ਪਿੰਕੂ ਰਾਜ਼ੀ ਕਿੰਝ ਹੋਵੇ !!

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

“ਤੁਸੀਂ ਹਰਾਮ ਦਾ ਪੈਸਾ ਲੈਣਾ ਛੱਡ ਦਿਓ ਤਾਂ ਆਪਣਾ ਪਿੰਕੂ ਛੇਤੀ ਰਾਜ਼ੀ ਹੋਜੂ !” ਜਸਪ੍ਰੀਤ ਕੌਰ ਨੇ ਬਹੁਤ ਠੋਸ ਢੰਗ ਨਾਲ਼ ਇਹ ਗੱਲ ਆਪਣੇ ਟ੍ਰੈਫ਼ਿਕ ਇੰਚਾਰਜ ਪਤੀ ਬਘੇਲ ਸਿੰਘ ਨੂੰ ਕਹੀ ਸੀ ਜਿਹੜਾ ਕਿ ਰੋਜ਼ ਹੀ ਤਨਖ਼ਾਹ ਤੋਂ ਬਿਨਾਂ, ਉੱਪਰਲੀ ਕਮਾਈ ਦੇ ਪੈਸਿਆਂ ਨਾਲ਼ ਝੋਲ਼ਾ ਭਰ ਕੇ ਘਰ ਲੈ ਕੇ ਆਉਂਦਾ ਸੀ। ਟ੍ਰੈਫ਼ਿਕ ਇੰਸਪੈਕਟਰ ਬਘੇਲ ਸਿੰਘ ਦਾ 9–10 ਸਾਲਾ, ਇਕਲੌਤਾ ਪੁੱਤਰ ਪਿੰਕੂ, ਪਿਛਲੇ ਦੋ–ਢਾਈ ਮਹੀਨਿਆਂ ਤੋਂ ਬਿਮਾਰ ਚੱਲ ਰਿਹਾ ਸੀ। ਵੱਡੇ ਤੋਂ ਵੱਡੇ ਐਕਸਪਰਟ ਡਾਕਟਰ ਨੂੰ ਦਿਖਾਇਆ ਸੀ ਪਰ ਪਿੰਕੂ ਦੀ ਐਲਰਜੀ ਠੀਕ ਨਾ ਹੋਈ।

ਦੋਹਾਂ ਜੀਆਂ ਨੂੰ ਜਿੱਥੇ ਦੱਸ ਪਈ ਓਥੇ ਜਾ ਕੇ ਮੱਥੇ ਵੀ ਟੇਕੇ, ਸੁੱਖਾਂ ਵੀ ਸੁੱਖੀਆਂ, ਝਾੜੇ–ਹਥੌਲ਼ੇ ਵੀ ਕਰਵਾਏ ਕੋਈ ਰਾਮਦਾਰੀ ਨਾ ਹੋਈ।
ਇੱਕ ਸਾਧ ਨੇ ਇਹ ਵਚਨ ਕਰ ਦਿੱਤੇ ਕਿ ‘ਤੁਹਾਡੇ ਬੇਟੇ ’ਤੇ ਹਰਾਮ ਪੈਸੇ ਦਾ ਸਾਇਆ ਹੈ। ਜਿੰਨੀ ਦੇਰ ਘਰ ਵਿੱਚ ਹੱਕ–ਹਲਾਲ ਤੋਂ ਬਿਨਾਂ ਹਰਾਮ ਪੈਸਾ ਆਉਂਦਾ ਰਹੇਗਾ ਓਨੀ ਦੇਰ ਤੱਕ ਇਹ ਬੱਚਾ ਠੀਕ ਨਹੀਂ ਹੋ ਸਕਦਾ।’ ਅਸਲ ਵਿੱਚ ਉਹ ਸਾਧ ਬਘੇਲ ਸਿੰਘ ਬਾਰੇ ਜਾਣਦਾ ਸੀ ਕਿ ‘ਇਸ ਦੀ ਡਿਊਟੀ ਟ੍ਰੈਫ਼ਿਕ ਇੰਚਾਰਜ ਵਜੋਂ ਜਿਸ ਟੋਲ ਬੈਰੀਅਰ ’ਤੇ ਲੱਗੀ ਹੈ, ਓਥੇ ਇਹ ਕਿਸੇ ਨੂੰ ਸੁੱਕਾ ਨਹੀਂ ਜਾਣ ਦਿੰਦੇ, ਹਰੇਕ ਨੂੰ ਝਟਕਾਉਂਦੇ ਹਨ।’

