ਪਿਆਰੀ ਧੀਏ……………।

(ਸਮਾਜ ਵੀਕਲੀ)

ਧੀ ਲਈ ਪਿਤਾ ਵਲੋਂ ਲਿਖਿਆ ਇਕ ਖੱਤ

ਆਪਣੀਆਂ ਧੀਆਂ ਦੀਆਂ ਯਾਦਾਂ ਕਦੇ ਨਹੀ ਭੁੱਲਦੀਆਂ,ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਤੇਰੀ ਮਾਂ ਨੇ ਮੇਰੇ ਹੱਥਾਂ ਵਿੱਚ ਪਹਿਲੀ ਵਾਰ ਤੈਨੂੰ ਫੜਾਇਆ ਸੀ। ਤੇਰਾ ਉਸ ਸਮ੍ਹੇਂ ਬਿਲਕੁਲ ਵੀ ਕੋਈ ਕਸੂਰ ਨਹੀ ਸੀ,ਉਸ ਸਮ੍ਹੇਂ ਤੂੰ ਬੇਸੁੱਧ ਸੀ,ਤੈਨੂੰ ਉਸ ਸਮ੍ਹੇ ਕੁਝ ਵੀ ਨਹੀ ਪਤਾ ਸੀ।ਜਦੋਂ ਮੈ ਤੇਰਾ ਫੁਲਾਂ ਵਰਗਾ ਨਾਜ਼ੁਕ ਚਿਹਰਾ,ਤੇਰਾ ਮੇਰੇ ਵੱਲ ਟੁਕਰ-ਟੁਕਰ ਦੇਖਣਾ,ਤੇਰੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਦੇਖਿਆ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਜਿੰਦਗੀ ਦੀ ਕੋਈ ਬਹੁਤ ਵੱਡੀ ਜਿੰਮੇਵਾਰੀ ਮੇਰੇ ਸਿਰ ‘ਤੇ ਆ ਗਈ ਹੋਵੇ।ਪਰ ਮੈਂ ਡੋਲਿਆ ਨਹੀ,ਤੇਰੇ ਆਉਣ ਦੀ ਖੁਸ਼ੀ ਵਿੱਚ ਮੈਂ ਸਾਰੇ ਲੱਡੂਆਂ ਦੀ ਬਰਸਾਤ ਕਰ ਦਿੱਤੀ।ਜਿਵੇ-ਜਿਵੇ ਤੂੰ ਵੱਡੀ ਹੁੰਦੀ ਗਈ ਇਹ ਜਿੰਮੇਵਾਰੀ ਮੇਰੇ ਜੀਵਨ ਦੇ ਉਦੇਸ਼ ਵਿੱਚ ਬਦਲਣ ਲੱਗੀ।ਤੇਰੇ ਸੁਪਨਿਆਂ ਵਿੱਚ ਮੈਂ ਆਪਣੇ ਸੁਪਨੇ ਲੱਭਣ ਲੱਗਾ।

