ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਡਾ ਇਹ ਜੀਵਨ ਵੱਡਮੁੱਲਾ, ਬੇਸ਼ਕੀਮਤੀ ਅਤੇ ਕੁਦਰਤ ਦੀ ਮਹਾਨ ਤੇ ਅਲੌਕਿਕ ਰਚਨਾ ਹੈ। ਸਾਡੇ ਰਿਸ਼ੀਆਂ – ਮੁਨੀਆਂ, ਗੁਰੂਆਂ – ਪੀਰਾਂ, ਫੱਕਰਾਂ – ਫਕੀਰਾਂ ਦੇ ਅਨੁਸਾਰ ਇਸ ਜੀਵਨ ਦੀ ਪ੍ਰਾਪਤੀ ਲਈ ਬਹੁਤ ਜ਼ਿਆਦਾ ਜਪ – ਤਪ ਦੀ ਜ਼ਰੂਰਤ ਪੈਂਦੀ ਹੈ, ਤਪ ਕਰਨਾ ਪੈਂਦਾ ਹੈ; ਇਸ ਲਈ ਇਸ ਜੀਵਨ ਨੂੰ ਖ਼ੂਬਸੂਰਤ ਤੇ ਬੇਸ਼ਕੀਮਤੀ ਸਮਝਿਆ ਜਾਂਦਾ ਹੈ ਤੇ ਇਸ ਨੂੰ ਖੂਬਸੂਰਤ ਬਣਾਉਣਾ ਵੀ ਚਾਹੀਦਾ ਹੈ। ਕਦੇ ਵੀ ਗਲਤ ਰਾਹੇ ਪੈ ਕੇ ਖ਼ੁਦਕੁਸ਼ੀ ਵਰਗੀ ਦੁਰਾਚਾਰੀ ਸਥਿਤੀ ਨੂੰ ਅਖਤਿਆਰ ਨਹੀਂ ਕਰਨਾ ਚਾਹੀਦਾ, ਪ੍ਰੰਤੂ ਇਸ ਵਿਚਾਰਧਾਰਾ ਦੇ ਦੂਸਰੇ ਪਹਿਲੂ ‘ਤੇ ਜੇਕਰ ਧਿਆਨ ਮਾਰਿਆ ਜਾਵੇ ਤਾਂ ਸਮਝਣ ਵਿੱਚ ਆਉਂਦਾ ਹੈ ਕਿ ਜੀਵਨ ਦੀ ਖ਼ੂਬਸੂਰਤੀ ਸਾਡੇ ਮਨਾਂ ਅੰਦਰ ਛਿਪੇ ਪਿਆਰ, ਭਾਵਨਾਵਾਂ, ਸਾਡੇ ਅਹਿਸਾਸਾਂ ਦੀ ਪਰਿਵਾਰ ਤੇ ਸਮਾਜ ਆਦਿ ਵੱਲੋਂ ਕੀਤੇ ਇੱਜ਼ਤ, ਸਤਿਕਾਰ ਤੇ ਕਦਰ ਨਾਲ ਹੀ ਜੀਵਨ ਦੀ ਅਸਲ ਖੂਬਸੂਰਤੀ ਹੋ ਨਿੱਬੜਦੀ ਹੈ।
