ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਡੀਨ (ਵਿਦਿਆਰਥੀ ਭਲਾਈ) ਪ੍ਰੋ. ਇਮੈਨੁਅਲ ਨਾਹਰ ਨੇ ਅੱਜ ਮੁੜ ਆਪਣਾ ਕੰਮਕਾਜ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਹੀ ਜਿੱਤ ਨਹੀਂ ਹੈ ਬਲਕਿ ਸਿੰਡੀਕੇਟ ਦੀ ਸਰਵਉੱਚਤਾ ਦੀ ਵੀ ਜਿੱਤ ਹੈ। ਉਨ੍ਹਾਂ ਨੇ 14 ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਮੁੱਦੇ ਉੱਤੇ ਵਿੱਢੇ ਸੰਘਰਸ਼ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਵਿਦਿਆਰਥੀ ਜਥੇਬੰਦੀਆਂ ਨੇ ਲੋਕਤੰਤਰ ਦੀ ਲੜਾਈ ਲੜੀ ਹੈ ਅਤੇ ਲੋਕਤੰਤਰ ਦਾ ਹੀ ਸਾਥ ਦਿੱਤਾ ਹੈ। ਉਨ੍ਹਾਂ ਨੇ ਖ਼ੁਦ ਉੱਤੇ ਲੱਗ ਰਹੇ ਪਾਰਟੀਬਾਜ਼ੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਐਨਐੱਸਯੂਆਈ ਕਦੇ ਹਾਰ ਨਹੀਂ ਸਕਦੀ ਸੀ। ਪ੍ਰੋ. ਨਾਹਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਹੀ ਪੜ੍ਹਾਈ ਕੀਤੀ ਹੈ, ਇਥੇ ਹੀ ਅਧਿਆਪਕ ਹਨ ਅਤੇ ਇਸ ਯੂਨੀਵਰਸਿਟੀ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਵਿਦਿਆਰਥੀ ਜਥੇਬੰਦੀ ਨਾਲ ਕੋਈ ਵਿਰੋਧ ਨਹੀਂ ਹੈ ਸਗੋਂ ਸਾਰੇ ਵਿਦਿਆਰਥੀ ਇੱਕ ਬਰਾਬਰ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਅਦਾਲਤ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਏਜੰਡਾ ਆਈਟਮ ਨੰਬਰ 7 ਤਹਿਤ 27 ਨਵੰਬਰ 2016 ਦੀ ਸਿੰਡੀਕੇਟ ਦੀਆਂ ਸਿਫਾਰਿਸ਼ਾਂ ਉਤੇ ਵਿਚਾਰ ਕਰਨ ਲਈ ਸੱਤ ਦਿਨਾਂ ਦੇ ਅੰਦਰ ਅੰਦਰ ਸੈਨੇਟ ਮੀਟਿੰਗ ਬੁਲਾਈ ਜਾਵੇ ਅਤੇ ਮਾਮਲੇ ਨੂੰ ਸੈਨੇਟ ਦੀ ਮੀਟਿੰਗ ਵਿਚ ਹੀ ਰੱਖਿਆ ਜਾਵੇ। ਜੇਕਰ ਜ਼ਰੂਰਤ ਪਵੇ ਤਾਂ ਵੋਟਿੰਗ ਵੀ ਕਰਵਾਈ ਜਾਵੇ। ਅਦਾਲਤ ਨੇ 22 ਅਗਸਤ ਦੀ ਸੈਨੇਟ ਮੀਟਿੰਗ ਤੋਂ ਪਹਿਲਾਂ ਦੀ ਸਥਿਤੀ ਜਿਉਂ ਦੀ ਤਿਉਂ ਬਹਾਲ ਕਰਨ ਲਈ ਵੀ ਕਿਹਾ ਹੈ। ਸੈਨੇਟ ਏਜੰਡਾ ਦੀ ਆਈਟਮ ਨੰਬਰ 7 ’ਤੇ ਉਪ-ਕੁਲਪਤੀ ਨੇ ਅਦਾਲਤ ਨੂੰ ਦੱਸਿਆ ਕਿ ਡੀਨ (ਵਿਦਿਆਰਥੀ ਭਲਾਈ) ਨੂੰ ਐਕਸਟੈਂਸ਼ਨ ਨਾ ਦਿੱਤੇ ਜਾਣ ਸਬੰਧੀ ਫ਼ੈਸਲਾ ਹੋ ਚੁੱਕਾ ਹੈ ਅਤੇ ਨਵਾਂ ਡੀਨ (ਵਿਦਿਆਰਥੀ ਭਲਾਈ) ਜਗਤ ਭੂਸ਼ਨ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਅਦਾਲਤ ਵਿਚ ਸੈਨੇਟ ਮੀਟਿੰਗ ਦੀ ਪ੍ਰੋਸੀਡਿੰਗ ਅਤੇ ਮੀਟਿੰਗ ਦੀ ਸੀਡੀ ਵੀ ਪੇਸ਼ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਮੀਟਿੰਗ ਦੀ ਪ੍ਰੋਸੀਡਿੰਗ ਅਤੇ ਸੀਡੀ ਦੋਵੇਂ ਆਪਸ ਵਿਚ ਮੇਲ ਨਹੀਂ ਖਾ ਰਹੀਆਂ ਸਨ। ਦੂਜੇ ਪਾਸੇ ਪਟੀਸ਼ਨਰ ਵੱਲੋਂ ਅਦਾਲਤ ਵਿਚ ਦਲੀਲ ਦਿੱਤੀ ਗਈ ਕਿ ਸੈਨੇਟ ਵਿਚ ਕੋਈ ਫ਼ੈਸਲਾ ਹੋਇਆ ਹੀ ਨਹੀਂ ਅਤੇ ਨਾ ਹੀ ਵੋਟਿੰਗ ਹੋਈ। ਜਦੋਂ ਸੈਨੇਟ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇੱਕ ਹੱਥ ਲਿਖਤ ਮਤੇ ਉਤੇ 48 ਮੈਂਬਰਾਂ ਨੇ ਦਸਤਖ਼ਤ ਕਰਵਾਏ ਜੋ ਕਿ ਸੀਡੀ ਵਿਚ ਸਪੱਸ਼ਟ ਦਿਖਾਈ ਦੇ ਰਹੇ ਸਨ।ਇਸੇ ਦੌਰਾਨ ਪੀਯੂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਕਮਜ਼ੋਰ ਪੈ ਗਈਆਂ ਅਤੇ ਅਦਾਲਤ ਨੇ ਡੀਨ (ਵਿਦਿਆਰਥੀ ਭਲਾਈ) ਨੂੰ ਹਟਾਉਣ ਸਬੰਧੀ ਸਟੇਟਸ-ਕੋ (22 ਅਗਸਤ ਤੋਂ ਪਹਿਲਾਂ) ਬਣਾਈ ਰੱਖਣ ਦੇ ਹੁਕਮ ਦਿੱਤੇ ਅਤੇ ਇੱਕ ਹਫ਼ਤੇ ਵਿਚ ਸੈਨੇਟ ਮੀਟਿੰਗ ਬੁਲਾਉਣ ਅਤੇ ਇਸ ਬਾਰੇ ਫ਼ੈਸਲਾ ਲੈਣ ਲਈ ਕਿਹਾ ਹੈ। ਅਦਾਲਤ ਦੇ ਫ਼ੈਸਲੇ ਮੁਤਾਬਕ ਅੱਜ ਫਿਰ ਪ੍ਰੋ. ਨਾਹਰ ਨੇ ਡੀਨ (ਵਿਦਿਆਰਥੀ ਭਲਾਈ) ਦਾ ਅਹੁਦਾ ਸੰਭਾਲ ਲਿਆ।
INDIA ਪੀਯੂ: ਪ੍ਰੋ. ਨਾਹਰ ਡੀਨ ਵਿਦਿਆਰਥੀ ਭਲਾਈ ਵਜੋਂ ਬਹਾਲ