ਸਮ੍ਹਾਂ ਕਦੋਂ ਖੰਭ ਲਾ ਕੇ ਉਡ ਗਿਆ ਪਤਾ ਹੀ ਨਹੀ ਲੱਗਿਆ।ਛੋਟੀ ਹੁੰਦੀ ਨੂੰ ਸਕੂਲ ਜਾਣ ਸਮੇ੍ਹ ਦੁਕਾਨ ਤੋਂ ਇਕ ਲਾਲਚ ਦੇ ਰੂਪ ਵਿੱਚ ਕੁਝ ਨਾ ਕੁਝ ਲੈ ਕੇ ਦੇਣਾ,ਉਹ ਦਿਨ ਅੱਜ ਵੀ ਯਾਦ ਆਉਦੇ ਹਨ।ਸਕੂਲ ਕਾਲਜ ਦੀ ਪੜ੍ਹਾਈ ਵੀ ਪੂਰੀ ਕਰ ਲਈ,ਥੋੜੀ ਦੇਰ ਘਰ ਰਹਿਣ ਤੋਂ ਬਾਅਦ ਜਦੋ ਪਹਿਲੀ ਵਾਰ ਇਕ ਪ੍ਰਾਈਵੇਟ ਨੌਕਰੀ ਲਈ ਤੂੰ ਘਰੋ ਬਾਹਰ ਨਿਕਲੀ ਤਾਂ ਤੇਰੇ ਮਨ ਵਿੱਚ ਆਇਆ ਸੀ ਕਿ ਮੈਂ ਹੁਣ ਇਕੱਲੀ ਹੀ ਦੁਨੀਆਂ ਦਾ ਸਾਹਮਣਾ ਕਰਾਂਗੀ।ਇਹ ਸਭ ਕਿਵੇ ਹੋਏਗਾ,ਕਿਵੇਂ ਕਰਨਾ ਹੈ?ਸ਼ਾਇਦ ਇਹ ਡਰ ਪਿਓ ਦੇ ਜੀਵਨ ਦੇ ਅਨੁਭਵਾਂ ਤੋਂ ਪੈਦਾ ਹੁੰਦਾ ਹੈ।ਭਾਵੇਂ ਇਸ ਪਿੱਛੇ ਤੇਰੇ ਵਿੱਚ ਕੋਈ ਅਵਿਸ਼ਵਾਸ਼ ਨਹੀ ਹੈ,ਪਰ ਬਾਪ ਲਈ ਬੱਚੇ ਕਿੰਨੇ ਵੀ ਵੱਡੇ ਹੋ ਜਾਣ,ਬੱਚੇ ਹੀ ਰਹਿਣਗੇ ਦੀ ਭਾਵਨਾ ਹੈ।ਸਮ੍ਹੇ ਸਮ੍ਹੇ ‘ਤੇ ਮੈ ਤੇਰੇ ਨਾਲ ਸਲਾਹ ਮਸ਼ਵਰਾ ਕਰਨਾ ਆਪਣੀ ਡਿਊਟੀ ਸਮਝੀ,ਅੱਜ ਦੀ ਦੁਨੀਆਂ ਵਿੱਚ,ਜੀਵਨ ਬਾਰੇ ਚੰਗਾ-ਮਾੜਾ ਸਮਝਾਉਣ ਦੀ ਕੋਸ਼ਿਸ਼ ਕੀਤੀ,ਸਮਝਾਇਆ ਵੀ,ਪਰ, ਮੈ ਹੁਣ ਵੱਡੀ ਹੋ ਗਈ ਹਾਂ,ਮੈ ਪੜ੍ਹੀ ਲਿਖੀ ਹਾਂ,ਮੈ ਐਮਬੀਏ ਕੀਤੀ ਹੋਈ ਹੈ। ਤੇਰੇ ਇਹ ਬੋਲ ਅਣਕਹੇ ਹੀ ਬਹੁਤ ਕੁਝ ਬਿਆਨ ਕਰ ਗਏ ਸਨ।ਪਰ ਫਿਰ ਵੀ ਧੀ ਦੇ ਮਾਮਲਿਆਂ ਵਿੱਚ ਪਿਓ ਨੂੰ ਕਿਥੋਂ ਚੈਨ ਆਉਦੀ ਹੈ। ਇਸ ਲਈ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਗੱਲਾਂ ਤੈਨੂੰ ਹਰ ਮੋੜ ‘ਤੇ,ਹਰ ਕਦਮ ‘ਤੇ,ਤੇਰੀ ਹਿੰਮਤ ਅਤੇ ਹੌਸਲਾ ਵਧਾਉਣਗੀਆਂ।

