(ਸਮਾਜ ਵੀਕਲੀ)
ਪੰਜਾਬ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਵਿੱਚ ਹਰੇਕ ਵੱਡੇ ਤੋਂ ਵੱਡੇ ਲੀਡਰ ਤੋਂ ਲੈ ਕੇ ਆਮ ਛੋਟੇ ਤੋਂ ਛੋਟੇ ਤੋਂ ਪੱਧਰ ਦਾ ਅਧਿਕਾਰੀ ਵੀ ਲੋਕਾਂ ਨੂੰ ਲੁੱਟਣ ‘ਤੇ ਤੁਲਿਆ ਹੋਇਆ ਹੈ ਭਾਵੇਂ ਉਹ ਸੂਬੇ ਦਾ ਮੁੱਖ ਮੰਤਰੀ ਹੋਵੇ ਜਾਂ ਪਿੰਡ ਦਾ ਕੋਈ ਸਰਪੰਚ। ਬਹੁਤ ਘੱਟ ਇਨਸਾਨ ਏਦਾਂ ਦੇ ਮਿਲਦੇ ਹਨ ਜੋ ਆਪਣੇ ਲਈ ਨਹੀਂ ਸਗੋਂ ਲੋਕਾਂ ਦੀ ਲਈ ਜਿਉਂਦੇ ਹਨ।
ਅਜਿਹੇ ਹੀ ਇਕ ਇਨਸਾਨ ਰਣਜੀਤ ਸਿੰਘ ਸਰਪੰਚ (ਸਮਾਲਸਰ ਕੋਠੇ) ਜਿੰਨ੍ਹਾਂ ਦਾ ਜਨਮ 5 ਫਰਵਰੀ 1968 ਨੂੰ ਪਿੰਡ ਸਮਾਲਸਰ ਜਿਲਾ ਮੋਗਾ ਵਿਖੇ ਪਿਤਾ ਲਾਲ ਸਿੰਘ ਦੇ ਘਰ ਮਾਤਾ ਜਲ ਕੌਰ ਦੀ ਕੁੱਖੋਂ ਹੋਇਆ। ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹਾਈ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਬਾਰਵੀਂ ਕਲਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂ ਤੇਗ ਬਹਾਦਰ ਗੜ ਤੋਂ ਪਾਸ ਕੀਤੀ।
ਆਪ ਆਪਣੇ ਭਰਾਵਾਂ ਵਿੱਚ ਸਭ ਤੋਂ ਛੋਟੇ ਹਨ। ਆਪ ਸਧਾਰਨ ਜਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਭਰਾਵਾਂ ਨਾਲ ਅੱਜ ਤੱਕ ਹੱਥੀਂ ਮਿਹਨਤ ਕਰਦੇ ਹਨ। ਕਹਿੰਦੇ ਹਨ ਕਿ ਜਿੰਦਗੀ ਦੁੱਖਾਂ ਸੁੱਖਾਂ ਦਾ ਨਾਂ ਹੈ ਆਪ ਨੇ ਵੀ ਆਪਣੀ ਜਿੰਦਗੀ ਵਿੱਚ ਬੜੇ ਦੁੱਖ ਸੁੱਖ ਆਪਣੇ ਪਿੰਡੇ ‘ਹੰਢਾਏ ਪਰ ਕਦੇ ਹੌਸਲਾ ਨਹੀਂ ਹਾਰਿਆ। ਹੋਰ ਸਰਪੰਚਾਂ ਦੇ ਸਤਾਏ ਲੋਕਾਂ ਨੇ ਵੋਟਾਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਅਗਸਤ 2018 ਨੂੰ ਸਰਬਸੰਮਤੀ ਨਾਲ ਰਣਜੀਤ ਸਿੰਘ ਨੂੰ ਸਰਪੰਚ ਚੁਣ ਲਿਆ ਸੀ , ਇਹ ਸਮਾਲਸਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।
