‘ਪੁਆਧ ਖੇਤਰ ਕੀਆਂ ਮੁਸ਼ਕਲਾਂ ਅਰ ਉਹਨਾਂ ਨੂੰ ਹੱਲ ਕਰਨੇ ਕੇ ਅਪਰਾਲ਼ੇ’

ਡਾ. ਗੁਰਮੀਤ ਸਿੰਘ ਬੈਦਵਾਣ

(ਸਮਾਜ ਵੀਕਲੀ)

ਮ੍ਹਾਰਾ ਪੁਆਧ ਮਾਝੇ ਮਾਲਬੇ ਅਰ ਦੁਆਬੇ ਮਾਂਗੋਂ ਪਰਾਤਨ ਪੰਜਾਬ ਕੇ ਪੂਰਬ ਅੱਧ ਕੀ ਨਸ਼ਾਨੀ ਕੇ ਤੌਰ ਪਰ ਰਸ–ਬਸ ਰਿਹਾ ਤਾ। ਅਣਬੰਡੇ ਪੰਜਾਬ ਕਾ ਪੁਆਧ ਬੌਹਤ ਬੜੇ ਖੇਤਰ ਮਾ ਫੈਲਿਆ ਬਾ ਤਾ। ਪੰਜਾਬ ਮਾ ਤੇ ਹਰਿਆਣਾ ਅਰ ਹਮਾਚਲ ਨਿਕਲਣੇ ਕਰਕੈ ਮ੍ਹਾਰੇ ਪੁਆਧ ਨੂੰ ਬਹੁਤ ਖੋਰਾ ਲੱਗਿਆ। ਮੇਰੀ ਬਾਤ ਸੁਣ ਕੈ ਕਈ ਕੈੰਹਦੇ ਹੋਣੇ ਐਂ ਬਈ ਮਾਝਾ, ਮਾਲਵਾ ਅਰ ਦੁਆਬਾ ਤਾਂ ਸੁਣਿਆ ਤਾ, ਯੌਹ ਪੁਆਧ ਈਹਨੈਂ ਕਿੱਥੇ ਤੇ ਕੱਢ ਲਿਆ। ਸੁਣੋ ਯੌਹ ਕਿਆ ਐ, ਭਾਰਤੀ ਪੰਜਾਬ ਕਾ ਪੂਰਬ ਅੱਧ ਜੀਹਨੂੰ ਅੰਗ੍ਰੇਜ਼ ਵਿਦਵਾਨ ਗ੍ਰੀਅਰਸਨ ਨੈਂ ‘ ਪੁਆਧ ‘ ਕੇ ਨੌਂ ਗੈਲ ਲਿਖਿਆ। ਉਹ ਨੰਗਲ ਡੈਮ ਤੇ ਲੇ ਕੇ ਹਰਿਆਣੇ ਕੇ ਕਲਛੇਤਰ ਅਰ ਕਰਨਾਲ ਕੇ ਕੁਸ ਹਿੱਸੇ ਤੱਕ ਫੈਲਿਆ ਬਾ। ਇਸ ਬਾਤ ਕੀ ਅਗਾਹੀ ਡਾ. ਬਨਾਰਸੀ ਦਾਸ ਜੈਨ ਅਰ ਭਾਈ ਕਾਹਨ ਸਿੰਘ ਨਾਭਾ ਜੀ ਨੈੰ ਆਪਣੇ ਗੁਰ–ਸ਼ਬਦ ਰਤਨਾਕਰ ਮਾ ਬੀ ਭਰੀ ਐ।

