* ਸਦੀਵੀ ਸਮੱਸਿਆ
– ਕਦੇ ਨਾ ਕਦੇ, ਕੋਈ ਨਾ ਕੋਈ ਸੜਕ ਖ਼ਰਾਬ ਈ ਰਹਿੰਦੀ ਆ
— ਦੋਆਬੇ ਦੇ ਨਾਮਣੇ ਵਾਲੇ ਪਿੰਡ ਦੇ ਲੋਕ ਹੋਏ ਅੰਤਾਂ ਦੇ ਨਿਰਆਸ
ਜਲੰਧਰ/ਅਲਾਵਲਪੁਰ/ਆਦਮਪੁਰ/ਜੰਡੂ ਸਿੰਘਾ/ਹੁਸ਼ਿਆਰਪੁਰ (ਸਮਾਜ ਵੀਕਲੀ) (ਸਪੀਕਿੰਗ ਪੰਜਾਬ ਟੀਮ): ਪੰਜਾਬ ਦੇ ਦੋ-ਆਬੀ ਖਿੱਤੇ ਯਾਅਨੀ ਕਿ ਦੋਆਬੇ ਵਿਚ ਇਹ ਗੱਲ ਵਾਹਵਾ ਮਸ਼ਹੂਰ ਹੈ ਕਿ ਸਰਕਾਰ ਭਾਵੇਂ ਕਿਸੇ ਵੀ ਰਾਜਸੀ ਪਾਰਟੀ ਦੀ ਬਣ ਜਾਵੇ, ਮਹਾਂਭ੍ਰਿਸ਼ਟ ਸੜਕ-ਬਣਾਊ ਠੇਕੇਦਾਰ “ਰਾਜ” ਹੀ ਕਰਦੇ ਹਨ। ਮਤਲਬ ਇਹ ਕਿ ਠੱਗ ਠੇਕੇਦਾਰਾਂ ਤੇ ਚਾਲੂ ਕਰਿੰਦਿਆਂ ਦੀ ਬਾਂਹ ਮਰੋੜ੍ਹਨ ਲਈ ਕੋਈ ਹਾਕਮ ਤਿਆਰ ਨਹੀਂ ਹੁੰਦਾ।
ਇਸੇ ਤਰ੍ਹਾਂ ਜਲੰਧਰ ਤੋਂ ਰਾਮਾ ਮੰਡੀ ਪੁਲ ਤੋਂ ਉੱਤਰ ਕੇ ਹੁਸ਼ਿਆਰਪੁਰ ਸੜਕ ਉੱਤੇ ਪਈਏ ਤਾਂ ਨੰਗਲ ਸ਼ਾਮਾਂ ਪਿੰਡ ਤੋਂ ਅਗਲੇ ਪਿੰਡ “ਭੋਜੋਵਾਲ” ਨੂੰ ਜਾਣਾ ਹੋਵੇ ਤਾਂ ਬੁਰਾ ਹਾਲ ਹੋ ਜਾਂਦਾ ਹੈ। ਪਿੰਡ ਨੂੰ ਜਾਂਦੀ ਬਾਹਰੋਂ-ਬਾਹਰ ਸੜਕ ਤਾਂ ਖਰੀ ਹੈ ਪਰ ਪਿੰਡ ਦਾ ਗੇਟ ਕਰਾਸ ਕਰਦੇ ਸਾਰ, ਵਾਹਨਾਂ ਦੇ ਟਾਇਰਾਂ ਤੇ ਸ਼ੋਕਰਾਂ ਨੂੰ ਖਰਾਬ ਤੇ ਬਰਬਾਦ ਕਰਨ ਵਾਲੀ ਸੜਕ ਟੱਕਰਦੀ ਹੈ। ਇਹ ਦੋ ਕੁ ਫਰਲਾਂਗ ਦਾ ਸੜਕੀ ਟੋਟਾ, ਤੌਬਾ ਤੌਬਾ ਕਰਾਅ ਦਿੰਦਾ ਐ।
