*ਪੁਲੀਸ ਨੂੰ ਗੋਲੀਆਂ ਨਾਲ ਵਿੰਨ੍ਹੀ ਹੋਈ ਮਿਲੀ ਲਾਸ਼
* ਟੀਵੀ ਪੱਤਰਕਾਰ ਭਰਾ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਸੰਘਰਸ਼ ਵਿੱਢਣ ਦਾ ਅਹਿਦ ਲਿਆ
* ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਵਿਰੋਧੀ ਘਟਨਾਵਾਂ ’ਤੇ ਚਿੰਤਾ ਦਾ ਪ੍ਰਗਟਾਵਾ
ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਹਮਲੇ ਦੀ ਘਟਨਾ ਵਾਪਰਨ ਦੇ ਦੋ ਦਿਨਾਂ ਬਾਅਦ ਹੀ ਪਿਸ਼ਾਵਰ ਇਲਾਕੇ ਵਿਚ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਕੀਤੇ ਗਏ ਸਿੱਖ ਨੌਜਵਾਨ ਦੀ ਸ਼ਨਾਖਤ ਪਰਵਿੰਦਰ ਸਿੰਘ ਵਜੋਂ ਹੋਈ ਹੈ। ਇਹ ਨੌਜਵਾਨ ਪਾਕਿਸਤਾਨੀ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਹੈ ਜੋ ਟੀਵੀ ਚੈਨਲ ਨਾਲ ਜੁੜਿਆ ਹੋਇਆ ਹੈ। ਉਹ ਖ਼ੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲ੍ਹੇ ਤੋਂ ਆਪਣੇ ਵਿਆਹ ਦੇ ਸਾਮਾਨ ਦੀ ਖ਼ਰੀਦਦਾਰੀ ਲਈ ਪਿਸ਼ਾਵਰ ਆਇਆ ਸੀ। ਰਿਪੋਰਟਾਂ ਮੁਤਾਬਕ ਮਲੇਸ਼ੀਆ ’ਚ ਕਾਰੋਬਾਰ ਕਰਦੇ ਪਰਵਿੰਦਰ ਸਿੰਘ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ। ਪੁਲੀਸ ਮੁਤਾਬਕ ਉਸ ਦੀ ਗੋਲੀਆਂ ਨਾਲ ਵਿੰਨ੍ਹੀ ਹੋਈ ਲਾਸ਼ ਚਮਕਾਨੀ ਪੁਲੀਸ ਥਾਣੇ ਹੇਠ ਪੈਂਦੇ ਇਲਾਕੇ ’ਚੋਂ ਮਿਲੀ ਅਤੇ ਉਸ ਨੂੰ ਹਸਪਤਾਲ ਭੇਜ ਕੇ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰਮੀਤ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਪਰਵਿੰਦਰ ਸਿੰਘ ਦੇ ਫੋਨ ਤੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਭਰਾ ਨੂੰ ਮਾਰ ਦਿੱਤਾ ਗਿਆ ਹੈ। ਕਿਸੇ ਵੀ ਗੁੱਟ ਨੇ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਕਬੂਲੀ ਹੈ। ਪੁਲੀਸ ਇਸ ਨੂੰ ਆਪਸੀ ਦੁਸ਼ਮਣੀ ਦਾ ਮਾਮਲਾ ਮੰਨ ਰਹੀ ਹੈ ਪਰ ਪਰਿਵਾਰ ਨੇ ਇਸ ਤੋਂ ਇਨਕਾਰ ਕੀਤਾ ਹੈ। ਉਸ ਦੇ ਭਰਾ ਹਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੇ ਕਾਤਲਾਂ ਖਿਲਾਫ਼ ਕਾਰਵਾਈ ਲਈ ਸੰਘਰਸ਼ ਕਰੇਗਾ ਅਤੇ ਇਹ ਸੰਘਰਸ਼ ਕਾਤਲਾਂ ਨੂੰ ਸਜ਼ਾਵਾਂ ਮਿਲਣ ਤੱਕ ਜਾਰੀ ਰਹੇਗਾ। ਪਾਕਿਸਤਾਨ ਸਰਕਾਰ ਨੂੰ ਹਲੂਣਾ ਦਿੰਦਿਆਂ ਉਸ ਨੇ ਆਖਿਆ,‘‘ਸਰਕਾਰ ਮੁਲਕ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ। ਪਹਿਲਾਂ ਹੀ ਮੁਲਕ ਵਿਚੋਂ ਘੱਟ ਗਿਣਤੀਆਂ ਦੀ ਆਬਾਦੀ ਨਿਰੰਤਰ ਘੱਟ ਰਹੀ ਹੈ। ਘੱਟ ਗਿਣਤੀਆਂ ’ਤੇ ਹੋ ਰਹੇ ਅਜਿਹੇ ਜ਼ੁਲਮ ਨੂੰ ਦਬਾਅ ਦਿੱਤਾ ਜਾਂਦਾ ਹੈ।’’ ਉਸ ਨੇ ਕਿਹਾ ਕਿ ਘੱਟ ਗਿਣਤੀ ਵੀ ਦੇਸ਼ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਦੇਸ਼ ਨੂੰ ਕਈ ਗਰਾਂਟਾਂ ਅਤੇ ਮਦਦ ਮਿਲਦੀ ਹੈ। ਇਸ ਲਈ ਘੱਟ ਗਿਣਤੀਆਂ ਦੀ ਸੁਰੱਖਿਆ ਸਰਕਾਰ ਯਕੀਨੀ ਬਣਾਵੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਿਸ਼ਾਵਰ ਵਿਚ ਸਿੱਖ ਨੌਜਵਾਨ ਦੀ ਹੱਤਿਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਸਿੱਖਾਂ ਖਿਲਾਫ਼ ਇਹ ਦੂਜੀ ਵੱਡੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਦੀ ਹੱਤਿਆ ਪਾਕਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ’ਤੇ ਸਵਾਲੀਆ ਚਿੰਨ੍ਹ ਹੈ। ਉਨ੍ਹਾਂ ਮੁਤਾਬਕ ਪਾਕਿਸਤਾਨੀ ਸਰਕਾਰ ਦੀ ਘੱਟ ਗਿਣਤੀਆਂ ਦੀ ਸੁਰੱਖਿਆ ਪ੍ਰਤੀ ਲਾਪ੍ਰਵਾਹੀ ਦਾ ਇਹ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਢਲਾ ਫਰਜ਼ ਹੈ ਕਿ ਉਹ ਹਰ ਧਰਮ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਪਾਕਿਸਤਾਨ ਸਰਕਾਰ ਨਾਲ ਸੰਪਰਕ ਕਰੇ ਅਤੇ ਉਥੇ ਵਾਪਰੀਆਂ ਸਿੱਖ ਵਿਰੋਧੀ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਵਾਏ। ਸ਼੍ਰੋਮਣੀ ਕਮੇਟੀ ਨੇ ਸੋਗ ਸੁਨੇਹੇ ਰਾਹੀਂ ਪੀੜਤ ਸਿੱਖ ਪਰਿਵਾਰ ਨਾਲ ਹਮਦਰਦੀ ਦਾ ਵੀ ਪ੍ਰਗਟਾਵਾ ਕੀਤਾ ਹੈ।