ਪਿੰਡ ਸਮਾਲਸਰ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ

(ਸਮਾਜ ਵੀਕਲੀ)

ਜਿੱਥੇ ਇੱਕ ਪਾਸੇ ਪਿੰਡਾਂ ਨੂੰ ਸਾਫ ਸੁਥਰਾ ਅਤੇ ਸਿਹਤਮੰਦ ਰੱਖਣ ਲਈ ਪਿੰਡਾਂ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਆਏ ਦਿਨ ਮੀਡੀਆ ਸਾਧਨਾਂ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ । ਉੱਥੇ ਪਿੰਡ ਸਮਾਲਸਰ ਦੇ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਦੇ ਸਾਹਮਣੇ ਜਿੱਥੇ ਛੋਟੇ ਤੋ ਲੈ ਵੱਡੇ ਬੱਚੇ ਪੜ੍ਹਦੇ ਹਨ ਇੱਕ ਖੁੱਲੀ ਪਈ ਜਗ੍ਹਾ ਨੂੰ ਕੂੜਾ ਸੁੱਟਣ ਵਾਲੀ ਜਗ੍ਹਾ ਬਣਾ ਲਿਆ ਗਿਆ ਹੈ । ਇਹ ਜਗ੍ਹਾ ਸਕੂਲ ਦੇ ਗੇਟ ਦੇ ਬਿਲਕੁੱਲ ਸਾਹਮਣੇ  ਅਤੇ ਸਰਕਾਰੀ ਸਿਹਤ ਵਿਭਾਗ ਹਸਪਤਾਲ , ਪਟਵਾਰ ਖਾਨੇ , ਬਿਜਲੀ ਘਰ , ਥਾਨੇ ਅਤੇ ਸਬ ਤਹਿਸੀਲ ਨੂੰ ਜਾਣ ਵਾਲੀ ਮੇਨ ਸੜਕ ‘ਤੇ ਜਿੱਥੋੋਂ ਦੀ ਸਰਕਾਰੀ ਅਫਸਰਸ਼ਾਹੀ ਦਾ ਆਉਣਾ ਜਾਣਾ ਅਕਸਰ ਬਣਿਆ ਰਹਿੰਦਾ ਹੈ। ਜਿਹੜਾ ਰਸਤਾ ਹੁਣ  ਬਿਮਾਰੀਆਂ ਦਾ ਘਰ ਬਣਇਆ ਹੋਇਆ ਹੈ ।

ਕੂੜੇ ਦੇ ਵੱਡੇ ਵੱਡੇ ਢੇਰ , ਬਜ਼ਾਰ ਦੀਆਂ ਦੁਕਾਨਾਂ ਦਾ ਵੇਸਟ ਸਮਾਨ , ਡਾਕਟਰਾਂ ਦੀਆਂ ਸੂਈਆਂ ਸਰਿੰਜਾਂ , ਜਿਹੜੀਆਂ ਕਿ ਬੇ ਜੁਬਾਨ ਜਾਨਵਰ ਜਦੋਂ ਇਨ੍ਹਾਂ ਕੂੜੇ ਦੇ ਢੇਰਾਂ ਵਿੱਚ ਮੂੰਹ ਮਾਰਦੇ ਹਨ  ਇਹ ਸੂਈਆਂ ਸਿਰੰਜਾਂ ਉਨ੍ਹਾਂ ਦੇ ਅੰਦਰ ਜਾ ਕੇ  ਮੌਤ ਦਾ ਸਮਾਨ ਬਣ ਜਾਂਦਾ ਹੈ। ਇਹ ਕੂੜਾ ਦੇਖਣ ਨੂੰ ਤਾਂ ਭੈੜਾ ਲੱਗਦਾ ਹੀ ਹੈ ਪਰ ਕਈ ਖਤਰਨਾਕ ਬਿਮਾਰੀਆਂ ਹੈਜਾ , ਮਲੇਰੀਆਂ , ਹਵਾ ਰਾਹੀ ਹੋਣ ਵਾਲੀ ਇਨਫੈਕਸ਼ਨ ਆਦਿ ਦਾ ਲਈ ਵੀ ਜ਼ਿੰਮੇਵਾਰ ਹੈ। ਕਹਿਣ ਨੂੰ ਤਾਂ ਇਹ ਪਿੰਡ ਸਿਆਸੀ ਪਾਰਟੀਆਂ ਦਾ ਗੜ੍ਹ ਮੰਨਿਆਂ ਜਾਂਦਾ ਰਿਹਾ ਹੈ ਕਿਹਾ ਜਾਂਦਾ ਹੈ ਕਿ ਜਿਹੜੇ ਕਿਸੇ ਲੀਡਰ ਦੀ ਵੋਟ ਇਸ ਪਿੰਡ ਵਿੱਚੋਂ ਵੱਧ ਨਿਕਲੀ ਉਹ ਸਮਝੋ ਜਿੱਤਿਆ ਹੀ ਹੈ ਹੁੰਦਾ ਵੀ ਏਦਾਂ ਹੀ।