“ਓ ਯਰ ਮੇਰਾ ਕਿਹੜਾ ਦਿਲ ਕਰਦੈ ਬਈ ਲੋਕਾਂ ਦੀਆਂ ਜੇਬਾਂ ’ਤੇ ਛੁਰੀਆਂ ਫੇਰਾਂ…. ਪਰ ਨਿੱਤ–ਦਿਨ ਉੱਪਰਲਿਆਂ ਦੀਆਂ ਸੌ–ਸੌ ਵਗਾਰਾਂ ਪੂਰਨ ਲਈ ਆਪਣਾ ਜ਼ਮੀਰ ਝਟਕਾਉਣਾ ਈ ਪੈਂਦਾ ਏ। ਨਾਲ਼ੇ ਮੈਂ ਕਿਹੜਾ ਕੱਲਾਂ, ਸਾਰਾ ਸਟਾਫ਼ ਈ ਇਹੋ ਜਿਹੈ…. ਛੱਪੜ ਨੂੰ ਤਾਂ ਇੱਕੋ ਮੱਛੀ ਗੰਧਲਾ ਕਰ ਦਿੰਦੀ ਐ, ਸਾਡੇ ਤਾਂ ਸਾਰੇ ਈ ਮਗਰਮੱਛ ਲਿਬੜੇ ਹੋਏ ਨੇ…. ਤੂੰ ਹੀ ਦੱਸ ਮੈਂ ਕੱਲਾ ਕੀ ਕਰਾਂ ?” ਬਘੇਲ ਸਿੰਘ ਨੇ ਪਤਨੀ ਅੱਗੇ ਆਪਣੀ ਮਜਬੂਰੀ ਤੇ ਆਪਣੀ ਸਥਿਤੀ ਸਪਸ਼ਟ ਕੀਤੀ ਸੀ।

“ਚੱਲ ਉਹ ਲੈਂਦੇ ਨੇ ਲਈ ਜਾਣ ਪਰ ਤੁਸੀਂ ਅੱਜ ਤੋਂ ਬਾਅਦ ਤਨਖ਼ਾਹ ਤੋਂ ਬਿਨਾਂ ਇੱਕ ਵੀ ਨਵਾਂ ਪੈਸਾ ਨਹੀਓਂ ਲੈਣਾ ਕਿਸੇ ਕੋਲ਼ੋਂ..!” ਜਸਪ੍ਰੀਤ ਮਮਤਾ ਦੀ ਬੰਨ੍ਹੀ ਆਪਣੇ ਫ਼ੈਸਲੇ ’ਤੇ ਪੂਰੀ ਤਰ੍ਹਾਂ ਅਟੱਲ ਸੀ।

ਬਘੇਲ ਸਿੰਘ ਵੀ ਆਪਣੀ ਥਾਏਂ ਸਹੀ ਸੀ, “ਐਂ ਗੁਜ਼ਾਰਾ ਕਿਵੇਂ ਚੱਲੂ ? ਤਨਖ਼ਾਹ ਨਾਲ਼ ਘਰ ਦਾ ਤੋਰੀ–ਫੁਲਕਾ ਤਾਂ ਤੁਰੀ ਜਾਊ ਪਰ ਨਿੱਤ ਦੀਆਂ ਸੌ ਵਗਾਰਾਂ ਕਿੱਥੋਂ ਪੂਰੂੰ ? ਅਫ਼ਸਰਾਂ ਦੀ ਛੱਡ ਮੇਰੇ ਤਾਂ ਮਤਾਹਿਤਾਂ ਨੇ ਨ੍ਹੀਂ ਜਿਊਣ ਦੇਣਾ ਮੈਨੂੰ….!!”

