ਨਾਗਰਿਕਤਾ (ਸੋਧ) ਐਕਟ ਖ਼ਿਲਾਫ਼ ਦੇਸ਼ ਵਿਆਪੀ ਰੋਸ ਦੇ ਬਾਵਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਇਸ ਨੂੰ ਲਾਗੂ ਕਰਨ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਪਾਕਿਸਤਾਨ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਦੇ ਗ਼ੈਰ-ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲੇ ਤੇ ਉਹ ਭਾਰਤ ’ਚ ਸ਼ਾਨ ਨਾਲ ਰਹਿ ਸਕਣ। ਸ਼ਾਹ ਨੇ ਐਕਟ ਦੇ ਵਿਰੁੱਧ ਜਾਣ ਵਾਲਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ ‘ਜਿੰਨਾ ਵਿਰੋਧ ਕਰਨਾ ਹੈ ਕਰ ਲਓ, ਕੁਝ ਵੀ ਹੋ ਜਾਵੇ, ਮੋਦੀ ਸਰਕਾਰ ਆਪਣੇ ਰੁਖ਼ ’ਤੇ ਕਾਇਮ ਹੈ ਤੇ ਇਨ੍ਹਾਂ ਧਰਮਾਂ ਦੇ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਵੇਗੀ।’ ਗ੍ਰਹਿ ਮੰਤਰੀ ਨੇ ਕਿਹਾ ਕਿ ਕੋਈ ਭਾਰਤੀ ਇਸ ਐਕਟ ਕਾਰਨ ਆਪਣੀ ਨਾਗਰਿਕਤਾ ਨਹੀਂ ਗੁਆਵੇਗਾ। ਕਾਨੂੰਨ ਧਰਮ ਦੇ ਆਧਾਰ ’ਤੇ ਜਬਰ-ਜ਼ੁਲਮ ਸਹਿਣ ਵਾਲੀਆਂ ਗੁਆਂਢੀ ਮੁਲਕ ਦੀਆਂ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਲਈ ਬਣਾਇਆ ਗਿਆ ਹੈ। ਸ਼ਾਹ ਨੇ ਸਵਾਲ ਕੀਤਾ ਕਿ ਜੇ ਹਿੰਦੂ, ਸਿੱਖ ਤੇ ਹੋਰ ਭਾਰਤ ਨਹੀਂ ਆ ਸਕਣਗੇ ਤਾਂ ਹੋਰ ਕਿੱਥੇ ਜਾਣਗੇ? ਉਨ੍ਹਾਂ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਨੂੰ ਚੰਗੀ ਤਰ੍ਹਾਂ ਪੜ੍ਹਨ ਤੇ ਇਸ ਦਾ ਅਰਥ ਸਮਝਣ। ਸ਼ਾਹ ਨੇ ਕਿਹਾ ‘ਮੈਂ ਮੁਸਲਿਮ ਭੈਣ-ਭਰਾਵਾਂ ਨੂੰ ਦੱਸਣਾ ਚਾਹੁੰਦਾ ਹਾਂ, ਤੁਹਾਨੂੰ ਡਰਨ ਦੀ ਲੋੜ ਨਹੀਂ।’ ਭਾਰਤ ਵਿਚ ਰਹਿ ਰਹੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ, ਕਿਸੇ ਦੀ ਨਾਗਰਿਕਤਾ ਨਹੀਂ ਖੁੱਸੇਗੀ। ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।