ਪਰ ਜਦੋਂ ਜਿੱਤ ਤੋਂ ਬਾਦ ਪਿੰਡ ਦੇ ਕਿਸੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਸਿਆਸੀ ਲੀਡਰਾਂ ਦੇ ਦਾਵਿਆਂ ਫੂਕ ਨਿਕਲ ਜਾਂਦੀ ਹੈ।ਇਹ ਜਗ੍ਹਾ ਇਸ ਕਰਕੇ ਵੀ ਕੋਈ ਪਾਰਕ ਜਾਂ ਕੋਈ ਸੋਹਣੀ ਨਹੀਂ ਬਣ ਸਕੀ ਕਿਉਂਕਿ ਇੱਥੇ ਆਮ ਗਰੀਬਾਂ ਦੇ ਜਵਾਕ ਹੀ ਪੜ੍ਹਦੇ ਹਨ ਪਰ ਜਦੋਂ ਇੱਥੇ ਸਾਰੀਆਂ ਜਾਤਾਂ ਦੇ ਬੱਚੇ ਪੜ੍ਹਦੇ ਹੁੰਦੇ ਸੀ ਉਦੋਂ ਵੀ ਇਹ ਸਥਾਨ ਛੱਪੜ ਹੁੰਦਾ ਸੀ ਜਿਸਨੂੰ ਹੌਲੀ ਹੌਲੀ ਕੂੜੇ ਨਾਲ ਭਰ ਕੇ ਬਿਮਾਰੀਆਂ ਦਾ ਘਰ ਬਣਾ ਦਿੱਤਾ ਗਿਆ ਹੈ। ਸਮਾਲਸਰ ਦੇ ਇਤਿਹਾਸ ਵਿੱਚ ਤਕਰੀਬਨ ਵੀਹ ਸਾਲਾਂ ਤੋਂ ਇਹ ਥਾਂ ਇਉਂ ਹੀ ਗੰਦਗੀ ਦਾ ਥਾਂ ਬਣੀ ਹੋਈ ਹੈ ।

ਇੱਥੇ ਕਈ ਪਾਰਟੀਆਂ ਦੇ ਲੀਡਰਾਂ ਨੇ ਇਸਨੂੰ ਨਿਆਰਾ ਪਿੰਡ ਬਣਾਉਣ ਦੇ , ਇੱਥੋਂ ਦੇ ਛੱਪੜਾਂ ਨੂੰ ਪੂਲ ਬਣਾਉਣ , ਹਰ ਇੱਕ ਗਲੀ ਵਿੱਚ ਲਾੱਕ ਟਾਇਲਾਂ ਲਗਾਉਣ ਅਤੇ ਪਤੇ ਨਹੀਂ ਹੋਰ ਕਿਹੜੇ ਕਿਹੜੇ ਦਾਅਵੇ ਕੀਤੇ ਜਿਹੜੇ ਜਿੱਤਣ ਤੋਂ ਬਾਦ ਪਤਾ ਨਹੀਂ ਕਿਹੜੇ ਭੌਰੇ ਵਿੱਚ ਉੱਤਰ ਜਾਂਦੇ ਹਨ। ਉਨ੍ਹਾਂ ਦੀ ਤਾਂ ਉਹ ਗੱਲ ਹੁੰਦੀ ਹੈ ਕਿ ਤੁਹਾਡਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ । ਕਈ ਪਾਰਟੀਆਂ ਦੇ ਸਰਪੰਚ ਲੋਕਾਂ ਨੂੰ ਪਚਕਾਰ ਕੇ ਵੋਟਾਂ ਪਵਾ ਲੈਦੇਂ ਹਨ ਤੇ ਫਿਰ ਤੂੰ ਕੌਣ ਤੇ ਮੈਂ ਕੌਣ , ਬੱਸ ਆਪਣੀਆਂ ਪੀਪਣੀਆਂ ਵਜਾਉਂਦੇ ਫਿਰਦੇ ਰਹਿੰਦੇ ਹਨ ।  ਆਵਦੀਆਂ ਕੋਠੀਆਂ, ਕਾਰਾਂ ਅਤੇ ਹੋਰ ਕਾਰੋਬਾਰਾਂ ਤੋਂ ਵਿਹਲ ਮਿਲੇ ਤਾਂ ਫੇਰ ਹੀ ਹੈ।

