ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ) ਬੈਂਕ ’ਚ ਘੁਟਾਲੇ ਦਾ ਅਸਰ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ) ਦੇ ਦਰਸ਼ਨ ਦੀਦਾਰ ਲਈ ਜਾਣ ਵਾਲੇ ਸਿੱਖਾਂ ’ਤੇ ਪਿਆ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਮਹਾਰਾਸ਼ਟਰ ਦੇ ਕਰੀਬ 1950 ਸਿੱਖ ਉਥੇ ਜਾਣ ਤੋਂ ਵਾਂਝੇ ਰਹਿ ਗਏ ਹਨ ਕਿਉਂਕਿ ਬੈਂਕ ’ਚ ਘੁਟਾਲੇ ਕਾਰਨ ਉਨ੍ਹਾਂ ਨੂੰ ਮਾਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੁਰਲਾ ’ਚ ਗੁਰਦੁਆਰਾ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਸੈਣੀ ਨੇ ਦੱਸਿਆ ਕਿ ਮੁੰਬਈ, ਨਾਸਿਕ, ਨਾਂਦੇੜ, ਨਵੀ ਮੁੰਬਈ ਅਤੇ ਠਾਣੇ ਦੇ ਕਰੀਬ 2000 ਸਿੱਖ, ਜਿਨ੍ਹਾਂ ’ਚੋਂ ਜ਼ਿਆਦਾਤਰ ਦੇ ਪੀਐੱਮਸੀ ਬੈਂਕ ’ਚ ਖ਼ਾਤੇ ਹਨ, ਨਿਰਮਾਣ ਸੇਵਕ ਜਥੇ ਨਾਲ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਸਨ ਪਰ ਬੈਂਕ ’ਚ ਘੁਟਾਲੇ ਕਾਰਨ ਕਈਆਂ ਨੇ ਆਪਣੇ ਹੱਥ ਪਿਛਾਂਹ ਖਿੱਚ ਲਏ। ਉਨ੍ਹਾਂ ’ਚੋਂ ਹੁਣ ਸਿਰਫ਼ 50 ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੀਐੱਮਸੀ ਬੈਂਕ ਘੁਟਾਲੇ ਕਾਰਨ ਪੈਸਿਆਂ ਦੀ ਘਾਟ ਕਾਰਨ ਸੰਗਤ ਨੇ ਆਪਣੇ ਨਾਮ ਵਾਪਸ ਲੈ ਲਏ ਹਨ।
ਰਵਿੰਦਰ ਕੌਰ ਸੈਣੀ, ਜਿਨ੍ਹਾਂ ਦੇ ਪੀਐੱਮਸੀ ਬੈਂਕ ’ਚ ਤਿੰਨ ਖ਼ਾਤੇ ਹਨ, ਨੇ ਕਿਹਾ ਕਿ ਉਹ ਇਤਿਹਾਸਕ ਅਸਥਾਨ ਦੇ ਦਰਸ਼ਨਾਂ ਲਈ ਨਾ ਜਾ ਸਕਣ ਕਰਕੇ ਨਿਰਾਸ਼ ਹਨ। ‘ਅਸੀਂ ਇਤਿਹਾਸਕ ਪਲ ਦੀ 72 ਵਰ੍ਹਿਆਂ ਤੋਂ ਉਡੀਕ ਕਰ ਰਹੇ ਸੀ ਪਰ ਹੁਣ ਪੀਐੱਮਸੀ ਘੁਟਾਲੇ ਨੇ ਉਨ੍ਹਾਂ ਦੀਆਂ ਖਾਹਿਸ਼ਾਂ ’ਤੇ ਪਾਣੀ ਫੇਰ ਦਿੱਤਾ ਹੈ।’ ਉਸ ਨੇ ਕਿਹਾ ਕਿ ਤਿੰਨ ਖ਼ਾਤੇ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਪੈਸੇ ਨਹੀਂ ਹਨ। ਕੁਰਲਾ ਗੁਰਦੁਆਰਾ ਕਮੇਟੀ ਦੇ ਇਕ ਹੋਰ ਮੈਂਬਰ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀ ਖਾਹਿਸ਼ ਰੱਖਣ ਵਾਲੇ ਸ਼ਰਧਾਲੂਆਂ ਦੀ ਮਾਲੀ ਸਹਾਇਤਾ ਵੀ ਨਹੀਂ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਨਕਦੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਖ਼ਾਤਾਧਾਰਕਾਂ ਵੱਲੋਂ ਹੁਣ ਤੱਕ ਦੋ ਦਰਜਨ ਤੋਂ ਵੱਧ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਆਰਬੀਆਈ ਨੇ ਬੈਂਕ ’ਚ 4355 ਕਰੋੜ ਰੁਪਏ ਦੇ ਘੁਟਾਲੇ ਦਾ ਪਤਾ ਲੱਗਣ ਸਾਰ ਪੈਸੇ ਕਢਵਾਉਣ ਦੀ ਹੱਦ ਇਕ ਹਜ਼ਾਰ ਰੁਪਏ ਕਰ ਦਿੱਤੀ ਸੀ। ਇਸ ਮਗਰੋਂ ਜਦੋਂ ਰੌਲਾ ਪੈ ਗਿਆ ਤਾਂ ਨਕਦੀ ਕਢਵਾਉਣ ਦੀ ਹੱਦ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਸੀ।
HOME ਪੀਐੱਮਸੀ ਬੈਂਕ ਘੁਟਾਲੇ ਨੇ ਮਹਾਰਾਸ਼ਟਰ ਦੇ ਸਿੱਖਾਂ ਦੇ ਚਾਅ ਰੋਲ਼ੇ