ਨਜ਼ਮ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਮੈਂ ਸੁੱਤਾ ਕਿਤਾਬ ਜਾਗਦੀ
ਸਚਮੁੱਚ ਬੜਾ ਬੁਰਾ ਦੌਰ ਹੈ
ਉਨ੍ਹਾਂ ਮੇਰੇ ਹੱਥਾਂ ‘ਚ ਫੜੀ ਕਿਤਾਬ ਲੈ ਲਈ
ਵੱਟੇ ਦਿੱਤੇ ਢੇਰ ਸਿੱਕੇ
ਮੈਂ ਸਿੱਕਿਆਂ ਪੰਡ ਸਿਰ ‘ਤੇ ਚਾਈ
ਮੇਰੀ ਧੌਣ ਝੁਕ ਗਈ
ਮੈਂ ਸਿੱਕਿਆਂ ਦੀ ਪੰਡ ਕੰਡ ‘ਤੇ ਚਾਈ
ਮੇਰੀ ਪਿੱਠ ਝੁਕ ਗਈ
ਉਨ੍ਹਾਂ ਆਪਣੇ ਤਖ਼ਤ ਵਿੱਚ ਚਿਣ ਲਈਆਂ ਕਿਤਾਬ
ਵਰਕਾ ਵਰਕਾ, ਅੱਖਰ ਅੱਖਰ ਪਾੜ ਕੇ
ਮੈਂ ਉਨ੍ਹਾਂ ਸਾਹਵੇਂ ਧੌਣ, ਪਿੱਠ ਝੁਕਾਈ ਖੜ੍ਹ ਗਿਆ
ਕਿਸੇ ਗ਼ੁਲਾਮ ਵਾਂਗਰਾਂ।
ਮੇਰੇ ਜ਼ਿਹਨ ਦਾ ਤਾਜ ਉਨ੍ਹਾਂ ਕਾਲੀਨ ਬਣਾ ਪੈਰਾਂ ਵਿੱਚ ਬਿਛਾ ਲਿਆ,
ਕਿਤਾਬ ਦੇਵੇ ਦੁਹਾਈ,
ਰਿਹਾਈ, ਰਿਹਾਈ….
ਮੈਂ ਸਿੱਕਿਆਂ ਦੀ ਪੰਡਾਂ ਵਗਾਹ ਮਾਰੀਆਂ
ਪਰ ਮੇਰੀ ਧੌਣ ਤੇ ਪਿੱਠ ਸਿੱਧੀਆਂ ਹੋਣ ਤੋਂ ਇਨਕਾਰੀਆਂ,
ਮੈਂ ਕੁੱਬਾ ਕੁੱਬਾ ਤਖ਼ਤ ਨੂੰ ਨਹੁੰਆਂ ਨਾਲ਼ ਖੁਰਚ ਕੇ
ਕਿਤਾਬ ਬਚਾਉਣਾ ਲੋਚਦਾ, ਅੱਖਰ ਅੱਖਰ ਬੋਚਦਾ
ਉਹ ਮੇਰੀਆਂ ਜ਼ਖ਼ਮੀ ਉਂਗਲਾਂ ਵੇਖ ਕੇ ਹੱਸਦੇ
ਸਿੱਕਿਆਂ ਨੂੰ ਹਵਾ ਵਿੱਚ ਉਛਾਲਦੇ
ਸਿੱਕੇ ਡਿਗਦੇ, ਮੇਰੀ ਦੇਹ ਨੂੰ ਹੋਰ ਜ਼ਖ਼ਮੀ ਕਰਦੇ,
ਨਹੁੰਆਂ ਨਾਲ਼ ਖੁਰਚੇ ਤਖ਼ਤ ਦੀਆਂ ਝਰੀਟਾਂ ਵਿੱਚੋਂ ਗਿਆਨ ਸਿੰਮਦਾ
ਮੈਂ ਦਮ ਤੋੜਦੀ ਕਿਤਾਬ ਨੂੰ ਅਲਵਿਦਾ ਆਖ ਕੇ
ਗਿਆਨ ਦੀ ਓਕ ਭਰ ਲੈਨਾਂ।
ਡਾ. ਸਵਾਮੀ ਸਰਬਜੀਤ
98884–01328
Previous articleਸ਼ੁਗਲੀਆਂ
Next articleਪਿੰਕੂ ਰਾਜ਼ੀ ਕਿੰਝ ਹੋਵੇ !!