ਪਿਛਲੇ ਦਿਨੀ ਵਾਤਾਵਰਨ ਦਿਵਸ ਵਾਲੇ ਦਿਨ ਜਦੋਂ ਇਸ ਰੋਡ ਨੂੰ ਜਾਣ ਵਾਲੀ ਸੜਕ ਉੱਤੇ ਕਈ ਮੋਹਤਬਾਰ ਬੰਦਿਆਂ ਵੱਲੋਂ ਦਰੱਖਤ ਲਗਾ ਕੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਵਿਕਾਸ ਦੇ ਜਸ ਗਾਏ ਜਾਂਦੇ ਹਨ ਤਾਂ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਵਾਲੀ ਕਹਾਵਤ ਸੱਚ ਜਾਪਦੀ ਹੈ। ਜਿੱਥੇ ਲੋਕ ਆਪਣੇ ਪੁਰਾਣੇ ਵਿਰਾਸਤੀ ਖੂਹਾਂ, ਹਵੇਲੀਆਂ ਅਤੇ ਹੋਰ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣ ਲਈ ਪੱਬਾਂ ਭਾਰ ਹੋਏ ਹਨ ਤਾਂ ਇਸ ਸਮਾਲਸਰ ਦੇ ਲੋਕਾਂ ਨੇ ਇੱਥੇ ਦੇ ਅੰਗਰੇਜ਼ਾਂ ਵੇਲੇ ਦੇ ਘਰਾਟ, ਅੰਗਰੇਜ਼ਾਂ ਵੇਲੇ ਦੀ ਹਵੇਲੀ ਅਤੇ ਹੋਰ ਪਤਾ ਨਹੀਂ ਕਿੰਨੀਆਂ ਵਿਰਾਸਤੀ ਚੀਜ਼ਾਂ ਵੱਲ ਧਿਆਨ ਨਾ  ਦੇ ਕੇ ਆਪਣੇ ਹੱਥੋ ਗੁਆ ਲਿਆ ਹੈ।

ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅਸੀਂ ਵਿਕਾਸ ਦੇ ਕਿਹੜੇ ਰਾਗ ਅਲਾਪ ਰਹੇ ਹਾਂ।ਸਭ ਤੋਂ ਵੱਧ ਦੁੱਖ ਇਸ ਸਕੂਲ ਦੇ ਸਾਹਮਣੇ ਵਾਲੀ ਜਗ੍ਹਾ ਲੰਘਦਿਆਂ ਦੇਖ ਕੇ ਆਉਂਦਾ ਹੈ ਜਿੱਥੋ ਦੀ ਲੰਘਦਿਆਂ ਹੋਰ ਪਿੰਡਾਂ ਨੂੰ ਇਸ ਪਿੰਡ ਦੇ ਵਿਕਾਸ ਦੀ ਝਲਕ ਦੀ ਘੁੰਢ ਝੁਕਾਈ ਦਾ ਦੌਰਾਨ ਹੀ ਪਤਾ ਲੱਗ ਜਾਂਦਾ ਹੈ। ਸਕੂਲ ਤਾਂ ਹੁਣ ਕਰੌਨਾ ਦੌਰਾਨ ਬੰਦ ਹੋਏ ਹਨ ਪਰ ਜਦੋਂ ਦੇ ਇਹ ਪਹਿਲਾਂ ਸਕੂਲ ਵਿੱਚ ਬੱਚਿਆਂ ਦੀ ਭਰਮਾਰ ਹੁੰਦੀ ਸੀ ਉਦੋਂ ਵੀ ਕਿਸੇ ਪਿੰਡ ਦੇ ਪਤਵੰਤੇ ਨੇ ਇਸ ਪਾਸੇ ਕੋਈ ਗੌਰ ਨਹੀਂ ਕੀਤੀ ਨਾ ਹੀ ਕੋਈ ਸਮਾਜ ਸੇਵੀ ਬਹੁੜਿਆ ਭਈ ਇਹ ਨਿਰਾ ਬਿਮਾਰੀਆਂ ਦਾ ਘਰ ਬਣਿਆ ਪਿਆ ਹੈ ਉਂਜ ਅਸੀਂ ਦੋ ਦੋ ਮਹੀਨੇ ਬਾਦ ਖੂਨ ਦਾਨ ਕੈਂਪ ਲਗਾ ਕੇ ਸਿਹਤ ਭਲਾਈ ਦੀਆਂ ਬੜੀਆਂ ਟਾਰਾਂ ਮਾਰਦੇ ਹਾਂ।

