ਪੀਐੱਮਸੀ ਬੈਂਕ ਖ਼ਾਤਾਧਾਰਕਾਂ ਵੱਲੋਂ ਠਾਕਰੇ ਦੀ ਰਿਹਾਇਸ਼ ਅੱਗੇ ਮੁਜ਼ਾਹਰਾ

ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀਐੱਮਸੀ) ਦੇ ਕਰੀਬ 50 ਖ਼ਾਤਾਧਾਰਕਾਂ ਨੂੰ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕਰਨ ’ਤੇ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਊਧਵ ਠਾਕਰੇ ਨੇ ਸੰਕਟ ਵਿਚ ਘਿਰੇ ਬੈਂਕ ਦੇ ਖ਼ਾਤਾਧਾਰਕਾਂ ਦੇ ਵਫ਼ਦ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਬੈਂਕ ਦੇ ਗਾਹਕਾਂ ਨੂੰ ਨਿਆਂ ਦਿਵਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ। ਪੀਐੱਮਸੀ ਬੈਂਕ ਦੇ ਕਰੀਬ 500 ਖ਼ਾਤਾਧਾਰਕ ਪਹਿਲਾਂ ਬਾਂਦਰਾ ਕੁਰਲਾ ਕੰਪਲੈਕਸ ਸਥਿਤ ਰਿਜ਼ਰਵ ਬੈਂਕ ਦੇ ਦਫ਼ਤਰ ਦੇ ਬਾਹਰ ਇਕੱਤਰ ਹੋ ਗਏ। ਬਾਅਦ ਵਿਚ ਉਹ ਬਾਂਦਰਾ ’ਚ ਠਾਕਰੇ ਦੇ ਨਿਵਾਸ ‘ਮਾਤੋਸ੍ਰੀ’ ਵੱਲ ਚਲੇ ਗਏ ਤਾਂ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਸਕਣ। ਪੁਲੀਸ ਮੁਤਾਬਕ ਇਨ੍ਹਾਂ ਨੇ ਠਾਕਰੇ ਦੇ ਘਰ ਦੇ ਬਾਹਰ ਰਿਜ਼ਰਵ ਬੈਂਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਹ ਮੰਗ ਕਰ ਰਹੇ ਸਨ ਕਿ ਵਫ਼ਦ ਨੂੰ ਮੁੱਖ ਮੰਤਰੀ ਨਾਲ ਮਿਲਾਇਆ ਜਾਵੇ। ਕੁਝ ਔਰਤਾਂ ਸਣੇ ਕਰੀਬ 50 ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਖੇੜਾਵਾੜੀ ਤੇ ਬੀਕੇਸੀ ਪੁਲੀਸ ਥਾਣੇ ਲਿਜਾਇਆ ਗਿਆ। ਠਾਕਰੇ ਨੇ ਆਪਣੇ ਨਿਵਾਸ ’ਤੇ ਖ਼ਾਤਾਧਾਰਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਇਕ ਖ਼ਾਤਾਧਾਰਕ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਤਿੰਨ ਮਹੀਨੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਅਕਾਊਂਟ ’ਤੇ ਸੁਨੇਹੇ ਪਾ ਰਹੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਕ ਹੋਰ ਖ਼ਾਤਾਧਾਰਕ ਵਿਜਯਨ ਨੇ ਕਿਹਾ ਕਿ ਜੇ ਸਰਕਾਰ ਸੰਕਟ ਵਿਚ ਘਿਰੀ ਬੈਂਕ ਦਾ ਕਿਸੇ ਹੋਰ ਬੈਂਕ ’ਚ ਰਲੇਵਾਂ ਕਰਨਾ ਚਾਹੁੰਦੀ ਹੈ ਤਾਂ ਉਹ ਇਸ ਦਾ ਵਿਰੋਧ ਨਹੀਂ ਕਰਨਗੇ। ਉਨ੍ਹਾਂ ਨੂੰ ਸਿਰਫ਼ ਆਪਣਾ ਪੈਸਾ ਵਾਪਸ ਚਾਹੀਦਾ ਹੈ।

Previous articleਬਰਮਾ ਮੁਹਿੰਮ ਦੀਆਂ ਯੂਨਿਟਾਂ ਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸਾਂ ਦਾ ਸਨਮਾਨ
Next articleਨਿਰਭਯਾ ਕੇਸ: ਬਲਾਤਕਾਰ ਕੇਸਾਂ ’ਚ ਦੋਸ਼ ਸਾਬਤ ਹੋਣ ਦੀ ਦਰ 32 ਫੀਸਦ