ਜਸਪ੍ਰੀਤ ਕਿਸੇ ਵੀ ਹੀਲੇ ਆਪਣੇ ਪਿੰਕੂ ਨੂੰ ਤੰਦਰੁਸਤ ਵੇਖਣਾ ਚਾਹੁੰਦੀ। ਜਦੋਂ ਉਸ ਨੂੰ ਕੋਈ ਪੇਸ਼ ਜਾਂਦੀ ਨਾ ਦਿਸੀ ਤਾਂ ਉਸ ਨੇ ਵਿਚਲੇ ਰਸਤੇ ਵੱਲ ਇਸ਼ਾਰਾ ਜਿਹਾ ਕਰਦਿਆਂ ਕਿਹਾ, “ਚਲੋ ਐਂ ਕਰੋ, ਜਦ ਤੱਕ ਆਪਣਾ ਪਿੰਕੂ ਪੂਰੀ ਤਰ੍ਹਾਂ ਰਾਜ਼ੀ ਨਹੀਂ ਹੁੰਦਾ, ਘੱਟੋ–ਘੱਟ ਓਨੇ ਸਮੇਂ ਲਈ ਤਾਂ ਨਾ ਕਰੋ ਗਰੀਬ–ਗਊ ਦੀ ਹੱਤਿਆ… ਕਿਤੇ ਨ੍ਹੀਂ ਕੋਠੇ ਢਹਿੰਦੇ…. ਬੱਸ ਪਿੰਕੂ ਦੇ ਠੀਕ ਹੋਣ ਤੱਕ…. ਖਾਓ ਮੇਰੀ ਸਹੁੰ….!!” ਇੰਨਾ ਆਖ ਜਸਪ੍ਰੀਤ ਨੇ ਬਘੇਲ ਸਿੰਘ ਦਾ ਹੱਥ ਫੜ ਕੇ ਆਪਣੇ ਸਿਰ ’ਤੇ ਧਰਾ ਲਿਆ।

ਟੋਲ ਬੈਰੀਅਰ ’ਤੇ ਪਹੁੰਚਦਿਆਂ ਹੀ ਟ੍ਰੈਫ਼ਿਕ ਇੰਚਾਰਜ ਬਘੇਲ ਸਿੰਘ ਨੇ ਆਪਣੇ ਮਤਾਹਿਤਾਂ ਅੱਗੇ ਐਲਾਨ ਜਿਹਾ ਕਰਦਿਆਂ ਕਿਹਾ, “ਬਈ ਹੁਣ ਆਪਾਂ ਹਫ਼ਤਾ–ਡੂਢ ਹਫ਼ਤਾ ਕਿਸੇ ਤੋਂ ਕੋਈ ਪੈਸਾ ਨ੍ਹੀ ਲੈਣਾ… ਉੱਪਰੋਂ ਹੁਕਮ ਐ ਬਈ ਚਲਾਨ ਪੂਰੇ ਕਰੋ….।” ਉਹ ਆਪਣੇ ਪੁੱਤ ਦੇ ਬਿਮਾਰ ਹੋਣ, ਸਾਧ ਵੱਲੋਂ ਸੁਝਾਏ ਹੱਲ ਅਤੇ ਪਤਨੀ ਵੱਲੋਂ ਖੁਆਈ ਸਹੁੰ ਦਾ ਓਹਲਾ ਰੱਖ ਗਿਆ ਸੀ। ਮਤਾਹਿਤ ਹਤਾਸ਼, ਨਿਰਾਸ਼ ਜਿਹੇ ਨਵੇਂ ਹੁਕਮ ਦਾ ਬੋਝ ਢੋਂਹਦੇ ਹੋਏ, ਚਲਾਨ ਬੁੱਕ ਹੱਥ ਵਿੱਚ ਫੜ ਸੜਕ ’ਤੇ ਜਾ ਖਲੋਤੇ।

