ਪੀਵੀ ਸਿੰਧੂ ਨੂੰ ਸਿੰਗਾਪੁਰ ਓਪਨ ਬੈਡਮਿੰਟਨ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ

ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨਮੋਸ਼ੀਜਨਕ ਪ੍ਰਦਰਸ਼ਨ ਨੂੰ ਭੁੱਲ ਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਤਿੰਨ ਲੱਖ 55 ਹਜ਼ਾਰ ਡਾਲਰ ਇਨਾਮੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਲੈਅ ਵਿੱਚ ਪਰਤਣ ਦੀ ਕੋਸ਼ਿਸ਼ ਕਰੇਗੀ। ਪੀਵੀ ਸਿੰਧੂ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਵਿੱਚ ਹਾਰ ਗਈ ਸੀ, ਜਦਕਿ ਮਲੇਸ਼ੀਆ ਓਪਨ ਵਿੱਚ ਉਹ ਦੂਜੇ ਗੇੜ ਤੋਂ ਅੱਗੇ ਨਹੀਂ ਵਧ ਸਕੀ।
ਇਨ੍ਹਾਂ ਦੋਵਾਂ ਟੂਰਨਾਮੈਂਟ ਵਿੱਚ ਉਸ ਨੂੰ ਕੋਰੀਆ ਦੀ ਸੁੰਗ ਜ਼ੀ ਹਿਯੂਨ ਨੇ ਹਰਾਇਆ ਸੀ। ਉਹ ਇੰਡੀਆ ਓਪਨ ਦੇ ਸੈਮੀ ਫਾਈਨਲ ਵਿੱਚ ਪਹੁੰਚੀ, ਪਰ ਚੀਨ ਦੀ ਹੀ ਬਿਗਜਿਆਓ ਤੋਂ ਹਾਰ ਗਈ ਸੀ। ਸਿੰਗਾਪੁਰ ਵਿੱਚ ਪੀਵੀ ਸਿੰਧੂ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਉਸ ਦਾ ਪਹਿਲਾ ਮੁਕਾਬਲਾ ਇੰਡੋਨੇਸ਼ੀਆ ਦੀ ਲਿਆਨੀ ਅਲੈਜ਼ੈਂਡਰਾ ਮੈਨਾਕੀ ਨਾਲ ਹੋਵੇਗਾ। ਇਸ ਸੈਸ਼ਨ ਵਿੱਚ ਖ਼ਿਤਾਬ ਜਿੱਤਣ ਵਾਲੀ ਇੱਕੋ-ਇੱਕ ਭਾਰਤੀ ਸਾਇਨਾ ਨੇਹਵਾਲ ਨੂੰ ਪਹਿਲੇ ਗੇੜ ਵਿੱਚ ਡੈੱਨਮਾਰਕ ਦੀ ਉਭਰਦੀ ਖਿਡਾਰਨ ਲਾਈਨ ਹੌਯਮਾਰਕ ਕਿਆਰਸਫੀਲਡ ਖ਼ਿਲਾਫ਼ ਚੌਕਸ ਰਹਿਣਾ ਹੋਵੇਗਾ। ਪੁਰਸ਼ ਵਰਗ ਵਿੱਚ ਵੀ ਭਾਰਤ ਦੀਆਂ ਨਜ਼ਰਾਂ ਕਿਦੰਬੀ ਸ੍ਰੀਕਾਂਤ ’ਤੇ ਹੋਣਗੀਆਂ। ਇਸ ਬੀਡਬਲਯੂਐਫ ਵਿਸ਼ਵ ਟੂਰ 500 ਟੂਰਨਾਮੈਂਟ ਵਿੱਚ ਉਹ ਕੁਆਲੀਫਾਇਰ ਦੇ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਹੋਰ ਖਿਡਾਰੀਆਂ ਵਿੱਚ ਐਚਐਸ ਪ੍ਰਣਯ ਦਾ ਸਾਹਮਣਾ ਫਰਾਂਸ ਦੇ ਬ੍ਰਾਈਸ ਲੇਵਰਡੇਜ਼ ਨਾਲ, ਜਦਕਿ ਸਵਿੱਸ ਓਪਨ ਦੇ ਫਾਈਨਲਿਸਟ ਬੀ ਸਾਈ ਪ੍ਰਣੀਤ ਦਾ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਤੇ ਸੀਨੀਅਰ ਦਰਜਾ ਪ੍ਰਾਪਤ ਕੈਂਤੋ ਮੋਮੋਤਾ ਨਾਲ ਹੋਵੇਗਾ। ਸਮੀਰ ਵਰਮਾ ਪਹਿਲੇ ਗੇੜ ਵਿੱਚ ਕੁਆਲੀਫਾੲਰ ਨਾਲ ਭਿੜੇਗਾ। ਪ੍ਰਣਵ ਜੇਰੀ ਚੋਪੜਾ ਅਤੇ ਐਨ ਸਿੱਕੀ ਰੈਡੀ ਦੀ ਮਿਕਸਡ ਜੋੜੀ, ਅਸ਼ਵਿਨੀ ਪੋਨੱਪਾ ਅਤੇ ਸਿੱਕੀ ਦੀ ਮਹਿਲਾ ਜੋੜੀ ਅਤੇ ਮਨੂ ਅੱਤਰੀ ਅਤੇ ਬੀ ਸੁਮੀਤ ਰੈਡੀ ਦੀ ਪੁਰਸ਼ ਜੋੜੀ ਡਬਲਜ਼ ਵਿੱਚ ਭਾਰਤੀ ਚੁਣੌਤੀ ਪੇਸ਼ ਕਰਨਗੇ

Previous articleਚੇਨੱਈ ਤੇ ਕੋਲਕਾਤਾ ’ਚ ਟੱਕਰ ਅੱਜ
Next articleCBI to oppose Lalu’s bail in fodder scam case