ਜੋਗਾ (ਸਮਾਜਵੀਕਲੀ) : ਪਿੰਡ ਅਕਲੀਆ ਵਿੱਚ ਕੈਂਸਰ ਨਾਲ ਹਫ਼ਤਾਵਾਰੀ ਹੋ ਰਹੀਆਂ ਮੌਤਾਂ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਕਿਸਾਨ ਪਰਿਵਾਰ ਦੇ ਮੁਖੀ ਟਹਿਲ ਸਿੰਘ ਅਕਲੀਆ ਅਤੇ ਉਸ ਦੀ ਸਕੀ ਭਰਜਾਈ ਰਾਜ ਕੌਰ ਅਕਲੀਆ ਦੀਆਂ ਮੌਤਾਂ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਦਾ ਬੁਰਾ ਹਾਲ ਹੈ। ਮ੍ਰਿਤਕ ਟਹਿਲ ਸਿੰਘ ਅਕਲੀਆ ਦੀ ਪਤਨੀ ਕਰਮਜੀਤ ਕੌਰ ਅਕਲੀਆ ਵੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ। ਆਪਣੇ ਘਰ ਪਿਛਲੇ ਕਈ ਮਹੀਨਿਆਂ ਤੋਂ ਮੰਜੇ ਉੱਪਰ ਪਈ ਹੈ।
ਮ੍ਰਿਤਕ ਟਹਿਲ ਸਿੰਘ ਦੇ ਇਕਲੌਤੇ ਪੁੱਤਰ ਹਰਦੀਪ ਸਿੰਘ (20) ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਸਭ ਤੋਂ ਪਹਿਲਾਂ ਉਸ ਦੀ ਸਕੀ ਚਾਚੀ ਰਾਜ ਕੌਰ ਜਿਸ ਦੇ ਚਾਰ ਬੱਚੇ ਹਨ ਅਤੇ ਫੇਰ ਊਸ ਦੇ ਪਿਤਾ ਟਹਿਲ ਸਿੰਘ ਨੂੰ ਕੈਂਸਰ ਦੀ ਬਿਮਾਰੀ ਨੇ ਨਿਗਲ ਲਿਆ, ਹੁਣ ਉਸ ਦੀ ਮਾਤਾ ਕਰਮਜੀਤ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ। ਦੋਵੇ ਘਰਾਂ ਵਿੱਚ ਕਮਾਉ ਬੰਦਾ ਨਾ ਹੋਣ ਕਰਕੇ ਹਾਲਤ ਤਰਸਯੋਗ ਹਾਲਤ ਬਣੀ ਹੋਈ ਹੈ।
ਅਕਲੀਆ ਦੇ ਹੀ ਗਰੀਬ ਕਿਸਾਨ ਪਰਿਵਾਰ ਦੇ ਇੱਕੋ ਘਰ ਵਿੱਚ ਸਭ ਤੋਂ ਪਹਿਲਾਂ ਕਿਸਾਨ ਮਹਿੰਦਰ ਸਿੰਘ ਲਹਿਣੇ ਕਾ ਦੀ ਪਤਨੀ ਸੁਰਜੀਤ ਕੌਰ ਨੂੰ ਕੈਂਸਰ ਦੇ ਦੈਂਤ ਨੇ ਨਿਗਲ ਲਿਆ, ਫੇਰ ਉਸ ਦੇ ਪਹਿਲੇ ਪੁੱਤਰ ਮੰਟਾ ਸਿੰਘ, ਦੂਜੇ ਪੁੱਤਰ ਦਰਸ਼ਨ ਸਿੰਘ ਉਰਫ ਮਹੰਤੀ ਦੀ ਵੀ ਇਸ ਬਿਮਾਰੀ ਨੇ ਜਾਨ ਲੈ ਲਈ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਦੇ ਤੀਸਰੇ ਪੁੱਤਰ ਗੁਰਜੰਟ ਸਿੰਘ ਉਰਫ ਜੰਟਾਂ ਨੂੰ ਵੀ ਗਲੇ ਦਾ ਕੈਂਸਰ ਹੋਣ ਕਰਕੇ ਉਸ ਦੀ ਵੀ ਮੌਤ ਹੋ ਗਈ ਹੈ। ਮਨਜੀਤ ਕੌਰ ਨੇ ਦੱਸਿਆ ਕਿ ਬਿਮਾਰੀ ਨੇ ਸਾਡੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਖਾਣ ਦੇ ਨਾਲ-ਨਾਲ ਸਾਡੀ ਜੱਦੀ ਪੁਸ਼ਤੀ ਜਾਇਦਾਦ ਨੂੰ ਨਿਗਲ ਲਿਆ ਹੈ।
ਇਸ ਪਿੰਡ ਦੇ ਜਥੇਦਾਰ ਮੱਘਰ ਸਿੰਘ ਅਤੇ ਸੁਰਜੀਤ ਕੌਰ ਸਮੇਤ ਅਨੇਕਾਂ ਹੀ ਮਰਦ, ਔਰਤਾਂ ਨਿੱਜੀ ਤੌਰ ’ਤੇ ਖਰਚ ਕਰਕੇ ਇਲਾਜ ਕਰਵਾ ਰਹੇ ਹਨ। ਇਸ ਬਿਮਾਰੀ ਨਾਲ ਦੋ ਹੱਥ ਲੜਾਈ ਲੜ ਰਹੇ ਇਨ੍ਹਾਂ ਪਰਿਵਾਰਾਂ ਦੀ ਘਰੇਲੂ ਮਾਲੀ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਹਸਪਤਾਲਾਂ ਦੇ ਖਰਚੇ ਕਰਨ ਦੇ ਸਮਰੱਥ ਨਹੀਂ ਹਨ।
ਪਿੰਡ ਦੇ ਸਰਪੰਚ ਸੁਖਵੀਰ ਕੌਰ ਖਾਲਸਾ ਅਤੇ ਕਾਮਰੇਡ ਅਜਮੇਰ ਸਿੰਘ ਅਕਲੀਆ ਨੇ ਮੰਗ ਕੀਤੀ ਕਿ ਇਨ੍ਹਾਂ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਸਰਕਾਰੀ ਜਾ ਕੋਈ ਸਮਾਜਸੇਵੀ ਅੱਗੇ ਆਵੇ। ਦੂਜੇ ਪਾਸੇ ਸਿਵਲ ਸਰਜਨ ਮਾਨਸਾ ਡਾਕਟਰ ਲਾਲ ਚੰਦ ਠੁਕਰਾਲ ਨੇ ਅਣਜਣਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਚਾਇਤ ਅਕਲੀਆ ਆਪਣੇ ਪਿੰਡ ਵਿੱਚ ਕੈਂਸਰ ਦੀ ਬਿਮਾਰੀ ਹੋਣ ਸਬੰਧੀ ਲਿਖ ਕੇ ਭੇਜ ਦੇਵੇ, ਫੇਰ ਉਹ ਕੈਂਸਰ ਮਰੀਜ਼ਾਂ ਨੂੰ ਪੰਜਾਬ ਸਰਕਾਰ ਰਾਹੀਂ ਸਿਹਤ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਹਰ ਸਹੂਲਤ ਮੁਹੱਈਆ ਕਰਵਾਵਾਂਗੇ।