ਗਿੱਦੜਬਾਹਾ ਹਲਕੇ ਵਿੱਚ ਪੰਚਾਇਤੀ ਚੋਣਾਂ ਦਾ ਅਮਲ ਸ਼ਾਂਤੀਪੂਰਵਕ ਸਿਰੇ ਚੜ੍ਹਨ ਤੋਂ ਬਾਅਦ ਲੋਕਾਂ ਨੇ ਸੁਖ ਦਾ ਸਾਹ ਲਿਆ ਸੀ ਪਰ ਦੇਰ ਰਾਤ ਵੋਟਾਂ ਦੀ ਗਿਣਤੀ ਖ਼ਤਮ ਹੋਣ ਮਗਰੋਂ ਸ਼ਰਾਰਤੀਆਂ ਨੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਕਈ ਪਿੰਡਾਂ ਵਿੱਚ ਛੋਟੀਆਂ ਮੋਟੀਆਂ ਹਿੰਸਕ ਘਟਨਾਵਾਂ ਹੋਈਆਂ ਪਰ ਛੱਤਿਆਣਾ ਵਿੱਚ ਗਿਣਤੀ ਉਪਰੰਤ ਹਾਰੇ ਹੋਏ ਉਮੀਦਵਾਰ ਦੇ ਵੱਡੀ ਗਿਣਤੀ ਸਮਰੱਥਕਾਂ ਨੇ ਪੁਲੀਸ ਅਤੇ ਪੋਲਿੰਗ ਸਟਾਫ਼ ਦੀਆਂ ਗੱਡੀਆਂ ਅੱਗੇ ਦਰੱਖਤ ਸੁੱਟਕੇ ਉਨ੍ਹਾਂ ਨੂੰ ਸਕੂਲ ਕੋਲ ਹੀ ਘੇਰ ਕੇ ਇੱਟਾਂ ਡਲਿਆਂ ਨਾਲ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਅਤੇ ਪੋਲਿੰਗ ਸਟਾਫ਼ ਨੇ ਭੱਜ ਕੇ ਲੋਕਾਂ ਦੇ ਘਰਾਂ ਅੰਦਰ ਵੜ ਕੇ ਆਪਣੀਆਂ ਜਾਨਾਂ ਬਚਾਈਆਂ। ਇਸ ਉਪਰੰਤ ਹਮਲਾਵਰਾਂ ਨੇ ਪੁਲੀਸ ਦੀਆਂ ਗੱਡੀਆਂ ਅਤੇ ਪੰਜਾਬ ਰੋਡਵੇਜ਼ ਦੀ ਬੱਸ ਜੋ ਵੋਟ ਬਕਸੇ ਅਤੇ ਪੋਲਿੰਗ ਸਟਾਫ਼ ਨੂੰ ਲੈ ਕੇ ਗਿੱਦੜਬਾਹਾ ਨੂੰ ਜਾਣ ਲੱਗੀ ਸੀ, ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਜੋ ਸਾਮਾਨ ਹਮਲਾਵਰਾਂ ਨੇ ਖਿਲਾਰ ਦਿੱਤਾ ਸੀ ਅੱਜ ਸਵੇਰੇ ਪੁਲੀਸ ਨੇ ਸਕੂਲ ਦੀ ਗਰਾਊਂਡ ਤੇ ਨਾਲ ਲਗਦੇ ਛੱਪੜ ਵਿੱਚੋਂ ਬਰਾਮਦ ਕੀਤਾ। ਪ੍ਰਤੱਖ ਦਰਸ਼ੀਆਂ ਅਨੁਸਾਰ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਪੁਲੀਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਨਾਲ ਹਮਲਾਵਰਾਂ ਨੂੰ ਖਦੇੜ ਕੇ ਪੁਲੀਸ ਮੁਲਾਜ਼ਮ ਖੁਦ ਅਤੇ ਬਾਕੀ ਪੋਲਿੰਗ ਸਟਾਫ਼ ਨੂੰ ਉਥੋਂ ਕੱਢਣ ’ਚ ਕਾਮਯਾਬ ਰਹੇ। ਇਸ ਸਬੰਧੀ ਥਾਣਾ ਕੋਟਭਾਈ ਦੀ ਪੁਲੀਸ ਨੇ ਜਗਵਿੰਦਰ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਲੁਤਰ ਸਿੰਘ, ਗੁਰਸਾਹਿਬ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਗੁਰਪਿਆਰ ਸਿੰਘ, ਰਾਜਵਿੰਦਰ ਸਿੰਘ ਸਮੇਤ 60-70 ਅਣਪਛਾਤੇ ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।