ਪੀੜਾਂ ਹਿੰਮਤ ਨਾਲ

(ਸਮਾਜ ਵੀਕਲੀ)

ਪੀੜਾਂ ਹਿੰਮਤ ਨਾਲ ਜੋ ਨੇ ਜਰਦੀਆਂ ,
ਮੌਤ ਤੋਂ ਉਹ ਜ਼ਿੰਦਾਂ ਕਦ ਨੇ ਡਰਦੀਆਂ ।

ਮਿਹਨਤੀ ਤੇ ਸਾਹਸੀ ਆਦਮੀਆਂ ਦਾ ,
ਦੋਸਤੋ, ਜਿੱਤਾਂ ਨੇ ਪਾਣੀ ਭਰਦੀਆਂ ।

ਜ਼ਾਲਮਾਂ ਦੇ ਅੱਗੇ ਜੋ ਨਾ ਝੁਕਦੀਆਂ,
ਯਾਰੋ, ਉਹ ਕੌਮਾਂ ਕਦੇ ਨ੍ਹੀ ਮਰਦੀਆਂ ।

ਹਾਲੇ ਵੀ ਮਾਂ-ਬਾਪ ਲੋਚਣ ਪੁੱਤਾਂ ਨੂੰ,
ਤਾਂ ਹੀ ਕੁੱਖਾਂ ਵਿਚ ਧੀਆਂ ਨੇ ਮਰਦੀਆਂ ।

ਜੇ ਤੁਸੀਂ ਟਹਿਣੀ ਤੋਂ ਫੁਲ ਨਾ ਤੋੜਦੇ,
ਤਾਂ ਇਨ੍ਹਾਂ ਵਿੱਚੋਂ ਨਾ ਮਹਿਕਾਂ ਮਰਦੀਆਂ।

ਕੱਟੀ ਜਾਵੇ ਬੰਦਾ ਉਹ ਹੀ ਟਹਿਣੀਆਂ,
ਛਾਵਾਂ ਧੁਪ ਵਿਚ ਉਸ ਨੂੰ ਜੋ ਨੇ ਕਰਦੀਆਂ।

ਮਾਨ ਮਹਿੰਗੇ ਨਸ਼ਿਆਂ ਨੂੰ ਜੋ ਲਗ ਗਏ,
ਉਹ ਗੁਆ ਬੈਠੇ ਜ਼ਮੀਨਾਂ ਘਰਦੀਆਂ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਚਾਹੇ ਉਸ ਨੇ ਸਾਡੇ ਨਾ’
Next articleਜਿਸ ਨੂੰ ਕਹਿ ਬੈਠਾ ਹਾਂ