ਪੁਣੇ (ਸਮਾਜ ਵੀਕਲੀ) : ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਨੇ ਦੋਸ਼ ਲਗਾਇਆ ਹੈ ਕਿ ਸ਼ਹਿਰ ਵਿਚ ਕਰੋਨਾ ਕਾਰਨ ਹੋਈਆਂ ਘੱਟੋ-ਘੱਟ 400 ਮੌਤਾਂ ਦਾ ਕੋਈ ਰਿਕਾਰਡ ਨਹੀਂ ਹੈ। ਸ੍ਰੀ ਮੋਹੋਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਵੀਰਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਦੌਰਾਨ ਉਠਾਇਆ ਸੀ, ਜਦੋਂ ਉਹ ਸ਼ਹਿਰ ਵਿਚ ਕਰੋਨਾ ਵਾਇਰਸ ਦੀ ਸਥਿਤੀ ਦਾ ਜਾਇਜ਼ਾ ਲੈਣ ਆਏ ਸਨ।
ਮੇਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ ਦੇ ਸਸੂਨ ਜਨਰਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿੱਚ ਹਰ ਮਹੀਨੇ ਘੱਟੋ ਘੱਟ 400 ਤੋਂ 500 ਸ਼ੱਕੀ ਕਰੋਨਾ ਮਰੀਜ਼ ਮਰ ਰਹੇ ਹਨ, ਜਿਨ੍ਹਾਂ ਦਾ ਰਿਕਾਰਡ ਨਹੀਂ ਰੱਖਿਆ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ, “ਸਸੂਨ ਹਸਪਤਾਲ ਵਿੱਚ ਕਰੋਨਾ ਕਾਰਨ ਨਿੱਤ ਘੱਟੋ ਘੱਟ 12 ਸ਼ੱਕੀ ਮਰੀਜ਼ ਮਰ ਰਹੇ ਹਨ। ਇਹੋ ਹਾਲ ਨਿੱਜੀ ਹਸਪਤਾਲਾਂ ਦਾ ਹੈ।” ਮੋਹੋਲ ਨੇ ਦਾਅਵਾ ਕੀਤਾ, “ਇਨ੍ਹਾਂ ਮੌਤਾਂ ਦਾ ਕੋਈ ਹਿਸਾਬ ਨਹੀਂ ਰੱਖਿਆ ਜਾ ਰਿਹਾ ਕਿਉਂਕਿ ਇਨ੍ਹਾਂ ਮਰੀਜ਼ਾਂ ਨੂੰ ਜਾਂ ਤਾਂ ਮ੍ਰਿਤਕ ਅਵਸਥਾ ਵਿੱਚ ਹਸਪਤਾਲ ਲਿਆਂਦਾ ਜਾਂਦਾ ਹੈ ਜਾਂ ਉਥੇ ਪਹੁੰਚਣ ਤੋਂ ਤੁਰੰਤ ਬਾਅਦ ਮੌਤ ਹੋ ਜਾਂਦੀ ਹੈ।”