ਪਹਿਲੀ ਗੱਲ, ਤਾਂ ਇਹ ਹੈ ਕਿ ਬਿਲਕੁਲ ਨਿਡਰ ਰਹੋ,ਜੇ ਤੁਸੀ ਗਲਤ ਨਹੀ ਹੋ ਤਾਂ ਕਿਸੇ ਤੋਂ ਡਰਨ ਦੀ ਲੋੜ ਨਹੀ,ਤੁਸੀ ਇਕ ਐਸੀ ਦੁਨੀਆਂ ਵਿੱਚ ਪ੍ਰਵੇਸ਼ ਕਰ ਚੁੱਕੇ ਹੋ,ਜੋ ਤੁਹਾਡੀਆਂ ਸਾਰੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਹਾਈ ਹੋਣਗੀਆਂ,ਤੂੰ ਇਕ ਅਜਿਹੇ ਸਮੇਂ ਵਿੱਚ ਵੱਡੀ ਹੋਈ ਏ ਜਦੋਂ ਮਨੁੱਖੀ ਰਿਸ਼ਤਿਆਂ ਵਿੱਚ ਭਾਵਨਾਵਾਂ ਦੀ ਕੀਮਤ ਘੱਟ ਗਈ ਹੈ।ਜੇ ਮੈ ਆਪਣੇ ਵੱਲ ਦੇਖਾਂ ਤਾਂ ਮੈ ਵੱਡਾ ਜਰੂਰ ਹੋ ਗਿਆ ਹਾਂ ,ਪਰ ਇਹ ਸੰਸਾਰ ਮੇਰੇ ਲਈ ਅਜੇ ਵੀ ਅਜਨਬੀ ਹੈ,ਸਮ੍ਹਾਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।ਇਹ ਸਾਨੂੰ ਬਹੁਤ ਸਾਰਾ ਅਨੁਭਵ ਦਿੰਦਾ ਹੈ,ਹਾਲਾਤ ਜੋ ਵੀ ਹੋਣ,ਬਿਲਕੁਲ ਘਬਰਾਉਣਾ ਨਹੀ।ਜਿੰਦਗੀ ਹੈ, ਬਹੁਤ ਤਿੱਖਾ ਸਖਤ ਸੰਘਰਸ਼ ਵੀ ਕਰਨਾ ਪੈ ਸਕਦਾ ਹੈ।ਜੋ ਕਰਨਾ ਪੂਰੀ ਨਿਡਰਤਾ ਦੇ ਨਾਲ ਕਰਨਾ ਹੈ।ਆਪਣਾ ਵਿਸ਼ਵਾਸ਼ ਰੱਖ ਕੇ ਕਰੋ।

ਦੂਜੀ ਗੱਲ,ਆਪਣੇ ਕੰਮ ਨਾਲ ਪਿਆਰ ਕਰੋ,ਜੋ ਵੀ ਤੁਸੀ ਕੰਮ ਕਰਦੇ ਹੋ।ਉਸ ਦੇ ਪ੍ਰਤੀ ਪੂਰੇ ਇਮਾਨਦਾਰ ਰਹੋ।ਹਮੇਸ਼ਾ ਸ਼ਾਰਟ-ਕੱਟਾਂ ਤੋਂ ਬਚ ਕੇ ਰਹਿਣਾ।ਜੋ ਕੰਮ ਕਰਨਾ ਪੂਰੀ ਲਗਨ ਨਾਲ ਕਰੋ,ਸਫਲਤਾ ਭਾਵੇ ਦੇਰ ਨਾਲ ਹੀ ਮਿਲੇ,ਪਰ ਜਰੂਰ ਮਿਲੇਗੀ।