ਪੀਯੂ ਦੇ ਫਾਇਨਾਂਸ ਬੋਰਡ ਵੱਲੋਂ ਨਵਾਂ ਬਜਟ ਪਾਸ

ਪੰਜਾਬ ਯੂਨੀਵਰਸਿਟੀ ਦੇ ਬੋਰਡ ਆਫ ਫਾਇਨਾਂਸ (ਬੀਓਐੱਫ) ਨੇ ਅੱਜ ਅਗਲੇ ਵਿੱਤੀ ਵਰ੍ਹੇ ਲਈ 577.32 ਕਰੋਡ਼ ਰੁਪਏ ਦੇ ਤਜਵੀਜ਼ਸ਼ੁਦਾ ਬਜਟ ਨੂੰ ਪ੍ਰਵਾਨਗੀ ਦੇ ਕੇ ਇਸ ਨੂੰ ਸਿੰਡੀਕੇਟ ਕੋਲ ਵਿਚਾਰ ਲਈ ਭੇਜ ਦਿੱਤਾ ਹੈ। ਬਜਟ ’ਚ ਖਾਸ ਗੱਲ ਇਹ ਹੈ ਕਿ ਇਸ ’ਚ ਪਿਛਲੇ 7 ਸਾਲਾਂ ਤੋਂ ਉਸਾਰੀ ਅਧੀਨ ਮਲਟੀਪਰਪਜ਼ ਆਡੀਟੋਰੀਅਮ ਲਈ 69 ਕਰੋਡ਼ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਜਦਕਿ ਇਸ ਪੂਰੇ ਪ੍ਰਾਜੈਕਟ ਲਈ 72.62 ਕਰੋਡ਼ ਖਰਚੇ ਜਾਣ ਦਾ ਅਨੁਮਾਨ ਹੈ। ਬਾਕੀ ਫਰਕ ਇਸ ਪ੍ਰਾਜੈਕਟ ਲਈ ਅਲਾਟ ਕੀਤੇ ਗਏ ਪੈਸਿਆਂ ਦੇ ਵਿਆਜ਼ ਤੋਂ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐੱਮਐੱਚਆਰਡੀ ਅਤੇ ਯੂਜੀਸੀ ਨੇ ਸੈਕਟਰ-14 ਦੇ ਕੈਂਪਸ ’ਚ 66 ਕੇਵੀਏ ਦਾ ਸਬ-ਸਟੇਸ਼ਨ ਸਥਾਪਤ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ।
ਅੱਜ ਹੋਈ ਵਿਚਾਰ ਚਰਚਾ ਦੌਰਾਨ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਟੀਚਿੰਗ ਸਟਾਫ ਲਈ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਫਿਲਹਾਲ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਮਗਰੋਂ ਫ਼ੈਸਲਾ ਲਿਆ ਗਿਆ ਟੀਚਿੰਗ ਲਈ ਤਨਖਾਹ ਦੀਆਂ ਸਿਫਾਰਸ਼ਾਂ ਅਨੁਸਾਰ ਨਵੇਂ ਪੇਅ-ਸਕੇਲ ਮਨਜ਼ੂਰ ਕਰਕੇ ਯੂਜੀਸੀ ਦੀ ਆਖਰੀ ਪ੍ਰਵਾਨਗੀ ਲਈ ਭੇਜ ਦਿੱਤਾ ਜਾਵੇ। ਬੋਰਡ ਨੇ ਆਪਣੀ ਮੀਟਿੰਗ ’ਚ ਆਮਦਨ ਵਧਾਉਣ ਤੇ ਖਰਚ ਘਟਾਉਣ ਦੇ ਸੁਝਾਵਾਂ ’ਤੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਯੂਸੋਲ ’ਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦੇਣ ਅਤੇ ਵਿਦੇਸ਼ੀ ਤੇ ਐੱਨਆਰਆਈ ਵਿਦਿਆਰਥੀਆਂ ਦੀ ਫੀਸ ਵਧਾਉਣ ਦਾ ਸੁਝਾਅ ਦਿੱਤਾ ਗਿਆ। ਬੋਰਡ ਨੇ ਠੇਕੇ ’ਤੇ ਕੰਮ ਕਰਦੇ ਸਾਰੇ ਮੁਲਾਜ਼ਮਾਂ ਦੇ ਮਿਹਨਤਾਨੇ ’ਚ 3 ਫੀਸਦ ਵਾਧਾ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਏਬੀਵੀਪੀ ਵੱਲੋਂ ਰੋਸ ਮੁਜ਼ਾਹਰੇ ਦਾ ਐਲਾਨ
ਏਬੀਵੀਪੀ ਦੇ ਪ੍ਰਧਾਲ ਕੁਲਦੀਪ ਪੰਘਾਲ ਨੇ ਬੋਰਡ ਆਫ ਫਾਈਨਾਂਸ ਦੀਆਂ ਤਜਵੀਜ਼ਾਂ ਖ਼ਿਲਾਫ਼ ਭਲਕੇ ਰੋਸ ਮੁਜ਼ਾਹਰਾ ਕਰਨਾ ਦਾ ਐਲਾਨ ਕੀਤਾ ਹੈ। ਕੁਲਦੀਪ ਨੇ ਦੋਸ਼ ਲਗਾਇਆ ਕਿ ਪੰਜਾਬ ਯੂਨੀਵਰਸਿਟੀ ਨੇ ਲੰਘੇ ਸਾਲ ਮੁਕਾਬਲੇ ਅਗਲੇ ਸਾਲ ਲਈ ਬਜਟ ’ਚ 5.63 ਫੀਸਦੀ ਵਾਧਾ ਤਾਂ ਕੀਤਾ ਹੈ, ਪਰ ਇਸ ’ਚ ਅਕਾਦਮਿਕ ਤੇ ਵਿਦਿਆਰਥੀ ਹਿੱਤਾਂ ਨਾਲ ਜੋਡ਼ੇ ਮੁੱਦਿਆਂ ’ਤੇ ਹੋਣ ਵਾਲਾ ਖਰਚ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਲਕੇ ਏਬੀਵੀਪੀ ਦੇ ਕੌਮੀ ਜਨਰਲ ਸਕੱਤਰ ਦੀ ਅਗਵਾਈ ਹੇਠ ਬਾਅਦ ਦੁਪਹਿਰ ਇੱਕ ਵਜੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

Previous articleCountdown in progress for Indian rocket launch on Wednesday
Next articleਸਰਕਾਰ ਨੇ ਨੋਟਬੰਦੀ ਰਾਹੀਂ ਆਮ ਲੋਕਾਂ ਦਾ ਲੱਕ ਤੋੜਿਆ: ਰਾਹੁਲ