ਲਾਹੌਰ: ਪਾਕਿਸਤਾਨ ਸੁਪਰ ਲੀਗ ਵਿੱਚ ਲਾਹੌਰ ਕਲੰਦਰਜ਼ ਲਈ ਖੇਡਣ ਵਾਲੇ ਆਸਟਰੇਲਿਆਈ ਬੱਲੇਬਾਜ਼ ਕ੍ਰਿਸ ਲਿਨ ਕੋਵਿਡ-19 ਕਾਰਨ ਅੱਜ ਇਸ ਟੂਰਨਾਮੈਂਟ ਨੂੰ ਵਿਚਾਲੇ ਛੱਡ ਕੇ ਘਰ ਪਰਤ ਗਿਆ। ਬੀਤੇ ਸਾਲ ਆਈਪੀਐੱਲ ਨਿਲਾਮੀ ਵਿੱਚ ਲਿਨ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ ਸੀ। ਲਿਨ ਤੋਂ ਪਹਿਲਾਂ ਵੀ ਕਈ ਵਿਦੇਸ਼ੀ ਖਿਡਾਰੀ ਕਰੋਨਾਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਪੀਐੱਸਐੱਲ ਵਿਚਾਲੇ ਛੱਡ ਘਰਾਂ ਨੂੰ ਪਰਤ ਗਏ। ਲਿਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, ‘‘ਪੀਐੱਸਐੱਲ ਬਹੁਤ ਵਧੀਆ ਰਹੀ। ਮੰਦਭਾਗਾ ਹੈ ਕਿ ਮੈਂ ਅਜਿਹੇ ਹਾਲਾਤ ਵਿੱਚ ਘਰ ਪਰਤਣ ਦਾ ਫ਼ੈਸਲਾ ਕੀਤਾ। ਮੈਂ ਹਮੇਸ਼ਾ ਕਿਹਾ ਹੈ ਕਿ ਜ਼ਿੰਦਗੀ ਕ੍ਰਿਕਟ ਤੋਂ ਵੱਧ ਅਹਿਮ ਹੈ।’’ ਉਸਨੇ ਕਿਹਾ, ‘‘ਮੈਨੂੰ ਲਾਹੌਰ ਕਲੰਦਰਜ਼ ਟੀਮ ’ਤੇ ਪੂਰਾ ਭਰੋਸਾ ਹੈ ਕਿ ਉਹ ਖ਼ਿਤਾਬ ਜਿੱਤੇਗੀ। ਦੋਸਤੋ, ਇਸ ਤੋਂ ਵੀ ਅਹਿਮ ਹੈ ਜ਼ਿੰਦਗੀ ਨੂੰ ਮਾਣੋ। ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ।” ਇਸ ਤੋਂ ਪਹਿਲਾਂ ਕੋਵਿਡ-19 ਕਾਰਨ ਇੰਗਲੈਂਡ ਦੇ ਅਲੈਕਸ ਹੇਲਜ਼, ਜੇਸਨ ਰਾਏ, ਟਾਈਮਲ ਮਿੱਲਜ਼, ਲਿਆਨ ਡਾਸਨ, ਲਿਆਮ ਲਿਵਿੰਗਸਟੋਨ, ਲੂਈ ਗ੍ਰੇਗਰੀ ਅਤੇ ਜੇਮਜ਼ ਵਿੰਸ, ਵੈਸਟ ਇੰਡੀਜ਼ ਦੇ ਕਾਰਲੋਸ ਬਰੈੱਥਵੇਟ, ਦੱਖਣੀ ਅਫਰੀਕਾ ਦੇ ਰਿਲੀ ਰੋਸੇਯੂ ਅਤੇ ਜੇਮਜ਼ ਫੋਸਟਰ (ਕੋਚ) ਪੀਐੱਸਐੱਲ ਤੋਂ ਹਟ ਚੁੱਕੇ ਹਨ। -ਪੀਟੀਆਈ