ਮੁਕੇਰੀਆਂ– ਗੜ੍ਹਦੀਵਾਲਾ ਪੁਲੀਸ ਨੇ ਇੱਕ ਨੌਜਵਾਨ ਦੀ ਭੇਤਭਰੇ ਹਾਲਾਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਇੱਕ ਨੌਜਵਾਨ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸ਼ਾਮ ਸਿੰਘ ਵਾਸੀ ਪਿੰਡ ਰਾਣਾ ਹਾਲ ਵਾਸੀ ਪਿੰਡ ਗੋਂਦਪੁਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਪਿੰਡ ਰਾਣਾ ਵਿੱਚ ਜ਼ਮੀਨ ਹੈ ਅਤੇ ਉਸਦੇ ਪਿਤਾ ਦੀ ਕਰੀਬ 7 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਹ ਖੁਦ ਪਿੰਡ ਗੋਂਦਪੁਰ ਵਿੱਚ ਰਹਿੰਦਾ ਹੈ ਅਤੇ ਉਸਦਾ ਮਤਰੇਆ ਭਰਾ ਦਰਬਾਰਾ ਸਿੰਘ ਪਿੰਡ ਰਾਣਾ ਵਿੱਚ ਜ਼ਮੀਨ ’ਤੇ ਬਣਾਏ ਡੇਰੇ ਵਿੱਚ ਰਹਿੰਦਾ ਹੈ। ਉਹ ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਦੀ ਵੰਡ ਕਰਨਾ ਚਾਹੁੰਦੇ ਸਨ। ਬੀਤੇ ਦਿਨ ਉਸਦਾ ਭਤੀਜਾ ਸੰਦੀਪ ਸਿੰਘ ਬੰਟੀ ਪੁੱਤਰ ਦਰਬਾਰਾ ਸਿੰਘ ਬੀਤੇ ਦਿਨ ਉਸਦੇ ਘਰ ਆਇਆ ਅਤੇ ਉਸਦੇ ਲੜਕੇ ਸਤਨਾਮ ਸਿੰਘ ਨੂੰ ਖੇਤਾਂ ਵੱਲ ਗੇੜਾ ਮਾਰਨ ਜਾਣ ਦਾ ਆਖ ਕੇ ਆਪਣੇ ਨਾਲ ਲੈ ਗਿਆ। ਇਸ ਦੌਰਾਨ ਸੰਦੀਪ ਸਿੰਘ ਬੀਤੀ ਸ਼ਾਮ ਕਰੀਬ 6 ਵਜੇ ਆਪਣੀ ਕਾਰ ਨੰਬਰ ਪੀਬੀ 07 ਏਏ-0148 ਵਿੱਚ ਆਇਆ ਅਤੇ ਉਸਦੇਲੜਕੇ ਸਤਨਾਮ ਸਿੰਘ ਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਘਰ ਦੇ ਬਾਹਰਲੇ ਗੇਟ ਵਿੱਚ ਸੁੱਟ ਕੇ ਚਲਾ ਗਿਆ। ਸ਼ਾਮ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਲੜਕੇ ਨੂੰ ਉਠਾਇਆ ਤਾਂ ਉਹ ਸਹਿਕ ਰਿਹਾ ਸੀ। ਉਸਦੇ ਲੜਕੇ ਸਤਨਾਮ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਬੰਟੀ ਨੇ ਉਸਨੂੰ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਹੈ। ਉਹ ਆਪਣੇ ਲੜਕੇ ਨੂੰ ਸਿਵਲ ਹਸਪਤਾਲ ਦਸੂਹਾ ਲਿਜਾਣ ਲੱਗਾ ਤਾਂ ਉਸਦੀ ਮੌਤ ਹੋ ਗਈ। ਉਸਨੇ ਦੋਸ਼ ਲਗਾਇਆ ਕਿ ਉਸਦੇ ਲੜਕੇ ਸਤਨਾਮ ਸਿੰਘ ਨੂੰ ਉਸਦੇ ਭਤੀਜੇ ਸੰਦੀਪ ਸਿੰਘ ਉਰਫ ਬੰਟੀ ਨੇ ਮਾਰ ਦੇਣ ਦੀ ਨੀਅਤ ਨਾਲ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ। ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਕਤ ਖਿਲਾਫ਼ ਧਾਰਾ 304 ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।