ਮ੍ਹਾਰਾ ਯੌਹ ਪੁਆਧ ਖੇਤਰ ਬਹੁਤ ਸਾਰੀਆਂ ਸਮੱਸਿਆਵਾਂ ਮਾ ਉਲਝਿਆ ਚਲਿਆ ਆ ਰਿਹਾ ਐ। ਜਿਸ ਕਰਕੈ ਮਾਝੇ, ਮਾਲਵੇ ਅਰ ਦੁਆਬੇ ਕੀ ਨਿਸਬਤ ਪਛੜਿਆ ਰਿਹਾ। ਪੈਹਲੀ ਮੁਸ਼ਕਲ ਤਾਂ ਯੌਹ ਬਈ ਮ੍ਹਾਰੇ ਪੁਆਧ ਮਾ ਪਾਣੀ ਕੀ ਘਾਟ ਤੀ। ਖੇਤਾਂ ਕਾ ਨਾਜ–ਫੱਕਾ ਬੱਸ ਖਾਣੇ–ਖੂਣੇ ਮਾ ਈ ਲਗ ਜਹੈ ਤਾ। ਅਰ ਦਾਣੇ ਬੌਹਤਾ ਕਰਕੈ ਮੰਡੀਆਂ ਮਾ ਨੀ ਗਏ। ਆਰਥਕ ਮੰਦੀ ਕੀ ਮਾਰ ਕਰਕੈ ਮ੍ਹਾਰੇ ਪੁਆਧ ਕਾ ਨੌਂ ਨੀ ਚਮਕਿਆ। ਦੂਸਰੀ ਬਾਤ ਯੌਹ ਰਹੀ ਬਈ ਮ੍ਹਾਰੇ ’ਲਾਕੇ ਕਾ ਕੋਈ ਸਿਰਕੱਢ ਸਿਆਸੀ ਆਗੂ ਨੀ ਹੋਇਆ ਜਿਹੜਾ ਕਿਸੀ ਰਾਜ ਦਰਬਾਰ ਮਾ ਮ੍ਹਾਰੀ ਬਾਤ ਰੱਖਦਾ। ਦੁੰਮਣੇ ਆਲੇ ਬਲਦੇਵ ਸੈਂ ਨੈਂ ਆਪਣਾ ਟ੍ਰੱਸਟ ਬਣਾ ਕੈ ਆਪਣੇ ਖਾਲਸਾ ਸਕੂਲ ਖੋਲ੍ਹ ਲੇ। ਚਲੋ ਇਸ ਗੈਲ ’ਲਾਕੇ ਮਾ ਸਿੱਖਿਆ ਕਾ ਪਸਾਰ ਤਾਂ ਹੋਇਆ ਪਰ ਉਹ ਜੇ ਕੋਈ ਸਿੱਖਿਆ ਕੀਆਂ ਸਰਕਾਰੀ ਸੰਸਥਾਵਾਂ ਬਣਾ ਦੰਦੇ ਤਾਂ ਹੋਰੇ ਬਾਤ ਹੋਣੀ ਤੀ। ਇਸ ’ਲਾਕੇ ਮਾ ਕਾਰਖਾਨਿਆਂ ਕੀ ਬੀ ਘਾਟ ਰਹੀ, ਜਿਸ ਕਰਕੈ ਮਾਹਨੂੰ ਬੇਰੁਜ਼ਗਾਰੀ ਕੀ ਮਾਰ ਬੀ ਝੱਲਣੀ ਪਈ।