ਆਪ ਦੇ ਪਰਿਵਾਰ ‘ਚ ਪਤਨੀ , ਦੋ ਲੜਕੀਆਂ ,ਲੜਕਾ ਅਤੇ ਨੂੰਹ ਇੱਕ ਲੜਕੀ ਅਤੇ ਲੜਕਾ ਵਿਦੇਸ਼ ਰਹਿੰਦੇ ਹਨ। ਜਮੀਨ ਥੋੜੀ ਹੋਣ ਦੇ ਬਾਵਜੂਦ ਵੀ ਸਾਰਿਆਂ ਭਰਾਵਾਂ ਨੇ ਮਿਹਨਤ ਕਰਕੇ ਪੂਰੇ ਪਰਿਵਾਰ ਨੂੰ ਸੈੱਟ ਕਰ ਲਿਆ ਹੈ। ਕਈ ਸਰਪੰਚ ਵੋਟਾਂ ਤੋਂ ਪਹਿਲਾਂ ਤਾਂ ਬੜਾ ਤਾਈ, ਚਾਚੀ ਕਰਦੇ ਫਿਰਦੇ ਹੁੰਦੇ ਐ ਪਰ ਜਦੋਂ ਜਿੱਤ ਜਾਂਦੇ ਆ ਉਦੋਂ ਕਹਿਣ ਗੇ ਤਾਈ ਕੱਲ੍ਹ ਨੂੰ ਆਈ ਅੱਜ ਤਾਂ ਮੈਂ ਬਾਹਰ ਚੱਲਿਆਂ ਦੱਸੋ ਉਹਨੇ ਲਵਾਉਣੀ ਤਾਂ ਮੋਹਰ ਹੀ ਹੁੰਦੀ ਆ ਧਾਰ ਤਾਂ ਨੀ ਕਢਾਉਣੀ ਜਿਹੜਾ ਕੁਵੇਲਾ ਹੋ ਜਾਉ।
ਜਿਆਦਾਤਰ ਪਿੰਡਾਂ ਵਿੱਚ ਵੋਟਾਂ ਤੋਂ ਬਾਅਦ ਪਿੰਡ ਦੀਆਂ ਗਲੀਆਂ ਤਾਂ ਨਹੀ ਪਰ ਸਰਪੰਚ ਦੀ ਕੋਠੀ ਅਤੇ ਕਾਰਾਂ ਜਰੂਰ ਬਣ ਜਾਂਦੀਆਂ ਹਨ। ਪਰ ਜਿਆਦਾਤਰ ਮਿਹਨਤ ਦੀ ਕਮਾਈ ਦਾ ਖਾ ਕਿ ਹੀ ਖੁਸ਼ ਹੁੰਦੇ ਹਨ ਕੁਝ ਅਜਿਹੀ ਹੀ ਫਿਤਰਤ ਦੇ ਮਾਲਕ ਹਨ ਰਣਜੀਤ ਸਿੰਘ ਸਰਪੰਚ।
ਦੋ ਸਾਲਾਂ ਦੇ ਸਮੇਂ ਵਿੱਚ ਪਿੰਡ ਦੇ ਵਿਕਾਸ ਲਈ ਕੀਤੇ ਕਾਰਜ, ਪਿੰਡ ਦੀਆਂ ਗਲੀਆਂ ਪੱਕੀਆਂ ਕਰੀਆਂ, ਗੁਰਦੁਆਰਾ ਨਾਨਕਸਰ ਨਿਵਾਸ ਦੇ ਚਾਰੋਂ ਪਾਸੇ ਜਾਂਦੇ ਰਾਹਾਂ ‘ਤੇ ਲਾਇਟਾਂ ਲਵਾਉਣਾਂ, ਸੜਕਾਂ ਦੇ ਕਿਨਾਰੇ ਸੋਹਣੇ ਦਰੱਖਤ ਲਗਾਏ, ਨਹਿਰ ਉੱਪਰ ਲੱਗੀ ਮੋਟਰ ਜਿਥੋਂ ਸਾਰਾ ਪਿੰਡ ਪੀਣ ਲਈ ਪਾਣੀ ਲਿਜਾਂਦਾ ਹੈ, ਉੱਥੇ ਵੱਡੀਆਂ ਲਾਈਟਾਂ ਲਗਾਈਆਂ ਅਤੇ ਪਿੰਡ ਵਿੱਚ ਬੈਠਣ ਕੁਰਸੀਆਂ ਦਾ ਪ੍ਰਬੰਧ ਕੀਤਾ।