ਕਿਸੇ ਲੇਖਕ , ਕਵੀ ਜਾਂ ਮਾਨਵਤਾ ਪ੍ਰੇਮੀ ਨੂੰ ਇਹ ਪਰਦੇ ਪਿਛਲਾ ਸੱਚ ਨਹੀਂ ਦਿਖਦਾ । ਇਹ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦੇ ਕਿਉਂ ਕਿ ਇਨ੍ਹਾਂ ਬੱਚੇ ਪੜ੍ਹਦੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ , ਇਨ੍ਹਾਂ ਦੇ ਘਰਾਂ ਨੂੰ ਇਟਰਲਾੱਕ ਵਾਲੀਆਂ ਗਲੀਆਂ ਜਾਂਦੀਆਂ , ਇਹ ਦਵਾਈ ਪ੍ਰਾਈਵੇਟ ਚੰਗੇ ਹਸਪਤਾਲਾਂ ਵਿੱਚੋਂ ਲੈ ਲੈਂਦੇ ਹਨ ਜੇਕਰ ਫਰਕ ਪੈਂਦਾਂ ਹੈ ਤਾਂ ਆਮ ਮੱਧਵਰਗੀ ਗਰੀਬ ਲੋਕਾਂ ਨੂੰ ਜਿੰਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਅਜਿਹੀਆਂ ਗੰਦੀਆਂ ਥਾਵਾਂ ਕਰਕੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਚੰਗੇ ਸਟੇਡੀਅਮ ਅਤੇ ਸਰਕਾਰੀ  ਜਿੰਮ ਤਾਂ ਜਰੂਰ ਬਣਾਏ ਜਾ ਰਹੇ ਹਨ ਪਰ ਇਹੋ ਜਿਹੀਆਂ ਸਦੀਆਂ ਤੋਂ ਵੰਗਾਰ ਬਣ ਖੜ੍ਹੀਆਂ ਅਲਾਮਤਾਂ ਤੋਂ ਕੋਈ ਵੀ ਛੁਟਕਾਰਾ ਦਵਾਉਣ ਲਈ ਰੱਬ ਦਾ ਬੰਦਾ ਸਾਹਮਣੇ ਨਹੀਂ ਆਉਂਦਾ।

ਜੇਕਰ ਪਿੰਡ ਦੀਆਂ ਪੰਚਾਇਤਾਂ ਅਤੇ ਹੋਰ ਐਨੀਆਰ.ਆਈ ਬੰਦੇ ਚਹੁੰਣ ਤਾਂ ਇਹ ਜਗ੍ਹਾ ਨੂੰ ਸਾਫ ਕਰਕੇ ਚੰਗਾ ਪਾਰਕ ਬਣਾਇਆ ਸਕਦਾ ਹੈ । ਜਿੱਥੇ ਸਕੂਲ ਦੇ ਬੱਚੇ ਛੁੱਟੀ ਵੇਲੇ ਖੇਡ ਮੱਲ ਸਕਦੇ ਹਨ ਆਉਂਦੇ ਜਾਂਦੇ ਰਾਹੀ ਘੜੀ ਪਲ ਰੁੱਕ ਸਕਦੇ ਹਨ ਦੇਖਣ ਵਾਲੇ ਨੂੰ ਇਹ ਮਨਮੋਹਕ ਦ੍ਰਿਸ਼ ਬਣ ਸਕਦਾ ਹੈ। ਪਰ ਗੁੜ ਗੁੜ ਕਿਹਾ ਮੂੰਹ ਮਿੱਠਾ ਨਹੀਂ ਹੁੰਦਾ ਸਿਆਣੇ ਕਹਿੰਦੇ ਐ ਮੂੰਹ ਮਿੱਠਾ ਕਰਨ ਲਈ ਗੁੜ ਖਾਣਾ ਪੈਂਦਾ ਹੈ।ਜਿੱਥੇ ਹੋਰ ਪਿੰਡਾਂ ਦੇ ਲੋਕ ਆਪਣੇ ਗੁਆਚ ਰਹੇ ਵਿਰਸੇ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਪਰ ਅਸੀਂ ਆਪਣੇ ਕੋਲ ਹੁੰਦੇ ਨੂੰ ਗੁਆ ਰਹੇ ਹਾਂ।