ਇੱਕ ਹੋਰ ਬੌਹਤ ਬੜੀ ਮੁਸ਼ਕਲ ਅਜਾੜੇ ਕੀ ਪਈ। ਸੰਤਾਲੀ ਕੇ ਹੱਲਿਆਂ ਕੇ ਬਾਅਦ ਹਲੀ ਲੋਕ ਟਿਕ ਟਕੌ ਜੇ ਮਾ ਹੋਣੇ ਏੰ ਲਗੇ ਤੇ ਉਰੈ ਚੰਡੀਗੜ੍ਹ ਬਣਾਣੇ ਬਾਸਤੈ ਪੈਹਲੇ ਹੱਲੈ 22 ਗਰੌਆਂ ਪਰ ਅਜਾੜੇ ਕੀ ਤਲਵਾਰ ਲਟਕਾ ਦੀ। ਡੰਡੇ ਕੇ ਜੋਰ ਗੈਲ ਲੋਕ ਠਾਲ਼ੇ ਐਂ। ਇਨ੍ਹਾਂ 22 ਗਰੌਆਂ ਮਾ ਕੈਲੜ ਗਰੌਂ ਮੇਰੇ ਨਾਨਕਿਆਂ ਕਾ ਗਰੌਂ ਤਾ। ਬੇਬੇ ਤਾਂ ਕੈਲੜ ਅਰ ਹੋਰ ਗਰੌਆਂ ਕੇ ਅਜਾੜੇ ਕੀਆਂ ਦਰਦ ਭਰੀਆਂ ਕਹਾਣੀਆਂ ਇਬ ਤੱਕ ਸਣੌਂਦੀ ਰਹੀ ਐ। ਇਸ ਬਾਤ ਕੀ ਸਮਝ ਨੀ ਲਗੀ ਬਈ ਜੇ ਲੋਕਾਂ ਨੂੰ ਅਜਾੜ ਕੈ ਚੰਡੀਗੜ੍ਹ ਮਾ ਫੇਰ ਲੋਕ ਏ ਬਸਾਣੇ ਤੇ ਤਾਂ ਫੇਰ ਉਨ੍ਹਾਂ ਕੇ ਘਰਾਂ ਨੂੰ ਢਾਹ ਕੇੈ ਸੁਆਰ ਦੰਦੇ। ਉਹ ਬਸਦੇ ਰਹਿ ਜਾਂਦੇ। ਮੇਰੇ ਮਾਮਿਆਂ ਕੇ ਇਬ ਤੱਕ ਪੈਰ ਨੀ ਲੱਗੇ। ਲੋਕ ਉੱਜੜਗੇ; ਜ਼ਿੰਦਗੀਆਂ ਤਬਾਹ ਹੋਗੀਆਂ ਚੰਡੀਗੜ੍ਹ ਕਰਕੈ। ਪਰ ਯੌਹ ਚੰਡੀਗੜ੍ਹ ਇਬ ਤੱਕ ਨਾ ਪੁਆਧ ਕੀ ਬਣੀ ਨਾ ਪੰਜਾਬ ਕੀ। ਉਜੜੇ ਬੇ ਗਰੌਆਂ ਕੇ ਨੌਂ ਪਰ ਚੌਕਾਂ ਕੇ ਨੌਂ ਰੱਖ ਲੰਦੇ। ਕੋਈ ਮ੍ਹਾਰੀ ਯਾਦ ਬਚੀ ਰੈਂਹਦੀ। ਪੁਆਧ ਕੇ ਨੌਂ ਪਰ ਚੰਡੀਗੜ੍ਹ ਮਾ ਕੋਈ ਭਵਨ ਬਣ ਜਾਂਦਾ ਜਿੱਥੈ ਕੱਠੇ ਹੋ ਕੈ ਪੁਆਧੀ ਲੋਕ ਆਪਣੇ ਸਾਂਝੇ ਮਸਲੇ ਬਚਾਰਲੇ ਕਰਦੇ।

ਪੁਆਧ ਕੀ ਧਰਤੀ ਪਰ ਟਰਾਈ–ਸਿਟੀ ਬਣਨ ਕਰਕੈ ਮੀਲਾਂ ਤੱਕ ਬਸਦੀ ਪੇਂਡੂ, ਸੈਹਰੀ ਅਰ ਕਸਬਿਆਂ ਕੀ ਲੋਕਾਈ ਨੈਂ ਓਪਰੇ ਜੇ ਮਨ ਗੈਲ ਸੈਹਰੀ ਬੁਰਕਾ ਪਾ ਲਿਆ। ਸਹਿਜ ਭਾਵ ਗੈਲ ਜਿਉੰ ਰਹੇ ਪੁਆਧੀ ਲੋਕਾਂ ਕੀ ਜਿੰਦਗੀ ਮਾ ਇੱਕ ਹਫੜਾ ਦਫੜੀ ਜੀ ਮਚਗੀ। ਪੈਹਲਾਂ ਈ ਪੈਰਾਂ ਤੇ ਹਿੱਲੀ ਕਿਸਾਨੀ ਆਪਣੇ ਖੇਤਾਂ ਮਾ ਦਿਓ ਕੱਦ ਬਿਲਡਿੰਗਾਂ ਖੜ੍ਹੀਆਂ ਹੁੰਦੀਆਂ ਦੇਖ ਕੈ ਹੋਰ ਬੀ ਭੈ–ਭੀਤ ਹੋਗੀ। ਨਮੀਂ ਬਸੋਂ ਕੇ ਗਲੋਬਲੀ ਸਭਿਆਚਾਰ ਕਾ ਪੁਆਧ ਕੇ ਅਸਲ ਸਭਿਆਚਾਰ ਗੈਲ ਤਾਲਮੇਲ ਨਹੀਂ ਬੈਠ ਰਿਹਾ। ਖੇਤਾਂ ਨੂੰ ਨੋਟਾਂ ਕੇ ਢੇਰਾਂ ਮਾ ਬਦਲਦਾ ਦੇਖ ਕੈ ਨਮੀਂ ਪੀੜ੍ਹੀ ਇਸ ਰੰਗ–ਬਰੰਗੇ ਮੇਲੇ ਨੂੰ ਅੱਜ ਕਾ ਅੱਜ ਏ ਮਾਣਨਾ ਚਾਹਾ। ਪਰ ਉਨ੍ਹਾਂ ਕੇ ਬਜੁਰਗ ਆਪਣੇ ਨਿਆਂਣਿਆਂ ਕੇ ਭਵਿੱਖ ਬਾਰੈ ਫ਼ਿਕਰਮੰਦ ਐਂ। ਮੁੱਕਦੀ ਬਾਤ ਇਸ ਪੁਆਧੀ ਬੋਲੀ, ਜੀਵਨ–ਜੁਗਤ ਅਰ ਮ੍ਹਾਰੀਆਂ ਕਦਰਾਂ–ਕੀਮਤਾਂ ਨੂੰ ਇੱਕ ਚਣੌਤੀ ਕਾ ਸਾਹਮਣਾ ਕਰਨਾ ਪੈ ਰਿਹਾ ਐ।

