ਪਟਿਆਲਾ (ਸਮਾਜਵੀਕਲੀ) : ਕੋਵਿਡ-19 ਕਰਕੇ ਐਲਾਨੀ ਗਈ ਤਾਲਾਬੰਦੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈ ਪੀਆਰਟੀਸੀ ਬੱਸ ਸੇਵਾ ਅੱਜ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਕਾਰਪੋਰੇਸ਼ਨ ਦੇ ਸਾਰੇ ਨੌਂ ਡਿਪੂਆਂ ਦੇ 80 ਰੂਟਾਂ ’ਤੇ ਬੱਸਾਂ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਅੱਜ ਪਹਿਲੇ ਦਿਨ ਬੱਸ ਸੇਵਾ ਨੂੰ ਮੁਸਾਫਰਾਂ ਨੇ ਮੱਠਾ ਹੁੰਗਾਰਾ ਦਿੱਤਾ।
ਇਸ ਕਾਰਨ ਬੱਸਾਂ ਨੂੰ ਕਈ ਥਾਈਂ ਜਾਂ ਤਾਂ ਸਵਾਰੀਆਂ ਲਈ ਲੰਬੀ ਉਡੀਕ ਕਰਨੀ ਪਈ ਜਾਂ ਘੱਟ ਸਵਾਰੀਆਂ ਨਾਲ ਹੀ ਬੱਸਾਂ ਚਲਾਉਣੀਆਂ ਪਈਆਂ। ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਜਸਕਿਰਨ ਸਿੰਘ ਨੇ ਮੁੜ ਸ਼ੁਰੂ ਹੋਈ ਬੱਸ ਸੇਵਾ ਦਾ ਇੱਥੇ ਬੱਸ ਅੱਡੇ ਵਿਚ ਪੁੱਜ ਕੇ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਕਿ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੀਆਰਟੀਸੀ ਨੂੰ ਤਾਲਾਬੰਦੀ ਦੌਰਾਨ ਕਰੀਬ ਪੰਜਾਹ ਕਰੋੜ ਦਾ ਵਿੱਤੀ ਘਾਟਾ ਪਿਆ ਹੈ। ਅਗਲੇ ਦਿਨੀਂ ਸਵਾਰੀਆਂ ਦੀ ਮੰਗ ਅਨੁਸਾਰ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਬੱਸਾਂ ਦੀ ਸਮਰੱਥਾ ਦੇ ਮੁਕਾਬਲੇ ਪੰਜਾਹ ਫੀਸਦੀ ਸਵਾਰੀਆਂ ਚੜ੍ਹਾਉਣ ਦਾ ਹੀ ਫ਼ੈਸਲਾ ਲਿਆ ਗਿਆ ਹੈ।