ਮੁਹਾਲੀ ਪੁਲੀਸ ਨੇ ਪੀਰਮੁਛੱਲਾ ਡਕੈਤੀ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਕੇਸ ਦਾ ਮੁੱਖ ਮੁਲਜ਼ਮ ਜਗਮੀਤ ਸਿੰਘ ਉਰਫ਼ ਬੱਬੂ ਕੰਗ ਵੀ ਸ਼ਾਮਲ ਹੈ। ਮੁਲਜ਼ਮਾਂ ਨੇ ਬੀਤੀ 2 ਮਈ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 26 ਲੱਖ ਦੀ ਨਗਦੀ, ਇਕ ਸਵਿਫ਼ਟ ਕਾਰ, ਦੋ ਮੋਬਾਈਲ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਜਗਮੀਤ ਸਿੰਘ ਉਰਫ਼ ਬੱਬੂ ਕੰਗ ਵਾਸੀ ਕੱਖਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਦੇ ਚਚੇਰੇ ਭਰਾ ਹਰਮਨ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਜਬਰ-ਜਨਾਹ, ਲੁੱਟ-ਖੋਹ ਅਤੇ ਨਸ਼ਾ ਤਸਕਰੀ ਦੇ ਅੱਠ ਕੇਸ ਦਰਜ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ 2 ਮਈ ਨੂੰ ਪਿੰਡ ਪੀਰਮੁਛੱਲਾ ਵਿੱਚ ਵਿਕਟੋਰੀਆ ਹਾਈਟਸ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਫਲੈਟ ਨੰਬਰ-103 ਵਿੱਚ ਸ਼ਾਮ ਕਰੀਬ ਪੌਣੇ 5 ਵਜੇ ਜਦੋਂ ਮਕਾਨ ਮਾਲਕਣ ਬੱਚਿਆਂ ਨੂੰ ਪੜ੍ਹਾ ਰਹੀ ਸੀ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਪਿਸਤੌਲ ਤਾਣ ਲਈ ਅਤੇ ਔਰਤ ਸਮੇਤ ਬੱਚਿਆਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਅਤੇ ਨਕਦੀ, ਸੋਨਾ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਜੀਨੂੰ ਵਰਮਾ ਪਤਨੀ ਰਾਕੇਸ਼ ਵਰਮਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਢਕੌਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿਚ ਮੁਹਾਲੀ ਦੇ ਐੱਸਪੀ (ਡੀ) ਵਰੁਣ ਸ਼ਰਮਾ ਦੀ ਅਗਵਾਈ ਹੇਠ ਡੀਐੱਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ, ਸਪੈਸ਼ਲ ਸੈੱਲ ਦੇ ਡੀਐੱਸਪੀ ਤਰਲੋਚਨ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ, ਸੀਆਈਏ ਮੁਬਾਰਿਕਪੁਰ ਦੇ ਇੰਚਾਰਜ ਰਾਮ ਦਰਸ਼ਨ ’ਤੇ ਆਧਾਰਿਤ ਟੀਮ ਦਾ ਗਠਨ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਕਾਰਵਾਈ ਕੀਤੀ ਗਈ। ਦੱਸਣਯੋਗ ਹੈ ਕਿ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਮੁਲਜ਼ਮ ਹਰਮਨ ਸਿੰਘ ਵਾਸੀ ਕੱਖਾਂਵਾਲੀ ਨੂੰ 2 ਜੁਲਾਈ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਦੇ ਚਚੇਰੇ ਭਰਾ ਜਗਮੀਤ ਸਿੰਘ ਉਰਫ਼ ਬੱਬੂ ਕੰਗ ਨੇ ਸਾਜ਼ਿਸ਼ ਰਚੀ ਸੀ ਜਿਸ ਦੀ ਪੀੜਤ ਔਰਤ ਦੇ ਪਤੀ ਰਾਕੇਸ਼ ਵਰਮਾ ਨਾਲ ਕਿਸੇ ਦੋਸਤ ਰਾਹੀਂ ਜਾਣ-ਪਛਾਣ ਸੀ। ਬੱਬੂ ਕੰਗ ਨੂੰ ਪਤਾ ਸੀ ਕਿ ਪੀੜਤ ਦੇ ਘਰ ਨਗਦੀ ਅਤੇ ਸੋਨਾ ਪਿਆ ਹੁੰਦਾ ਹੈ। ਉਸ ਨੇ ਆਪਣੇ ਚਾਚੇ ਦੇ ਲੜਕੇ ਹਰਮਨ ਸਿੰਘ, ਸੁਖਦੇਵ ਸਿੰਘ ਉਰਫ਼ ਤੇਜੀ ਅਤੇ ਗੁਰਸੇਵਕ ਸਿੰਘ ਉਰਫ਼ ਸੇਵਾ ਵਾਸੀ ਪਿੰਡ ਚੰਨੂੰ, ਸੁਖਪ੍ਰੀਤ ਸਿੰਘ ਉਰਫ਼ ਸੁੱਖੂ ਵਾਸੀ ਪਿੰਡ ਫਤਿਹਪੁਰ ਮਨ੍ਹੀਆਂ, ਵਿਸ਼ੂ ਸ਼ਰਮਾ ਵਾਸੀ ਰਾਮਾ ਮੰਡੀ ਨਾਲ ਮਿਲ ਕੇ ਡਕੈਤੀ ਨੂੰ ਅੰਜਾਮ ਦਿੱਤਾ। ਡਕੈਤੀ ਲਈ ਵਰਤੀ ਗਈ ਕਾਰ ’ਤੇ ਜਾਅਲੀ ਨੰਬਰ ਲਗਾਇਆ ਗਿਆ ਸੀ। ਇਹ ਨੰਬਰ ਕੈਂਟਰ ਦਾ ਨਿਕਲਿਆ ਹੈ ਜੋ 25 ਮਈ 2017 ਨੂੰ ਐਨਡੀਪੀਐਸ ਐਕਟ ਤਹਿਤ ਜ਼ਿਲ੍ਹਾ ਬਠਿੰਡਾ ਪੁਲੀਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਸੀ ਅਤੇ ਇਸ ਸਮੇਂ ਥਾਣਾ ਸੰਗਤ ਵਿੱਚ ਖੜ੍ਹਾ ਹੈ।
INDIA ਪੀਰਮੁਛੱਲਾ ਡਕੈਤੀ: ਮੁੱਖ ਮੁਲਜ਼ਮ ਸਣੇ ਚਾਰ ਗ੍ਰਿਫ਼ਤਾਰ