ਪੁਆਧੀ ਭਾਸ਼ਾ ਬੜੀ ਮਹੱਤਵਪੂਰਨ ਭਾਸ਼ਾ ਐ। ਪਰ ਪੰਜਾਬੀ ਕੀ ਇਸ ਉੱਪ–ਬੋਲੀ ਨੂੰ ਪੰਜਾਬੀ ਸਾਹਿਤ ਕੇ ਦੈਅਰੇ ਤੇ ਇਬ ਤੱਕ ਬਾਹਰ ਏ ਰੱਖਿਆ ਗਿਆ। ਮਲਵਈ ਅਰ ਟਕਸਾਲੀ ਨੈ ਸਾਹਿਤ ਮਾ ਖਾਸਾ ਥੌੜ ਮੱਲਿਆ ਬਾ। ਪੁਆਧੀ ਭਾਸ਼ਾ ਗੁਰਬਾਣੀ ਮਾ ਲਗਧਭਗ ਪੈਂਤੀ ਪਰਸੈਂਟ ਐ। ਪੁਆਧ ਕੀ ਧਰਤੀ ਪਰ ਖਾਲਸੇ ਕੀ ਜਨਮ–ਭੂਮੀ ਅਨੰਦਪੁਰ ਸਾਹਿਬ ਤੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਪੁਆਧੀ ਭਾਸ਼ਾ ਕੀ ਖਾਲਸਾਈ ਫਤਹਿ ਐ। ਸਰਕਾਰ ਨੂੰ ਚਾਹੀਦਾ ਕਿ ਪੁਆਧੀ ਭਾਸ਼ਾ ਕੇ ਪ੍ਰਚਾਰ ਅਰ ਪ੍ਰਸਾਰ ਬਾਸਤੇ ਖ਼ਾਸ ਕਰਕੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਰ ਪੰਜਾਬ ਯੂਨੀਵਰਸਿਟੀ ਮਾ ਲੈਹਦਾ ਪੁਆਧੀ ਡਿਪਾਰਟਮੈਂਟ ਤਿਆਰ ਕਰਨਾ ਚਾਹੀਦਾ। ਪੁਆਧਾ ਲੇਖਕ ਨਵਤੇਜ ਪੁਆਧੀ, ਨਰੰਗ ਸਿੰਘ, ਸੋਹਣ ਸਿੰਘ ਹੰਸ, ਚਰਨ ਪੁਆਧੀ, ਭੁਪਿੰਦਰ ਮਟੌਰੀਆ, ਮਨਜੀਤ ਰਾਜਪੁਰਾ ਦੀਆਂ ਲਿਖਤਾਂ ਮ੍ਹਾਰੇ ਪਾ ਉਪਲਬਧ ਐਂ।