ਤਦੇ ਬਘੇਲ ਸਿੰਘ ਨੂੰ ਡੀ.ਐਸ.ਪੀ. ਸਾਹਬ ਦਾ ਫ਼ੋਨ ਗਿਆ ਕਿ ‘ਆਫ਼ਿਸ ਦੇ ਬਾਥਰੂਮ ਵਿੱਚ ਗੀਜਰ ਲਵਾਉਣਾ ਏ। ਗੀਜਰ ਤੇ ਨਾਲ਼ ਮਕੈਨਿਕ ਵੀ ਭੇਜੋ।’ ਬਘੇਲ ਸਿੰਘ ਨੇ ਇੱਕ ਇਲੈਕਟ੍ਰਾਨਿਕਸ ਸ਼ੋ–ਰੂਮ ਵਾਲ਼ੇ ਨੂੰ ਫ਼ੋਨ ਕੀਤਾ ਤੇ ਕਿਹਾ, ‘ਸਾਹਬ ਦੇ ਆਫ਼ਿਸ ਦਾ ਕੰਮ ਪੂਰਾ ਕਰ ਕੇ, ਪੈਸੇ ਮੇਰੇ ਕੋਲ਼ੋਂ ਲੈ ਕੇ ਜਾਵੇ।’

ਅਜੇ ਡੀ.ਐੱਸ.ਪੀ. ਆਲ਼ੀ ਵਗਾਰ ਭੁਗਤਾ ਕੇ ਹੀ ਹਟਿਆ ਸੀ ਕਿ ਤਦੇ ਬਘੇਲ ਸਿੰਘ ਨੂੰ ਐੱਸ.ਐੱਸ.ਪੀ. ਸਾਹਬ ਦੇ ਦਫ਼ਤਰੋਂ ਫ਼ੋਨ ਆ ਗਿਆ ਕਿ ‘ਐੱਸ.ਐੱਸ.ਪੀ. ਸਾਹਬ ਦੀ ਸਾਲ਼ੀ ਨੂੰ ਏਅਰ–ਪੋਰਟੋਂ ਲਿਆ ਕੇ, ਫ਼ਲਾਣੇ ਮੈਰਿਜ ਪੈਲੇਸ ਵਿੱਚ ਛੱਡ ਕੇ ਆਉਣਾ ਏ। ਗੱਡੀ ਇਨੋਵਾ ਬੁੱਕ ਕਰਵਾਇਓ।’ ਬਘੇਲ ਸਿੰਘ ਨੇ ਤਦੇ ਇੱਕ ਟ੍ਰਾਂਸਪੋਰਟਰ ਨੂੰ ਫ਼ੋਨ ਕੀਤਾ, ਇਨੋਵਾ ਗੱਡੀ ਬੁੱਕ ਕਰਵਾਈ ਤੇ ਕਿਹਾ, ‘ਪੈਸੇ ਮੇਰੇ ਕੋਲ਼ੋਂ ਟੋਲ ਬੈਰੀਅਰ ਤੋਂ ਆ ਕੇ ਲੈ ਜਾਵੀਂ।’

ਸਵੇਰੇ–ਸਵੇਰੇ ਹੀ ਦੋ ਤਕੜੀਆਂ ਵਗਾਰਾਂ ਦੇ ਬੋਝ ਦੀ ਪੰਡ ਬਘੇਲ ਸਿੰਘ ਦੇ ਸਿਰ ਆ ਪਈ ਸੀ ਕਿ ਤਦੇ ਤੀਜਾ ਫ਼ੋਨ ਖੜਕ ਪਿਆ….
ਬਘੇਲ ਸਿੰਘ ਪਰੇਸ਼ਾਨ ਜਿਹਾ ਹੋ ਗਿਆ। ਇੱਕ ਪਾਸੇ ਉਹਨੇ ਆਪਣੇ ਜਾਨ ਤੋਂ ਪਿਆਰੇ ਲਾਡਲੇ ਇਕਲੌਤੇ ਪੁੱਤ ਪਿੰਕੂ ਦੀ ਸਲਾਮਤੀ ਲਈ ਖਾਧੀ ਸਹੁੰ ਵੀ ਪੂਰਨੀ ਸੀ, ਦੂਜੇ ਪਾਸੇ ਉਹ ਵਗਾਰਾਂ ਵੀ ਪੂਰਨੀਆਂ ਸਨ ਜਿਨ੍ਹਾਂ ਦਾ ਇੱਕ ਤੋਂ ਬਾਅਦ ਇੱਕ ਤਾਂਤਾ ਲਗਦਾ ਹੀ ਜਾ ਰਿਹਾ ਸੀ। ਅਜੇ ਉਹ ਆ ਕੇ ਟੋਲ ਬੈਰੀਅਰ ’ਤੇ ਬੈਠਾ ਹੀ ਸੀ ਕਿ 25–30 ਹਜ਼ਾਰ ਦਾ ਥੁੱਕ ਲਗ ਗਿਆ। ਉਹ ਦੁਬਿਧਾ ਜਿਹੀ ਵਿੱਚ ਬੈਠਾ ਸੋਚ ਰਿਹਾ ਸੀ ਕਿ ‘ਕੀ ਕਰੇ ਤੇ ਕੀ ਨਾ ਕਰੇ !!’ ਤਦੇ ਉਹਨੂੰ ਸੜਕ ’ਤੇ ਇੱਕ ਓਵਰਲੋਡਡ ਟਰੱਕ ਆਉਂਦਾ ਦਿਸਿਆ, “ਇਹਨੂੰ ਲਵਾਓ ਸਾਈਡ ’ਤੇ ਮੇਰੇ ਸਾਲ਼ੇ ਨੂੰ…. ਕਿਵੇਂ ਤੁੰਨਿਐ ਪਿਐ ਟਰਾਲਾ…. ਇਹ ਸਾਲ਼ਾ ਆਪ ਤਾ ਮਰੂ ਈ ਮਰੂ, ਨਾਲ਼ ਹੋਰ ਨੂੰ ਵੀ ਮਾਰੂ…।”

