ਭਾਰਤ ਨੇ ਗੁਲਾਬੀ ਗੇਂਦ ਤੋਂ ਮਿਲਣ ਵਾਲੀਆਂ ਚੁਣੌਤੀਆਂ ਨੂੰ ਸਰ ਕਰਦਿਆਂ ਪਹਿਲੇ ਦਿਨ-ਰਾਤ ਟੈਸਟ ਵਿੱਚ ਬੰਗਲਾਦੇਸ਼ ਨੂੰ ਪਾਰੀ ਅਤੇ 46 ਦੌੜਾਂ ਨਾਲ ਹਰਾ ਕੇ ਆਪਣੇ ਘਰ ਵਿੱਚ ਲਗਾਤਾਰ 12ਵੀਂ ਲੜੀ ਜਿੱਤ ਲਈ। ਬੰਗਲਾਦੇਸ਼ ਨੇ ਤੀਜੇ ਦਿਨ ਦੂਜੀ ਪਾਰੀ ਛੇ ਵਿਕਟਾਂ ’ਤੇ 152 ਦੌੜਾਂ ਤੋਂ ਸ਼ੁਰੂ ਕੀਤੀ ਅਤੇ ਉਦੋਂ ਉਹ 89 ਦੌੜਾਂ ਨਾਲ ਪੱਛੜ ਰਿਹਾ ਸੀ। ਕਪਤਾਨ ਵਿਰਾਟ ਕੋਹਲੀ ਦੀ ਟੀਮ ਨੇ 50 ਮਿੰਟ (47 ਮਿੰਟ) ਤੋਂ ਵੀ ਘੱਟ ਸਮੇਂ ਵਿੱਚ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੂੰ ਆਊਟ ਕਰਕੇ ਪਾਰੀ ਦੀ ਲਗਾਤਾਰ ਚੌਥੀ ਜਿੱਤ ਆਪਣੇ ਨਾਮ ਕੀਤੀ। ਉਹ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ।ਮੁਸ਼ਫਿਕੁਰ ਰਹੀਮ (74 ਦੌੜਾਂ) ਨੂੰ ਛੱਡ ਕੇ ਬੰਗਲਾਦੇਸ਼ ਦਾ ਕੋਈ ਬੱਲੇਬਾਜ਼ ਇੱਕ ਵਾਰ ਫਿਰ ਭਾਰਤੀ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਪੂਰੀ ਟੀਮ 41.1 ਓਵਰ ਵਿੱਚ 195 ਦੌੜਾਂ ’ਤੇ ਢੇਰ ਹੋ ਗਈ। ਪਹਿਲੇ ਦਿਨ ਟੀਮ 106 ਦੌੜਾਂ ਹੀ ਬਣਾ ਸਕੀ ਸੀ। ਇਸ ਲੜੀ ਵਿੱਚ ਦੂਜੀ ਵਾਰ ਮੈਚ ਤਿੰਨ ਦਿਨ ਦੇ ਅੰਦਰ ਖ਼ਤਮ ਹੋ ਗਿਆ। ਭਾਰਤ ਨੇ ਇੰਦੌਰ ਵਿੱਚ ਲੜੀ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਹਰਾਇਆ ਸੀ। ਇਸ 2-0 ਦੀ ਸ਼ਾਨਦਾਰ ਜਿੱਤ ਨਾਲ ਭਾਰਤ ਨੇ 120 ਅੰਕ ਲੈ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਆਪਣੀ ਲੀਡ ਵੀ ਵਧਾ ਲਈ ਅਤੇ ਉਸ ਦੇ ਸੱਤ ਮੈਚਾਂ ਵਿੱਚ ਕੁੱਲ 360 ਅੰਕ ਹੋ ਗਏ ਹਨ। ਮੁਸ਼ਫਿਕੁਰ ਨੇ 59 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਸੀ। ਉਮੇਸ਼ ਯਾਦਵ ਨੇ ਉਸ ਦੀ ਪਾਰੀ ਖ਼ਤਮ ਕੀਤੀ। ਉਹ ਜਡੇਜਾ ਨੂੰ ਆਸਾਨ ਕੈਚ ਦੇ ਬੈਠਿਆ। ਮਹਿਮੂਦੁੱਲ੍ਹਾ 39 ਦੌੜਾਂ ’ਤੇ ਰਿਟਾਇਰਡ ਹਰਟ ਹੋਇਆ ਸੀ, ਉਹ ਬੱਲੇਬਾਜ਼ੀ ਲਈ ਨਹੀਂ ਉਤਰਿਆ। ਯਾਦਵ ਨੇ ਫਿਰ ਅਲ ਅਮੀਨ ਹੁਸੈਨ ਨੂੰ ਆਊਟ ਕਰਕੇ ਭਾਰਤ ਨੂੰ ਜਿੱਤ ਦਿਵਾਈ। ਯਾਦਵ ਨੇ ਦੂਜੀ ਪਾਰੀ ਵਿੱਚ 53 ਦੌੜਾਂ ਦੇ ਕੇ ਪੰਜ ਵਿਕਟਾਂ ਅਤੇ ਪੂਰੇ ਮੈਚ ਦੌਰਾਨ 81 ਦੌੜਾਂ ਦੇ ਕੇ ਕੁੱਲ ਅੱਠ ਵਿਕਟਾਂ ਲਈਆਂ। ਮੁਹੰਮਦ ਸ਼ਮੀ ਨੇ ਪਹਿਲੀ ਪਾਰੀ ਵਿੱਚ 36 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਇਸ਼ਾਂਤ ਸ਼ਰਮਾ ਨੇ ਮੈਚ ਦੌਰਾਨ 78 ਦੌੜਾਂ ਕੇ ਨੌਂ ਵਿਕਟਾਂ (ਦੂਜੀ ਪਾਰੀ ਵਿੱਚ 56 ਦੌੌੜਾਂ ਦੇ ਕੇ ਚਾਰ ਵਿਕਟਾਂ) ਹਾਸਲ ਕੀਤੀਆਂ। ਗੁਲਾਬੀ ਗੇਂਦ ਦੇ ਇਸ ਇਤਿਹਾਸਕ ਟੈਸਟ ਲਈ ਈਡਨ ਗਾਰਡਨ ਬਿਹਤਰੀਨ ਮੇਜ਼ਬਾਨ ਰਿਹਾ, ਜਿਸ ਵਿੱਚ ਤਿੰਨ ਦਿਨ ਸਟੇਡੀਅਮ ਦਰਸ਼ਕਾਂ ਨਾਲ ਨੱਕੋ-ਨੱਕ ਭਰਿਆ ਰਿਹਾ।
Sports ਪਿੰਕ ਬਾਲ ਟੈਸਟ: ਬੰਗਲਾਦੇਸ਼ ਨੂੰ ਪਾਰੀ ਤੇ 46 ਦੌੜਾਂ ਦੀ ਸ਼ਿਕਸਤ