ਮੌਜੂਦਾ ਵਿਸ਼ਵ ਚੈਂਪੀਅਨ ਅਤੇ ਸੀਨੀਅਰ ਭਾਰਤੀ ਸ਼ਟਲਰ ਪੀਵੀ ਸਿੰਧੂ ਫਰੈਂਚ ਓਪਨ ਬੈਡਮਿੰਟਨ ਦੇ ਤਿੰਨ ਸੈੱਟ ਤੱਕ ਚੱਲੇ ਕੁਆਰਟਰ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਚੀਨੀ ਤਾਇਪੈ ਦੀ ਤਾਇ ਜ਼ੂ ਯਿੰਗ ਤੋਂ ਹਾਰ ਕੇ ਸਾਢੇ ਸੱਤ ਲੱਖ ਡਾਲਰ ਇਨਾਮੀ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ’ਚੋਂ ਬਾਹਰ ਹੋ ਗਈ। ਪੰਜਵਾਂ ਦਰਜਾ ਪ੍ਰਾਪਤ ਭਾਰਤੀ ਨੂੰ ਦੁਨੀਆਂ ਦੀ ਅੱਵਲ ਨੰਬਰ ਖਿਡਾਰਨ ਤੋਂ ਇੱਕ ਘੰਟਾ 15 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 16-21, 26-24, 17-21 ਨਾਲ ਹਾਰ ਝੱਲਣੀ ਪਈ।
ਇਹ ਦਸਵੀਂ ਵਾਰ ਹੈ, ਜਦੋਂ ਸਿੰਧੂ ਨੂੰ ਚੀਨੀ ਤਾਇਪੈ ਦੀ ਸ਼ਟਲਰ ਜ਼ੂ ਯਿੰਗ ਤੋਂ ਹਾਰ ਮਿਲੀ ਹੈ। ਇਸ ਨਾਲ ਚੀਨੀ ਤਾਇਪੈ ਦੀ ਖਿਡਾਰਨ ਦਾ ਸੀਨੀਅਰ ਭਾਰਤੀ ਸ਼ਟਲਰ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 10-5 ਹੋ ਗਿਆ ਹੈ।
ਸਿੰਧੂ ਨੇ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਯਿੰਗ ਨੂੰ ਆਖ਼ਰੀ ਵਾਰ ਅਗਸਤ ਮਹੀਨੇ ਹਰਾਇਆ ਸੀ, ਜਦੋਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਹਾਸਲ ਕੀਤਾ ਸੀ। 24 ਸਾਲ ਦੀ ਭਾਰਤੀ ਸ਼ਟਲਰ ਨੇ 2016 ਓਲੰਪਿਕ ਦੌਰਾਨ ਵੀ ਜ਼ੂ ਯਿੰਗ ਨੂੰ ਸ਼ਿਕਸਤ ਦਿੱਤੀ ਸੀ ਅਤੇ ਫਿਰ ਬੀਤੇ ਸਾਲ ਵਿਸ਼ਵ ਟੂਰ ਫਾਈਨਲਜ਼ ਵਿੱਚ ਮਹਿਲਾਵਾਂ ਦੀ ਅੱਵਲ ਨੰਬਰ ਖਿਡਾਰਨ ਨੂੰ ਸ਼ਿਕਸਤ ਦਿੱਤੀ ਸੀ। ਦੁਨੀਆਂ ਦੀ ਛੇਵੇਂ ਨੰਬਰ ਦੀ ਖਿਡਾਰਨ ਸਿੰਧੂ ਦੀ ਬਾਸੇਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬੀ ਜਿੱਤ ਮਗਰੋਂ ਇਹ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚ ਲਗਾਤਾਰ ਚੌਥੀ ਹਾਰ ਹੈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਬੀਤੇ ਮਹੀਨੇ ਕੋਰੀਆ ਓਪਨ ਦੇ ਪਹਿਲੇ ਗੇੜ ਵਿੱਚੋਂ ਹੀ ਬਾਹਰ ਹੋ ਗਈ ਸੀ। ਇਸ ਮਗਰੋਂ ਉਹ ਚਾਈਨਾ ਓਪਨ ਅਤੇ ਡੈੱਨਮਾਰਕ ਓਪਨ ਦੇ ਦੂਜੇ ਗੇੜ ਤੋਂ ਅੱਗੇ ਨਹੀਂ ਵਧ ਸਕੀ।
ਸਾਇਨਾ ਨੇਹਵਾਲ ਵੀ ਸ਼ੁੱਕਰਵਾਰ ਨੂੰ ਬਾਹਰ ਹੋ ਗਈ ਸੀ। 29 ਸਾਲਾ ਭਾਰਤੀ ਸ਼ਟਲਰ ਸਾਇਨਾ ਜਨਵਰੀ ਵਿੱਚ ਇੰਡੋਨੇਸ਼ੀਆ ਓਪਨ ਜਿੱਤਣ ਮਗਰੋਂ ਲੈਅ ਅਤੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ। ਉਹ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ 16ਵੇਂ ਨੰਬਰ ਦੀ ਕੋਰਿਆਈ ਖਿਡਾਰਨ ਤੋਂ 20-22, 21-23 ਨਾਲ ਹਾਰ ਗਈ ਸੀ। ਉਹ ਅਪਰੈਲ ਵਿੱਚ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਜਿੱਤਣ ਮਗਰੋਂ ਪਹਿਲੀ ਵਾਰ ਆਖ਼ਰੀ ਅੱਠ ’ਚ ਪਹੁੰਚੀ ਸੀ। ਪੀਵੀ ਸਿੰਧੂ ਵਾਂਗ ਸਾਇਨਾ ਵੀ ਚਾਈਨਾ, ਕੋਰੀਆ ਅਤੇ ਡੈੱਨਮਾਰਕ ਓਪਨ ਦੇ ਪਹਿਲੇ ਗੇੜ ਤੋਂ ਅੱਗੇ ਨਹੀਂ ਵਧ ਸਕੀ ਸੀ।
ਭਾਰਤੀ ਪੁਰਸ਼ ਸਿੰਗਲਜ਼ ਵਿੱਚ ਪਹਿਲਾਂ ਹੀ ਚੁਣੌਤੀ ਖ਼ਤਮ ਹੋ ਗਈ ਹੈ। ਉਸ ਨੂੰ ਹੁਣ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਤੋਂ ਉਮੀਦਾਂ ਹਨ, ਜਿਸ ਨੇ ਸੈਮੀ-ਫਾਈਨਲ ਵਿੱਚ ਪਹੁੰਚ ਕੇ ਚੁਣੌਤੀ ਬਰਕਰਾਰ ਰੱਖੀ ਹੈ। ਭਾਰਤ ਦੀ ਇਸ 11ਵੇਂ ਨੰਬਰ ਦੀ ਜੋੜੀ ਦਾ ਸਾਹਮਣਾ ਜਾਪਾਨ ਦੀ ਹਿਰੋਯੁਕੀ ਐਂਡੋ ਅਤੇ ਯੁਤਾ ਵਾਟੰਬੇ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ।
Sports ਪੀਵੀ ਸਿੰਧੂ ਫਰੈਂਚ ਓਪਨ ’ਚੋਂ ਬਾਹਰ