ਭਗਤ ਆਸਾਰਾਮ ਬੈਦਵਾਣ ਨੈਂ ਚਾਲ਼ੀ ਸਾਲ ਪੁਆਧੀ ਭਾਸ਼ਾ ਮਾ ਰਾਗ ਗਾਇਆ। ਪੁਆਧੀ ਭਾਸ਼ਾ ਕਾ ਪੈਹਲਾ ਖੋਜਕਾਰ ਡਾ. ਬਲਬੀਰ ਸੈੰ ਸੰਧੂ ਹੋਇਆ । ਇਹਨਾਂ ਸਤਰਾਂ ਕੇ ਲੇਖਕ ਨੂੰ ਭਗਤ ਕੇ ਛੇ ਕਿੱਸਿਆਂ ਪਰ ਕੰਮ ਕਰਨੇ ਕਾ ਸੁਭਾਗ ਪ੍ਰਾਪਤ ਹੋਇਆ। ਮੇਰੀ ਯੌਹ ਕਤਾਬ ‘ਭਗਤ ਆਸਾ ਰਾਮ ਜੀਵਨ ਤੇ ਰਚਨਾ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੈਂ ਲਖਵਾਈ ਅਰ ਛਾਪੀ। ਇਸ ਤੇ ਬਿਨਾਂ 2008 ਮਾ ਨਿਰੋਲ ਪੁਆਧੀ ਭਾਸ਼ਾ ਕੀ ਮੇਰੀ ਕਤਾਬ ‘ਰੰਗ ਪੁਆਧ ਕੇ’ ਛਪੀ। ਇਬ ਤੱਕ ਤਿੰਨ ਬਾਰ ਛਪ ਕੈ ਮੁੱਕਗੀ। ਇਸ ਕਤਾਬ ਪਰ ਤਿੰਨ ਯੂਨੀਵਰਸਿਟੀਆਂ ਨੈੰ ਤਿੰਨ ਐੰਮ. ਫਿਲਾਂ ਅਰ ਇੱਕ ਪੀ–ਐੱਚ.ਡੀ ਕਰਵਾਈ ਐ।

ਪੰਜਾਬ ਕੇ ਨਮੇਂ ਬਣੇ ਪੈਹਲੇ ਪੁਆਧੀ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਬਧਾਈਆਂ ਕੇ ਗੈਲ–ਗੈਲ ਯੌਹ ਦੁਆਦਾ ਬੀ ਐ ਬੀ ਭਾਈ ਪੁਆਧੀ ’ਲਾਕੇ ਕੀ ਸੰਭਾਲ਼ ਕਰੋ। ਜਮੀਨਾਂ ਮਾ ਡੂੰਘੇ ਬੋਰ ਕਰਾਓ, ਗਰੌਂਆਂ ਕੀ ਹਾਲਤ ਸਧਾਰੋ। ਟਰਾਈ ਸਿਟੀ ਕਰਕੈ ਜ਼ਮੀਨਾਂ ਮੈਂਹਗੀਆਂ ਹੋਗੀਆਂ, ਪਰ ਬਿਕਗੀਆਂ, ਪੈਸਿਆਂ ਨੂੰ ਨਿਆਣਿਆਂ ਨੈਂ ਬਾਢਾ ਧਰ ਲਿਆ, ਕੰਮ ਛੱਡਗੇ। ਉਹਨਾਂ ਨੂੰ ਰੁਜ਼ਗਾਰ ਦੇਣੇ ਬਾਸਤੈ, ਕਾਰਖਾਨੇ ਲਾਓ। ਪੁਆਧ ਮਾ ਪੈ ਰਹੇ ਧਾਰਮਕ ਸਥਾਨਾਂ ਕਰਕੈ ਇਸ ’ਲਾਕੇ ਨੂੰ ਕੋਈ ਵਿਸ਼ੇਸ਼ ਦਰਜਾ ਦਿਓ। ਫ਼ਤਹਿਗੜ੍ਹ ਸਾਹਿਬ, ਚਮਕੌਰ ਸਾਹਿਬ, ਲਖਨੌਰ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਅਰ ਪੰਜੋਖਰਾ ਸਾਹਿਬ ਸਾਰੇ ਪੁਆਧ ਮਾ ਈ ਸਥਾਪਤ ਐਂ।

ਡਾ. ਗੁਰਮੀਤ ਸਿੰਘ ਬੈਦਵਾਣ
ਮੋਬਾ. 98550 16660

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next article75 ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