ਜੇਕਰ ਜੀਵਨ ਵਿੱਚ ਸਾਨੂੰ ਤੇ ਸਾਡੇ ਪਿਆਰ ਨੂੰ ਸਮਝਣ ਲਈ, ਸਾਡੀਆਂ ਭਾਵਨਾਵਾਂ ਅਤੇ ਅਹਿਸਾਸਾਂ ਨੂੰ ਸਮਝਣ ਲਈ ਕੋਈ ਹਾਂ – ਪੱਖੀ ਹੁੰਗਾਰਾ ਪਰਿਵਾਰਕ ਤੇ ਸਮਾਜਿਕ ਪੱਖੋਂ ਨਾ ਮਿਲੇ ਤਾਂ ਜ਼ਿੰਦਗੀ ਦੀ ਖੂਬਸੂਰਤੀ ‘ਤੇ ਗ੍ਰਹਿਣ ਲੱਗ ਜਾਂਦਾ ਹੈ; ਕਿਉਂਕਿ ਪਿਆਰ, ਅਹਿਸਾਸ, ਭਾਵਨਾਵਾਂ, ਇੱਛਾਵਾਂ ਦੀ ਹੋਂਦ ਜੀਵਨ ਦੀ ਖ਼ੂਬਸੂਰਤੀ ਦੀ ਹੋਂਦ ਨੂੰ ਬਰਕਰਾਰ ਰੱਖਦੀ ਹੈ ਅਤੇ ਜੀਵਨ ਨੂੰ ਜਿਉਣ ਲਈ ਅਤੇ ਉਸ ਨੂੰ ਉਸ ਦਾ ਆਨੰਦ ਮਾਨਣ ਲਈ ਸਾਨੂੰ ਹੱਲਾ ਸ਼ੇਰੀ ਦਿੰਦੀ ਹੈ, ਪ੍ਰੇਰਿਤ ਕਰਦੀ ਹੈ। ਮਨੁੱਖ ਨੂੰ ਜਿੱਥੋਂ ਵੀ ਪਿਆਰ ਮਿਲਦਾ ਹੈ, ਜਿੱਥੇ ਉਸਦੀਆਂ ਭਾਵਨਾਵਾਂ ਅਤੇ ਅਹਿਸਾਸਾਂ ਦੀ ਕਦਰ ਹੁੰਦੀ ਹੈ, ਉਸਦਾ ਝੁਕਾਉ ਉਸ ਸਥਿਤੀ, ਉਸ ਹਾਲਾਤ, ਉਸ ਦਸ਼ਾ – ਦਿਸ਼ਾ ਵੱਲ ਹੋ ਜਾਂਦਾ ਹੈ ਤੇ ਉਸ ਨੂੰ ਜ਼ਿੰਦਗੀ ਜਿਊਣ ਲਈ ਇੱਕ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਅਤੇ ਉਹ ਉਸ ਪਿਆਰ – ਭਰੀ, ਪਿਆਰ ਦੀ ਕਦਰ ਕਰਨ ਵਾਲੀ ਭਾਵਨਾ, ਉਸ ਨੂੰ ਸਮਝਣ ਵਾਲੀ ਤੇ ਉਸ ਦੀ ਕਦਰ ਕਰਨ ਵਾਲੀ ਸਥਿਤੀ ਦੀ ਆਸ – ਨੁਮਾ ਜਿਉਣ ਦੇ ਸਹਾਰੇ ਜੀਵਨ ਦੀ ਡੋਰ ਨੂੰ ਤੋਰੀ ਰੱਖਦਾ ਹੈ। ਫਿਰ ਅਜਿਹੇ ਮਨੁੱਖ ਦੀ ਜ਼ਿੰਦਗੀ ਦੀ ਡੋਰ, ਉਸ ਦੂਸਰੇ ਮਨੁੱਖ, ਸਥਿਤੀ, ਹਾਲਾਤਾਂ ਦੇ ਹੱਥ ਵਿੱਚ ਹੁੰਦੀ ਹੈ; ਜਿੱਥੋਂ ਉਸਨੂੰ ਪਿਆਰ – ਸਤਿਕਾਰ ਮਿਲੇ, ਉਸ ਦੀਆਂ ਭਾਵਨਾਵਾਂ, ਅਹਿਸਾਸਾਂ ਦੀ ਕਦਰ ਹੁੰਦੀ ਹੈ। ਅਜਿਹਾ ਮਨੁੱਖ ਫ਼ੱਕਰ – ਫ਼ਕੀਰੀ ਰੂਪ ਲੈ ਕੇ ਬਿਨਾਂ ਲੋਭ ਤੇ ਭੈਅ ਤੋਂ ਇੱਕ ਮਸਤੀ ਭਰਿਆ, ਫਕੀਰੀ ਭਰਿਆ, ਫੱਕਰ ਨੁਮਾ ਜੀਵਨ ਦਾ ਲੁਤਫ਼ ਉਠਾਉਂਦਾ ਹੈ ਅਤੇ ਜੀਵਨ ਦੇ ਖੂਬਸੂਰਤ ਪਲਾਂ ਨੂੰ ਜਿਊਣ ਦੀ ਕੋਸ਼ਿਸ਼ ਕਰਦਾ ਹੈ। ਹੁੰਦੀ ਇਹ ਵੀ ਉਸ ਦੀ ਬਹਾਦਰੀ ਹੈ; ਕਿਉਂਕਿ ਜਿੱਥੋਂ ਉਸ ਦੀਆਂ ਭਾਵਨਾਵਾਂ, ਅਹਿਸਾਸਾਂ ਅਤੇ ਪਿਆਰ ਦੀ ਕਦਰ ਨਾ ਹੋਵੇ ਫਿਰ ਵੀ ਉਹ ਬਹੁਤ ਵੱਡੀ ਆਸ ਰੱਖ ਕੇ ਸਕਾਰਾਤਮਕ ਸੋਚ ਨਾਲ਼ ਕਿਸੇ ਹੋਰ ਪਾਸੇ ਤੋਂ ਸਕਾਰਾਤਮਕਤਾ ਗ੍ਰਹਿਣ ਕਰਦਾ ਹੈ, ਅਜਿਹੀ ਸਥਿਤੀ ਵਾਲੇ ਮਨੁੱਖ ਨੂੰ ਵੀ ਗਾਹੇ – ਬਗਾਹੇ ਜੀਵਨ ਦੀ ਖ਼ੂਬਸੂਰਤੀ ਦੇ ਅਹਿਸਾਸਾਂ ਅਨੁਭਵਾਂ ਨੂੰ ਸਮਝਣ ਦਾ ਕਿਸੇ ਨਾ ਕਿਸੇ ਤਰ੍ਹਾਂ ਮੌਕਾ ਜ਼ਰੂਰ ਮਿਲਦਾ।
ਇਹ ਇੱਕ ਬਹੁਤ ਵਿਚਾਰਸ਼ੀਲ ਮੁੱਦਾ ਹੈ, ਪ੍ਰੰਤ ਇੱਥੇ ਇਹ ਹੋ ਨਿੱਬੜਦਾ ਹੈ ਕਿ ਕਿਸੇ ਵੀ ਤਰ੍ਹਾਂ ਹੋਵੇ ਮਨੁੱਖ ਦੇ ਪਿਆਰ, ਉਸ ਦੇ ਅਹਿਸਾਸ, ਉਸ ਦੀਆਂ ਭਾਵਨਾਵਾਂ ਦੀ ਕਦਰ ਘਰ – ਪਰਿਵਾਰ ਤੇ ਸਮਾਜ ਵਿੱਚ ਹੋਣੀ ਚਾਹੀਦੀ ਹੈ ਤੇ ਕਰਨੀ ਵੀ ਬਣਦੀ ਹੈ; ਕਿਉਂਕਿ ਪਿਆਰ ਅਹਿਸਾਸ ਭਾਵਨਾਵਾਂ ਹੀ ਜ਼ਿੰਦਗੀ ਨੂੰ ਚਲਾਉਂਦੀਆਂ ਹਨ। ਇਸ ਤੋਂ ਬਿਨਾਂ ਜ਼ਿੰਦਗੀ ਬਿਨਾਂ ਇੰਜਣ ਤੋਂ ਰੇਲ ਗੱਡੀ ਦੇ ਡੱਬਿਆਂ ਵਾਂਗ ਹੋ ਜਾਂਦੀ ਹੈ।