ਉਂਜ ਇਸ ਪਿੰਡ ਉੱਪਰ ਆਉਣ ਵਾਲੇ ਦਿਨਾਂ ਵਿੱਚ ਇੱਕ ਕਿਤਾਬ ਵੀ ਲਿਖੀ ਜਾ ਰਹੀ ਹੈ ਜਿਸ ਵਿੱਚ ਇੱਥੋਂ ਦੇ ਇਤਿਹਾਸ ਦੇ ਨਾਲ ਨਾਲ ਇੱਥੋਂ ਦੀਆਂ ਮਹਾਨ ਸ਼ਖਸੀਅਤਾਂ ਦੇ ਬਾਰੇ ਪੜ੍ਹਨ ਨੂੰ ਮਿਲੇਗਾ ,ਪਰ ਇਹ ਕਈ ਸਾਲਾਂ ਤੋ ਮੇਰੇ ਵਾਂਗ ਕਈਆਂ ਦੇ ਅੰਦਰ ਚੁਬਦਾ ਕੰਡਾ ਅੱਜ ਵੱਡੀ ਭੌਰੀ ਬਣ ਚੁੱਕਾ ਹੈ ਜਿਸਨੂੰ ਲੈ ਕੇ ਹੁਣ ਤੁਰਨਾ ਮੁਸ਼ਕਿਲ ਹੋਇਆ ਪਿਆ ਹੈ।ਜੇਕਰ ਸ਼ਮਸਾਨ ਘਾਟਾਂ ਵਿੱਚ ਲਾਇਟਾਂ , ਸੰਗਮਰਮਰ ਅਤੇ ਗੱਦੀ ਘਾਹ ਲੱਗ ਸਕਦੇ ਹਨ ਜਿੱਥੇ ਬੰਦੇ ਨੇ ਮਰਨ ਤੋਂ ਬਾਦ ਜਾਣਾ ਹੈ ਪਰ ਜੇ ਅਸੀਂ ਜਿਉਂਦੀ ਮਨੁੱਖਤਾ ਲਈ ਕੋਈ ਚੰਗਾ ਕਰ ਸਕੀਏ ਤਾਂ ਇਸ ਤੋਂ ਵੱਡਾ ਇਨਾਮ ਕੀ ਹੋ ਸਕਦਾ ਹੈ ।

ਰ ਅਜਿਹਾ ਕਰਕੇ ਅਸੀਂ ਅਕਲਾਂ ਬਾਝੋਂ ਖੂਹ ਖਾਲੀ ਵਾਲੀ ਗੱਲ ਨੂੰ ਹੋਰ ਪੱਕਾ ਕਰ ਰਹੇ ਹਾਂ। ਪਰ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ।ਇਹ ਕੂੜਾ ਸੁੱਟਣ ਵਾਲਿਆਂ ਨੂੰ ਇੱਥੇ ਕੂੜਾ ਨਾ ਸੁੱਟ ਕਿ ਕਿਸੇ ਹੋਰ ਬਾਹਰ ਖਤਾਨਾਂ ਵਿੱਚ ਇਸਨੂੰ ਡੰਪ ਕੀਤਾ ਜਾ ਸਕਦਾ ਹੈ।ਆਓ ਸਾਰੇ ਆਪਣੇ ਸਿਆਸੀ ਲਾਹਿਆਂ ਤੋਂ ਉੱਪਰ ਉੱਠ ਕੇ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਕਹਿ ਸਕੀਏ ਕਿ ਮੇਰੇ ਪਿੰਡ ਵਿੱਚ ਵਸਦਾ ਰੱਬ ਉਏ ਆ ਅੱਖੀ ਵੇਖ ਲੈ। ਨਾ ਕਿ ਗੋਗਲੂਆਂ ਤੋਂ ਮਿੱਟੀ ਝਾੜਨ ਵਿੱਚ ਲੱਗੇ ਰਹੀਏ ।

ਸਤਨਾਮ ਸਮਾਲਸਰ
ਸੰਪਰਕ: 9710860004

Previous articleFlipkart expands supply chain in India to meet festive demands
Next articleRajeshwar Rao appointed RBI Deputy Governor