ਪੁਲਿਸ ਆਲ਼ਿਆਂ ਟਰਾਲਾ ਸਾਈਡ ’ਤੇ ਲਵਾ ਲਿਆ। ਇੱਕ ਜਣਾ ਕਾਗ਼ਜ਼ ਚੈੱਕ ਕਰਨ ਲੱਗ ਪਿਆ ਤੇ ਦੂਜਾ ‘ਓਵਰ–ਲੋਡਿੰਗ’ ਦਾ ਚਲਾਨ ਕੱਟਣ ਲੱਗ ਪਿਆ। ਡਰਾਈਵਰ ਨੇ ‘ਕੁਝ ਲੈ–ਦੇ ਕੇ ਨਬੇੜਨ’ ਦੀ ਗੱਲ ਕੀਤੀ ਪਰ ਉਸ ਦੀ ਨਾ ਕਿਸੇ ਸੁਣੀ ਤੇ ਨਾ ਹੀ ਕਿਸੇ ਮੰਨੀ।
‘ਅੱਜ ਤਾਂ ਚਲਾਨ ਹੋਇਆ ਈ ਲੈ’ ਦਾ ਸੋਚ ਕੇ ਡਰਾਈਵਰ ਨੂੰ ਹੱਥਾਂ–ਪੈਰਾਂ ਦੀ ਪੈ ਗਈ। ਜੁਰਮਾਨਾ ਵੀ ਵੱਡਾ ਠੁਕਣਾ ਸੀ ਤੇ ਚਲਾਨ ਭੁਗਤਣ ਲੱਗਿਆਂ ਖੱਜਲ–ਖੁਆਰੀ ਵੀ ਵਾਹਵਾ ਹੋਣੀ ਸੀ। ਵੱਡੇ ਜੁਰਮਾਨੇ ਤੇ ਖੱਜਲ–ਖੁਆਰੀ ਤੋਂ ਡਰਦਿਆਂ ਡਰਾਈਵਰ ਬਘੇਲ ਸਿੰਘ ਦੇ ਗੋਡਿਆਂ ਕੋਲ਼ ਆ ਬੈਠਾ ਤੇ ਤਰਲੇ–ਮਿਣਤਾਂ ਕਰਨ ਲੱਗ ਪਿਆ। ਡਰਾਈਵਰ ਕਿਸੇ ਵੀ ਹੀਲੇ ‘ਲੈ–ਦੇ ਕੇ’ ਨਬੇੜਨ ਲਈ ਮਿਣਤਾਂ ਕਰ ਰਿਹਾ ਸੀ ਪਰ ਪਤਨੀ ਦੀ ਸਹੁੰ ਦਾ ਬੰਨ੍ਹਿਆ ਬਘੇਲ ਸਿੰਘ ‘ਚਲਾਨ’ ਕੱਟਣ ’ਤੇ ਉਤਾਰੂ ਸੀ। ਤਦੇ ਫੇਰ ਬਘੇਲ ਸਿੰਘ ਦਾ ਫ਼ੋਨ ਵੱਜਿਆ। ਬਘੇਲ ਸਿੰਘ ਨੇ ਫ਼ੋਨ ਸਕਰੀਨ ‘ਤੇ ਨਾਮ ਪੜ੍ਹਿਆ ਤੇ ਬੁੜ–ਬੁੜ ਕਰਨ ਲੱਗਾ, “ਲੈ ਆਹ ਸਾਲ਼ੀ ਇੱਕ ਹੋਰ ਵਗਾਰ ਆਗੀ….।”