ਪਿਛਲੇ ਦਿਨੀ ਲਾਕਡਾਊਨ ਵਿੱਚ ਗਰੀਬ ਪਰਿਵਾਰਾਂ ਦੀ ਬਹੁਤ ਮੱਦਦ ਕੀਤੀ ਇਹ ਇੱਕ ਅਗਾਂਹਵਧੂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਜੇਕਰ ਕੋਈ ਭੈਣ ਭਰਾ ਅੱਧੀ ਰਾਤ ਵੀ ਕਿਸੇ ਮਜਬੂਰੀ ਵੱਸ ਬੂਹਾ ਖੜਕਾ ਦੇਣ ਤਾਂ ਰਣਜੀਤ ਸਿੰਘ ਪੈਰ ਜੁੱਤੀ ਪਾਉਣ ਲੱਗਿਆਂ ਟਾਇਮ ਨਹੀਂ ਲਾਉਂਦੇ, ਉਨਾਂ ਦਾ ਸੋਚਣਾ ਹੈ ਕਿ ਬੰਦੇ ਨੂੰ ਪਤਾ ਨਹੀਂ ਕਿਸਦੀਆਂ ਅਸੀਸਾਂ ਕੀ ਤੋਂ ਕੀ ਬਣਾ ਦੇਣ। ਉਹ ਪਿੰਡ ਦੇ ਕਿਸੇ ਆਮ ਮਸਲੇ ਨੂੰ ਥਾਣੇ ਕਚਿਹਰੀ ਜਾਣ ਤੋਂ ਬਿਨਾਂ ਪੰਚਾਇਤੀ ਤੌਰ ‘ਤੇ ਹੀ ਨਿਬੇੜ ਦਿੰਦੇ ਹਨ।
ਭਰਾਵਾਂ ਵਿੱਚ ਭਾਵੇਂ ਉਹ ਸਭ ਤੋਂ ਛੋਟੇ ਹਨ ਪਰ ਹਰ ਤਰ੍ਹਾਂ ਦਾ ਹਿਸਾਬ- ਕਿਤਾਬ ਉਨ੍ਹਾਂ ਦੇ ਹੱਥ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਪਿੰਡ ਦੇ ਵਿਕਾਸ ਲਈ ਕਈ ਘਾੜਤਾਂ ਘੜ ਰਹੇ ਹਨ ਜਿਵੇਂ ਵਧੀਆ ਪਾਰਕ, ਹਰੇਕ ਘਰ ਅੱਗੇ ਨੰਬਰ ਪਲੇਟਾਂ, ਪੀਣ ਯੋਗ ਪਾਣੀ ਲਈ ਨਹਿਰ ‘ਤੇ ਹੋਰ ਮੋਟਰ ਦਾ ਪ੍ਰਬੰਧ ਆਦਿ ਕਈ ਹੋਰ ਕੰਮ।
ਉਨਾਂ ਦਾ ਹੋਰ ਸਰਪੰਚਾਂ ਅਧਿਕਾਰੀਆਂ ਨੂੰ ਸੰਦੇਸ਼ ਹੈ ਕਿ ਗੋਗਲੂਆਂ ਤੋਂ ਮਿੱਟੀ ਝਾੜਨ ਬੰਦ ਕਰਕੇ ਸਾਰਥਕ ਕੰਮ ਕਰੋ ਤਾਂ ਕਿ ਲੋਕ ਤੁਹਾਨੂੰ ਤੁਹਾਡੇ ਗੁਣਾਂ ਕਰਕੇ ਯਾਦ ਕਰਨ ਔਗੁਣਾਂ ਕਰਕੇ ਨਹੀਂ ਤੁਹਾਨੂੰ ਲੋਕਾਂ ਨੂੰ ਨਾ ਕਹਿਣਾ ਪਵੇ ਮੈਂ ਸਰਪੰਚ ਬਣਨਾ ਬਲਕਿ ਲੋਕ ਤੁਹਾਨੂੰ ਕਹਿਣ ਅਸੀਂ ਤੈਨੂੰ ਸਰਪੰਚ ਬਣਾਉਣਾ ਹੈ।
ਲੇਖਕ ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392