ਲੰਬੇ ਰਸਤਿਆਂ ਵਿੱਚੋਂ ਤੁਹਾਨੂੰ ਬੇਅੰਤ ਦੌਲਤ ਭਾਵੇਂ ਨਾ ਮਿਲੇ,ਪਰ ਜੋ ਸੰਤੁਸ਼ਟੀ ਤੁਹਾਨੂੰ ਮਿਲੇਗੀ ਉਹ ਤੁਹਾਡੇ ਕੋਲੋ ਕੋਈ ਖੋਹ ਨਹੀ ਸਕਦਾ।ਇਹ ਦੁਨੀਆਂ ਬਹੁਤ ਹੀ ਗੁੰਝਲਦਾਰ ਹੈ।ਤੁਹਾਡਾ ਸਾਹਮਣਾ ਅਜਿਹੇ ਲੋਕਾਂ ਨਾਲ ਵੀ ਹੋ ਸਕਦਾ ਜੋ ਤੁਹਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਵੀ ਕਰਨਗੇ। ਪਰ ਇਸ ਦੇ ਬਾਵਜੂਦ ਸੱਚਾਈ ਤੋਂ ਮੂੰਹ ਨਹੀ ਮੋੜਣਾ।ਆਪਣੀ ਇਮੇਜ਼ ਨੂੰ ਗੁਆਉਣ ਨਾ ਦਿਓ,ਤੁਸੀ ਬਸ ਸੱਚ ‘ਤੇ ਖੜ੍ਹੇ ਰਹਿਣਾ,ਤੁਸੀ ਸੱਚ ਦੇ ਸਹਾਰੇ ਹੀ ਪੂਰੀ ਦੁਨੀਆਂ ਦਾ ਸਾਹਮਣਾ ਕਰ ਸਕੋਗੇ।ਜੇਕਰ ਅਸੀ ਸਾਹਮਣੇ ਵਾਲੇ ਨੂੰ ਪਛਾਣਨਾ ਸਿੱਖ ਲਈਏ ਤਾਂ ਸਾਡੇ ਅੰਦਰ ਸਹਿਣਸ਼ੀਲਤਾ ਆ ਜਾਂਦੀ ਹੈ।ਅਜਿਹੀ ਸਥਿੱਤੀ ਵਿੱਚ,ਤੁਰੰਤ ਐਕਸ਼ਨ ਨਾਲ,ਤੁਸੀ ਬਚ ਜਾਵੋਗੇ ਅਤੇ ਤੁਸੀ ਹੋਰ ਵੀ ਮਜ਼ਬੂਤ ਹੋ ਜਾਵੋਗੇ,ਫਿਰ ਤੁਹਾਡੇ ਪੱਖਪਾਤੀ ਰਵੱਈਏ ਅਤੇ ਦੂਜਿਆਂ ਦੇ ਪੱਖਪਾਤ ਦਾ ਸ਼ਿਕਾਰ ਹੋਣ ਤੋਂ ਬਚ ਜਾਵੋਗੇ।ਤੁਸੀ ਉਨ੍ਹਾਂ ਤੋਂ ਪ੍ਰਭਾਵਿਤ ਨਹੀ ਹੋਵੋਗੇ ਜੋ ਤੁਹਾਡੇ ਤੋਂ ਆਪਣੀ ਬੁੱਧੀ,ਆਤਮਾ ਅਤੇ ਦੌਲਤ ਦੇਣ ਦੀ ਚਾਹਤ ਰੱਖਦੇ ਹਨ।