ਪਿੰਡ ਦੇ ਗੁਰੂਦਵਾਰੇ ਨੂੰ ਇਹੀਓ ਸੜਕ ਜਾਂਦੀ ਹੈ ਤੇ ਰੂਟੀਨ ਸ਼ਰਧਾਲੂਆਂ ਵਿਚ ਸੜਕ ਦੁੱਖੋਂ ਰੋਸ ਹੈ। ਨਾਲ ਹੀ ਓਸ਼ੋ ਸੈਂਟਰ ਹੈ, ਜਿਹੜਾ ਕਿ ਸਵਾਮੀ ਅਗੋਚਰ ਤੀਰਥ ਦੀ ਰਹਿਨੁਮਾਈ ਵਿਚ ਚੱਲ ਰਿਹਾ ਹੈ, ਏਥੇ ਵੀ ਹਰ ਰੋਜ਼ ਤੇ ਖ਼ਾਸਕਰ ਹਰ ਐਤਵਾਰ ਨੂੰ ਰੂਹਾਨੀ ਖੋਜੀ, ਧਿਆਨ ਸਾਧਨਾ, ਮਿਲਣ ਗਿਲਣ ਤੇ ਐਨਜਾਇਮੈਂਟ ਖਾਤਰ ਆਉਂਦੇ ਹਨ, ਇਹ ਵੀ ਸੜਕ ਦੁੱਖੋਂ ਔਖੇ ਹਨ। ਦੋਆਬੇ ਦੇ ਏਸ ਪਿੰਡ ਭੋਜੋਵਾਲ ਦੀ ਮਸ਼ਹੂਰੀ, ਗੁਰਮਤਿ ਵਿਚਾਰਧਾਰਾ, ਬੱਬਰ ਅਕਾਲੀ ਲਹਿਰ ਤੋਂ ਇਲਾਵਾ ਕਾਂਗਰਸ ਦੇ ਮੁੱਢਲੇ ਦੌਰ ਦੇ ਇਨਕਲਾਬੀਆਂ ਸਦਕਾ ਰਹੀ ਹੈ। ਹੁਣ ਵੀ ਪਿੰਡ ਵਿਚ ਸਾਰੇ ਵਰਗਾਂ ਤੇ ਧਰਮਾਂ ਦੇ ਲੋਕ ਮੋਹ ਦੀਆਂ ਤੰਦਾਂ ਵਿਚ ਬੱਝ ਕੇ ਜਿਉਂ ਰਹੇ ਹਨ ਪਰ ਸੜਕ ਪੱਖੋਂ ਨਿਰਾਸ਼ ਹਨ। ਇਹ ਪਿੰਡ ਮਸ਼ਹੂਰ ਹੈ ਤੇ ਅਲਾਵਲਪੁਰ, ਆਦਮਪੁਰ, ਜੰਡੂ ਸਿੰਘਾ, ਜਲੰਧਰ ਦੇ ਲੋਕਾਂ ਦਾ ਏਧਰੋਂ ਲੰਘਣਾ ਹੋ ਹੀ ਜਾਂਦਾ ਹੈ।
ਏਸ ਸੜਕ ਬਾਰੇ ਰੋਹਨ ਵਾਹਦ, ਰਾਜ ਰਾਓਵਾਲੀ, ਇੰਟਰਨੈੱਟ ਉੱਤੇ ਚਰਚਿਤ ਲਿਖਾਰੀ ਯਾਦਵਿੰਦਰ ਦੀਦਾਵਰ ਨੇ ਜਲਦੀ ਰਿਪੇਅਰ ਕਰਨ ਦੀ ਮੰਗ ਕੀਤੀ ਹੈ। ਨਾਲ ਦੇ ਪਿੰਡਾਂ ਲੋਕਾਂ ਨੇ ਗ੍ਰਾਮ ਪੰਚਾਇਤ ਨੂੰ ਬੇਨਤੀ ਕੀਤੀ ਹੈ ਕਿ ਸੜਕ ਦਾ ਕੰਮ ਅੱਧਵਾਟੇ ਛੱਡ ਕੇ ਤਿੱਤਰ ਹੋਏ ਠੇਕੇਦਾਰ ਨੂੰ ਦਬਕਾ ਵਗੈਰਾ ਮਾਰ ਕੇ ਸੜਕ ਮੁਕੱਮਲ ਕਰਨ ਲਈ ਪ੍ਰੇਰਣਾ ਕੀਤੀ ਜਾਵੇ। ਏਸ ਸੜਕ ਦੀ ਮੁਰੰਮਤ ਨਾ ਹੋਈ ਤਾਂ ਸਤੰਬਰ ਮਹੀਨੇ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ।