ਪੀਐੱਨਬੀ ਨੂੰ ਨਹੀਂ ਮਿਲਿਆ ਸੁਰੱਖਿਆ ਗਾਰਡ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜਵੀਕਲੀ) :  ਇੱਥੋਂ ਦੇ ਫੇਜ਼-3ਏ ਵਿੱਚ ਕਾਮਾ ਹੋਟਲ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ ਦੀ ਵਾਰਦਾਤ ਤੋਂ ਬਾਅਦ ਵੀ ਹਾਲੇ ਤੱਕ ਸੁਰੱਖਿਆ ਗਾਰਡ ਤਾਇਨਾਤ ਨਹੀਂ ਕੀਤਾ ਗਿਆ ਹੈ। ਇਸ ਬੈਂਕ ਵਿੱਚ ਸਿਰਫ਼ ਮਹਿਲਾ ਸਟਾਫ਼ ਹੀ ਹੈ।

ਬੈਂਕ ਮੈਨੇਜਰ ਅਮਰਜੀਤ ਕੌਰ ਨੇ ਕਿਹਾ ਕਿ ਇਸ ਸਬੰਧੀ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ, ਜੋ ਕੁੱਝ ਕਹਿਣਾ ਸੀ, ਉਹ ਪੁਲੀਸ ਨੂੰ ਦੱਸ ਦਿੱਤਾ ਗਿਆ ਹੈ। ਉਧਰ, ਬੈਂਕ ਵਿੱਚ ਵਾਪਰੀ ਲੁੱਟ ਦੀ ਘਟਨਾ ਸਬੰਧੀ ਮੁਹਾਲੀ ਪੁਲੀਸ ਨੂੰ ਅੱਜ ਤੀਜੇ ਦਿਨ ਵੀ ਲੁਟੇਰਿਆਂ ਖ਼ਿਲਾਫ਼ ਠੋਸ ਸੁਰਾਗ ਨਹੀਂ ਮਿਲਿਆ। ਹੁਣ ਪੁਲੀਸ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਲੁਟੇਰਿਆਂ ਦੀਆਂ ਫੋਟੋਆਂ ਨੂੰ ਜਨਤਕ ਥਾਵਾਂ ’ਤੇ ਚਿਪਕਾ ਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰੇਗੀ।

ਮੁਹਾਲੀ ਦੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਬੈਂਕ ਡਕੈਤੀ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸੀਆਈਏ ਸਟਾਫ਼ ਵੱਖਰੇ ਤੌਰ ’ਤੇ ਜਾਂਚ ਕਰ ਰਿਹਾ ਹੈ।

ਮਟੌਰ ਥਾਣਾ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਲੁਟੇਰੇ ਦੇ ਹੱਥ ਵਿੱਚ ਪਿਸਤੌਲ ਅਤੇ ਦੂਜੇ ਕੋਲ ਚਾਕੂ ਵਰਗਾ ਤੇਜ਼ਧਾਰ ਹਥਿਆਰ ਸੀ। ਜਦੋਂ ਲੁਟੇਰਿਆਂ ਨੇ ਸਟਾਫ਼ ਉੱਤੇ ਪਿਸਤੌਲ ਤਾਣ ਲਈ ਉਨ੍ਹਾਂ ਨੂੰ ਤਰੇਲੀਆਂ ਆ ਗਈਆਂ। ਥਾਣਾ ਮੁਖੀ ਨੇ ਕਿਹਾ ਕਿ ਬੈਂਕ ਸਟਾਫ਼ ਨੂੰ ਸੁਰੱਖਿਆ ਗਾਰਡ ਰੱਖਣ ਲਈ ਕਿਹਾ ਗਿਆ ਹੈ।

Previous articleਪ੍ਰੀਖਿਆਵਾਂ ਲੈਣ ਦੇ ਫੈਸਲੇ ਖ਼ਿਲਾਫ਼ ਡਟੇ ਪਾੜ੍ਹੇ
Next articlePak now violates ceasefire in J&K’s Rajouri district