HOME ਪੁਤਿਨ ਨੇ ਕੱਢੀ ਇਮਰਾਨ ਦੀ ਕਵਾਇਦ ਦੀ ਹਵਾ

ਪੁਤਿਨ ਨੇ ਕੱਢੀ ਇਮਰਾਨ ਦੀ ਕਵਾਇਦ ਦੀ ਹਵਾ

ਤਹਿਰਾਨ : ਪਾਕਿਸਤਾਨ ਨੂੰ ਸੰਭਾਲ ਸਕਣ ‘ਚ ਅਸਫਲ ਇਮਰਾਨ ਖ਼ਾਨ ਨੇ ਐਤਵਾਰ ਨੂੰ ਤਹਿਰਾਨ ਪਹੁੰਚ ਕੇ ਈਰਾਨ ਤੇ ਸਾਊਦੀ ਅਰਬ ਦੇ ਰਿਸ਼ਤਿਆਂ ‘ਚ ਸੁਧਾਰ ਦੀ ਕਵਾਇਦ ਸ਼ੁਰੂ ਕੀਤੀ। ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦੀ ਇਸ ਕਵਾਇਦ ਨੂੰ ਸਾਊਦੀ ਅਰਬ ਦੀ ਵੀ ਹਮਾਇਤ ਹਾਸਲ ਹੈ ਜਾਂ ਨਹੀਂ ਪਰ ਕੁਝ ਹੀ ਘੰਟਿਆਂ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਮਰਾਨ ਦੇ ਕੀਤੇ ਕਰਾਏ ‘ਤੇ ਪਾਣੀ ਫੇਰ ਦਿੱਤਾ। ਸੋਮਵਾਰ ਨੂੰ ਸਾਊਦੀ ਅਰਬ ਪੁੱਜ ਰਹੇ ਪੁਤਿਨ ਨੇ ਕਿਹਾ, ‘ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ, ਉਹ (ਪੁਤਿਨ) ਈਰਾਨ ਤੇ ਸਾਊਦੀ ਅਰਬ ਦੇ ਸਬੰਧਾਂ ‘ਚ ਸੁਧਾਰ ਲਈ ਯਤਨ ਕਰਨ ਲਈ ਤਿਆਰ ਹਨ। ਈਰਾਨ ਨਾਲ ਰੂਸ ਦੇ ਬਹੁਤ ਚੰਗੇ ਰਿਸ਼ਤੇ ਹਨ। ਪੁਤਿਨ ਨੇ ਸਤੰਬਰ ‘ਚ ਸਾਊਦੀ ਤੇਲ ਪਲਾਂਟਾਂ ‘ਤੇ ਹਮਲਿਆਂ ਲਈ ਜ਼ਿੰਮੇਵਾਰ ਦੇਸ਼ ਜਾਂ ਸ਼ਖ਼ਸ ਬਾਰੇ ਭਰੋਸੇਯੋਗ ਸਬੂਤ ਨਾ ਮਿਲਣ ਦੀ ਗੱਲ ਕਹੀ ਹੈ। ਸਾਊਦੀ ਅਰਬ ਤੇ ਅਮਰੀਕਾ ਨੇ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਲਾਲ ਸਾਗਰ ‘ਚ ਸ਼ੁੱਕਰਵਾਰ ਨੂੰ ਈਰਾਨੀ ਤੇਲ ਟੈਂਕਰ ‘ਤੇ ਹੋਏ ਹਮਲੇ ‘ਚ ਸਾਊਦੀ ਅਰਬ ਨੇ ਹੱਥ ਹੋਣ ਤੋਂ ਇਨਕਾਰ ਕੀਤਾ ਹੈ।

ਖਾੜੀ ‘ਚ ਪੈਦਾ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਤਵਾਰ ਨੂੰ ਈਰਾਨ ਪਹੁੰਚ ਕੇ ਉੱਥੋਂ ਦੇ ਰਾਸ਼ਟਰਪਤੀ ਹਸਨ ਰੂਹਾਨੀ ਤੇ ਸਰਬਉੱਚ ਆਗੂ ਅਯਾਤੁੱਲਾ ਖੋਮੀਨੀ ਨਾਲ ਮੁਲਾਕਾਤ ਕੀਤੀ। ਇਮਰਾਨ ਨੇ ਕਿਹਾ, ਅਸੀਂ ਨਹੀਂ ਚਾਹੁੰਦੇ ਕਿ ਈਰਾਨ ਤੇ ਸਾਊਦੀ ਅਰਬ ਦਰਮਿਆਨ ਕਿਸੇ ਤਰ੍ਹਾਂ ਦਾ ਟਕਰਾਅ ਹੋਵੇ। ਯਾਤਰਾ ਦਾ ਮਕਸਦ ਦੋਵਾਂ ਦੇਸ਼ਾਂ ਵਿਚਕਾਰ ਬਣੇ ਤਣਾਅ ਦੇ ਵਾਤਾਵਰਨ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ, ਈਰਾਨ ਤੇ ਸਾਊਦੀ ਅਰਬ ਦੇ ਰਿਸ਼ਤਿਆਂ ਦੀਆਂ ਗੁੰਝਲਾਂ ਗੱਲਬਾਤ ਰਾਹੀਂ ਹੀ ਹੱਲ ਹੋ ਸਕਦੀਆਂ ਹਨ। ਜੇਕਰ ਦੋਵਾਂ ਦੇਸ਼ਾਂ ਦਾ ਟਕਰਾਅ ਹੋਵੇਗਾ ਤਾਂ ਉਹ ਦੁਨੀਆ ‘ਚ ਗ਼ਰੀਬੀ ਦਾ ਸਬੱਬ ਬਣੇਗਾ। ਇਮਰਾਨ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਈਰਾਨ ਨਾਲ ਗੱਲਬਾਤ ਸ਼ੁਰੂ ਕਰਨ ਦੀ ਜ਼ਰੂਰਤ ਦੱਸੀ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਊਦੀ ਅਰਬ ਨਾਲ ਮਜ਼ਬੂਤ ਰਿਸ਼ਤੇ ਹਨ। ਕਰੀਬ 25 ਲੱਖ ਪਾਕਿਸਤਾਨੀ ਸਾਊਦੀ ਅਰਬ ‘ਚ ਨੌਕਰੀ ਕਰਦੇ ਹਨ ਤੇ ਪਾਕਿਸਤਾਨੀ ਫ਼ੌਜ ਨੂੰ ਸਾਊਦੀ ‘ਚ ਅਹਿਮ ਜ਼ਿੰਮੇਵਾਰੀ ਹਾਸਲ ਹੈ। ਜਦਕਿ ਸ਼ੀਆ ਬਹੁਗਿਣਤੀ ਈਰਾਨ ਪਾਕਿਸਤਾਨ ਦਾ ਗੁਆਂਢੀ ਦੇਸ਼ ਹੈ।

Previous articleNepal, China ink 18 MoUs during Xi visit
Next articleMerkel asks Turkey to end military offensive in Syria