ਫ਼ੋਨ ਅਜੇ ਵੀ ਲਗਾਤਾਰ ਵੱਜ ਰਿਹਾ ਸੀ। ਨਾ ਤਾਂ ਬਘੇਲ ਸਿੰਘ ਫ਼ੋਨ ਅਟੈਂਡ ਕਰ ਰਿਹਾ ਸੀ, ਨਾ ਹੀ ਫ਼ੋਨ ਕਾਲ ਕੱਟ ਰਿਹਾ ਸੀ। ਅਖ਼ੀਰ ਆਖ਼ਰੀ ਘੰਟੀ ਵੱਜਣ ਤੋਂ ਪਹਿਲਾ ਫ਼ੋਨ ਅਟੈਂਡ ਕਰ ਹੀ ਲਿਆ। ਫੇਰ ‘ਹਾਂ ਜੀ ਸਰ, ਜੀ ਜਨਾਬ, ਹੋਜੂਗਾ ਜੀ, ਮੈਂ ਕਰਵਾ ਦਿਆਂਗੇ ਜੀ….’ ਵਰਗੇ ਫ਼ਿਕਰੇ ਬੋਲਦਿਆਂ ਬਘੇਲ ਸਿੰਘ ਨਿਮਾਣਾ ਜਿਹਾ ਬਣੀ ਜਾ ਰਿਹਾ ਸੀ। ਸਾਰੀ ਗੱਲ–ਬਾਤ ਨਬੇੜ ਕੇ ਫ਼ੋਨ ਕੱਟਿਆ ਤੇ ਦੰਦ ਜਿਹੇ ਪੀਂਹਦਿਆਂ ਟ੍ਰੈਫ਼ਿਕ ਇੰਚਾਰਜ ਬਘੇਲ ਸਿੰਘ ਨੇ ਮਤਾਹਿਤ ਪੁਲਿਸ ਵਾਲ਼ਿਆਂ ਨੂੰ ਹੋਕਰਾ ਦਿੱਤਾ, “ਓ ਰਹਿਣ ਦਿਓ ਯਰ ਚਲਾਨ ਕੱਟਣ ਨੂੰ…. ਕੁਛ ਲੈ ਦੇ ਕੇ ਕੰਮ ਨਬੇੜੋ ਇਹਦਾ….” ਇੰਨਾ ਸੁਣਦਿਆਂ ਹੀ ਮਤਾਹਿਤ ਪੁਲਿਸ ਵਾਲ਼ਿਆਂ ਦੀਆਂ ਬਰਾਛਾਂ ਖਿੜ ਗਈਆਂ। ਡਰਾਈਵਰ ਨੇ ਵੀ ਸੁਖ ਦਾ ਸਾਹ ਲਿਆ।

ਚਲਾਨ ਭਰ ਰਿਹਾ ਪੁਲਿਸ ਵਾਲ਼ਾ ਚਲਾਨ ਬੁੱਕ ਲੈ ਕੇ ਬਘੇਲ ਸਿੰਘ ਕੋਲ਼ ਆ ਖੜ੍ਹਿਆ, “ਜਨਾਬ ਮੈਂ ਤਾਂ ਅੱਧਾ ਭਰਤਾ ਸੀ ਜੀ, ਹੁਣ ਫੇਰ….”

