ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੌਇ ਥੌਮਸ ਨੂੰ ਅੱਜ ਮੁੰਬਈ ਪੁਲੀਸ ਦੇ ਵਿੱਤੀ ਅਪਰਾਧ ਵਿੰਗ (ਈਓਡਬਲਿਊ) ਨੇ 4355 ਕਰੋੜ ਰੁਪਏ ਦੇ ਬੈਂਕ ਘੁਟਾਲੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਦੇ ਨਾਲ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਈਓਡਬਲਿਊ ਵੱਲੋਂ ਦਰਜ ਕੇਸ ਦੇ ਆਧਾਰ ’ਤੇ ਮੁੰਬਈ ਅੰਦਰ ਛੇ ਥਾਵਾਂ ’ਤੇ ਛਾਪੇ ਮਾਰੇ ਹਨ। ਬੈਂਕਿੰਗ ਪ੍ਰਬੰਧ ਨੂੰ ਲੈ ਕੇ ਬਣੇ ਡਰ ਬਾਰੇ ਆਰਬੀਆਈ ਨੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਸਹਿਕਾਰੀ ਬੈਂਕਾਂ ਦੇ ਕੰਮ ਦੀ ਸਮੀਖਿਆ ਕੀਤੀ ਜਾਵੇਗੀ। ਇਸੇ ਦੌਰਾਨ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟੱਰਕਚਰ ਲਿਮਟਿਡ (ਐੱਚਡੀਆਈਐੱਲ) ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਵਧਾਵਨ ਤੇ ਉਸ ਦੇ ਪੁੱਤਰ ਸਾਰੰਗ ਵਧਾਵਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅਦਾਲਤ ਨੇ 9 ਅਕਤੂਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਈਓਡਬਲਿਊ ਨੇ ਲੰਘੇ ਸੋਮਵਾਰ ਨੂੰ ਬੈਂਕ ਨਾਲ 4355.43 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ’ਚ ਐੱਲਡੀਆਈਐੱਲ ਅਤੇ ਪੰਜਾਬ ਐਂਡ ਮਹਾਰਾਸ਼ਟਰ ਬੈਂਕ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਬੈਂਕ ਘੁਟਾਲੇ ’ਚ ਸ਼ਾਮਲ ਐੱਚਡੀਆਈਐੱਲ ਤੋਂ ਘਰਾਂ ਦੀ ਖਰੀਦ ਕਰਨ ਵਾਲੇ ਪ੍ਰੇਸ਼ਾਨ ਲੋਕਾਂ ਦੇ ਗਰੁੱਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਤ ਲਿਖ ਕੇ ਉਨ੍ਹਾਂ ਦੀ ਪ੍ਰੇਸ਼ਾਨੀ ਸੁਲਝਾਉਣ ਦੀ ਮੰਗ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਸਮੇਂ ਪੁਲੀਸ ਨੇ ਦੱਸਿਆ ਕਿ ਪੀਐੱਮਸੀ ਬੈਂਕ ਨੇ ਐਚਡੀਆਈਐੱਲ ਗਰੁੱਪ ਦੇ 44 ਕਰਜ਼ਾ ਖਾਤਿਆਂ ਨੂੰ 21 ਹਜ਼ਾਰ ਤੋਂ ਵੱਧ ਫਰਜ਼ੀ ਕਰਜ਼ਾ ਖਾਤਿਆਂ ’ਚ ਬਦਲ ਦਿੱਤਾ ਅਤੇ ਗਲਤੀ ਲੁਕਾਉਣ ’ਚ ਮਦਦ ਕੀਤੀ।
INDIA ਪੀਐੱਮਸੀ ਘੁਟਾਲਾ: ਬੈਂਕ ਦਾ ਸਾਬਕਾ ਮੈਨੇਜਿੰਗ ਡਾਇਰੈਕਟਰ ਗ੍ਰਿਫ਼ਤਾਰ