੇ ਢਿੱਡ ਅਤੇ ਬ੍ਰਿਗੇਡ ਕਮਾਂਡਰ ਦੀ ਲੱਤ ’ਚ ਗੋਲੀਆਂ ਲੱਗੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।