“ਚਲ ਕੋਈ ਨਾ, ਇਹ ਕਿਸੇ ਹੋਰ ਦੇ ਨਾਮ ਭੁਗਤਾ ਦਿਆਂਗੇ….।” ਬਘੇਲ ਸਿੰਘ ਨੇ ਗੱਲ ਲਮਕਾਉਣ ਤੇ ਵਧਾਉਣ ਤੋਂ ਗੁਰੇਜ਼ ਕੀਤਾ।
ਚਲਾਨ ਕੱਟਣ ਵਾਲ਼ਾ ਪੁਲਸੀਆ ਅਜੇ ਵੀ ਗਰਾਰੀ ਫਸਾਈ ਖੜ੍ਹਾ ਸੀ, “ਐਂ ਫੇਰ ਕਿਮੇਂ ਕਰਾਂਗੇ ਜੀ ਚਲਾਨ ਪੂਰੇ ? ਮਹੀਨਾ ਤਾਂ ਮੁੱਕਣ ਆਲ਼ੈ ?”

ਅੱਗੋਂ ਬਘੇਲ ਸਿੰਘ ਵੀ ਟੁੱਟ ਕੇ ਪੈ ਗਿਆ, “ਮੈਂ ਫੇਰ ਦੱਸ ਕੀ ਕਰਾਂ… ? ਆਪ ਏ ਕਹਿੰਦੇ ਚਲਾਨ ਪੂਰੇ ਕਰੋ…. ਤੇ ਆਪ ਈ ਵਗਾਰਾਂ ਤੇ ਵਗਾਰਾਂ ਪਾਈ ਤੁਰੇ ਆਉਂਦੇ ਨੇ…. ਆਹ ਸਾਲ਼ਾ 30–35 ਹਜਾਰ ਆਪਾਂ ਆਪਣੀਆਂ ਜੇਬਾਂ ’ਚੋਂ ਤਾਂ ਨ੍ਹੀਂ ਪੂਰਾ ਕਰਨਾ ? ਕ ਤੂੰ ਪੂਰ ਦੇਂਗਾ ?”

ਬਘੇਲ ਸਿੰਘ ਦੀ ਭਬਕੀ ਸੁਣ ਕੇ ਮਤਾਹਿਤ ਪੁਲਸੀਆ ਚਲਾਨ ਬੁੱਕ ਹੱਥ ਵਿੱਚ ਫੜ, ਢਿੱਲਾ ਜਿਹਾ ਹੋ ਕੇ ਬਾਕੀ ਪੁਲਿਸ ਵਾਲ਼ਿਆਂ ਵੱਲ ਚਲਾ ਗਿਆ।

ਟ੍ਰੈਫ਼ਿਕ ਇੰਚਾਰਜ ਵੱਲੋਂ ‘ਚਲਾਨ ਨਾ ਕੱਟਣ ਅਤੇ ਕੁਝ ਲੈ– ਦੇ ਕੇ ਨਬੇੜਨ’ ਦਾ ਐਲਾਨ ਸੁਣ ਕੇ ਸਾਰੇ ਹੀ ਖ਼ੁਸ਼ ਹੋ ਗਏ ਸਨ ਪਰ ਬਘੇਲ ਸਿੰਘ ਮਨੋ–ਮਨੀਂ ਡੀ.ਐੱਸ.ਪੀ., ਐੱਸ.ਐੱਸ.ਪੀ. ਤੇ ਹੋਰ ਪਤਾ ਨਹੀਂ ਕਿਹਨੂੰ–ਕਿਹਨੂੰ ਬੁਰਾ–ਭਲਾ ਆਖੀ ਜਾ ਰਿਹਾ ਸੀ ਕਿ ਜਿਹੜੇ ਕਿ ਉਸ ਦੇ ਲਾਡਲੇ ਬਿਮਾਰ ਪੁੱਤਰ ਪਿੰਕੂ ਨੂੰ ‘ਰਾਜ਼ੀ’ ਨਹੀਂ ਸਨ ਹੋਣ ਦੇ ਰਹੇ।

ਡਾ. ਸਵਾਮੀ ਸਰਬਜੀਤ
98884–01328

Previous articleਨਜ਼ਮ
Next articleਸਿਰ ਮੁੰਡਵਾਓ ਤੇ ਓਲ਼ੇ ਖਾਓ