ਤੀਸਰੀ ਗੱਲ,ਬਿਲਕੁਲ ਹੁਸ਼ਿਆਰ ਹੋ ਕੇ ਰਹਿਣਾ,ਚੁਸਤ ਹੋਣ ਨਾਲੋ ਬੁੱਧੀਮਾਨ ਹੋਣਾ ਹੋਰ ਵੀ ਬਿਹਤਰ ਹੈ।ਬੁੱਧੀਮਾਨ ਬਣਨ ਵਿੱਚ ਸਮ੍ਹਾਂ ਜਰੂਰ ਲੱਗਦਾ ਹੈ,ਇਹਦੇ ਵਿੱਚ ਆਪਣੇ ਆਪ ਨੂੰ ਨਿਰਾਸ਼ ਨਾ ਹੋਣ ਦਿਓ,ਆਪਣੇ ਆਪ ਨੂੰ ਹੋਰ ਵੀ ਕਠੋਰ ਬਣਾਉਣ ਦੀ ਕੋਸ਼ਿਸ਼ ਕਰੋ,ਇਕ ਗੱਲ ਜਰੂਰ ਯਾਦ ਰੱਖੋ ਕਿ ਸਿਆਣਪ ਬਹੁਤ ਵਾਰ ਆਉਦੀ ਹੈ,ਪਰ ਇਹ ਕੇਵਲ ਹਮਦਰਦੀ ਅਤੇ ਸਮਝ ਵਾਲੇ ਲੋਕਾਂ ਨੂੰ ਹੀ ਮਿਲਦੀ ਹੈ।ਤੁਹਾਡੀ ਅਕਲਮੰਦੀ ਹੀ ਤੁਹਾਨੂੰ ਚੁਸਤ ਬਣਾ ਦੇਵੇਗੀ।

ਚੌਥੀ ਅਤੇ ਜਰੂਰੀ ਗੱਲ,ਆਪਣੇ ਚਰਿੱਤਰ ਨੂੰ ਬਣਾਈ ਰੱਖਣਾ ਬਹੁਤ ਜਰੂਰੀ।ਆਪਣੇ ਚਰਿੱਤਰ ‘ਤੇ ਕਦੇ ਵੀ ਆਂਚ ਨਾ ਆਉਣ ਦੇਣਾ।ਜੀਵਨ ਵਿੱਚ ਜੋ ਕੁਝ ਵੀ ਤੁਸੀ ਹਾਸਿਲ ਕੀਤਾ ਹੈ,ਚਰਿੱਤਰ ‘ਤੇ ਦੱਬਾ ਲੱਗਦੇ ਹੀ ਉਹ ਸਭ ਕੁਝ ਗੁਆ ਦੇਵੋਗੇ।ਤੁਹਾਡਾ ਚਰਿੱਤਰ ਵਿਗਾੜਣ ਦੀ ਬਹੁਤ ਸਾਰੇ ਲੋਕ ਕੋਸ਼ਿਸ਼ ਕਰਨਗੇ,ਅਜਿਹੀ ਸਥਿੱਤੀ ਵਿੱਚ ਆਪਣੇ ਮਾਂ ਪਿਓ ਦਾ ਚਿਹਰਾ ਯਾਦ ਕਰਨਾ ਕਿ ਉਹਨਾਂ ਨੇ ਤੈਨੂੰ ਕੀ ਕੀ ਸਿਖਿਆ ਦਿੱਤੀ ਹੋਵੇਗੀ,ਕੀ ਕੀ ਉਪਦੇਸ਼ ਦਿੱਤੇ ਹੋਣਗੇ।ਸਾਨੂੰ ਆਪਣੀ ਧੀ ਤੇ ਪੂਰਾ ਭਰੋਸਾ ਹੈ, ‘ਤੇ ਹੋਵੇ ਵੀ ਕਿਉ ਨਾ,ਆਖਰ ਤੂੰ ਧੀ ਕਿਸ ਦੀ ਹੈ?ਅੱਜ ਤੱਕ ਤੁਸੀ ਆਪਣੇ ਮਾਂ ਪਿਓ ਦਾ ਸਿਰ ਝੁਕਣ ਨਹੀ ਦਿੱਤਾ ‘ਤੇ ਮੈਂਨੂੰ ਪੂਰਾ ਵਿਸ਼ਵਾਸ਼ ਹੈ ਕਿ ਅੱਗੇ ਵੀ ਝੁਕਣ ਨਹੀ ਦੇਵੋਗੇ।

ਪੰਜਵੀ ਗੱਲ,ਖੁਦ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀ ਕਰਨਾ,ਲੋਕ ਸਾਨੂੰ ਕੁਝ ਵੀ ਕਹਿਣ,ਬਹੁਤ ਲੋਕ ਤੁਹਾਨੂੰ ਇਕੱਲਾ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਨਗੇ ਪਰ ਅਸੀ ਸਿਰਫ ਆਪਣੇ ਕੰਮ ਦੀ ਕਦਰ ਕਰਦੇ ਰਹਿਣਾ, ਕਈ ਵਾਰ ਅਸੀ ਅੰਦਰੋਂ ਬਹੁਤ ਇਕੱਲੇ ਮਹਿਸੂਸ ਕਰਦੇ ਹਾਂ।ਇਹ ਇਕੱਲਤਾ ਇਕ ਭ੍ਰੇਤ ਦੀ ਤਰ੍ਹਾਂ ਹੈ।ਜਦੋਂ ਵੀ ਇਹ ਤੁਹਾਨੂੰ ਦੁੱਖੀ ਕਰੇ ਤੁਸੀ ਇਸ ਤੇ ਪਲਟਵਾਰ ਕਰਨਾ।ਇਹ ਇਕੱਲਾਪਣ ਤੁਹਾਨੂੰ ਉਦੋ ਵੀ ਪ੍ਰੇਸ਼ਾਨ ਕਰੇਗਾ ਜਦੋਂ ਤੁਸੀ ਜਿੰਦਗੀ ਵਿੱਚ ਕਿਸੇ ਕਾਰਨ ਕਰਕੇ ਪ੍ਰੇਸ਼ਾਨ ਹੋਵੋਗੇ,ਐਸਾ ਮਹਿਸੂਸ ਹੋਵੇਗਾ,ਕਿ ਜਿਵੇ ਅਸੀ ਇਸ ਮਸ਼ੀਨੀ ਰੁਟੀਨ ਅਤੇ ਜੀਵਨ ਨੂੰ ਸਫਲਤਾ ਦਾ ਦਰਜਾ ਦਿੰਦੇ ਹਾਂ?ਆਖਰਕਾਰ, ਅਜਿਹੀ ਕਿਹੜੀ ਜਿੰਦਗੀ ਹੈ ਜਿਸ ਵਿੱਚ ਅਸੀ ਕੁਝ ਸਮੇਂ ਲਈ ਰੁਕ ਕੇ ਸੋਚ ਨਹੀ ਸਕਦੇ?ਜਦੋ ਵੀ ਤੁਹਾਡੇ ਮਨ ਵਿੱਚ ਕੋਈ ਅਜਿਹੀ ਗੱਲ ਆਵੇ,ਤਾਂ ਸਭ ਤੋਂ ਪਹਿਲਾਂ ਆਪਣਾ ਰਵੱਈਆਂ ਬਦਲੋ,ਸੁਲਝੇ ਹੋਏ ਰਵੱਈਏ ਦੇ ਨਾਲ ਤੁਸੀ ਇਹੋ ਜਿਹੇ ਸਵਾਲਾਂ ਨੂੰ ਆਸਾਨੀ ਨਾਲ ਦੂਰ ਕਰ ਸਕੋਗੇ।ਵਿਅਰਥ ਨੂੰ ਜੀਵਨ ਦਾ ਹਿੱਸਾ ਨਾ ਸਮਝੋ,ਪਰ ਇਸ ਨੂੰ ਆਪਣੇ ਆਪ ‘ਤੇ ਕਦੇ ਵੀ ਭਾਰੂ ਨਾ ਹੋਣ ਦਿਓ।

ਛੇਵੀ ਗੱਲ,ਕਦੇ ਵੀ ਕਿਸੇ ਲਈ ਸਮੱਸਿਆ ਨਾ ਬਣੋ,ਹੱਲ ਬਣਨ ਦੀ ਕੋਸ਼ਿਸ਼ ਕਰੋ,ਦੁਨੀਆਂ ਵਿੱਚ ਇਕ ਬਿਹਤਰ ਸਥਾਨ ਬਣਾਉਣ ਲਈ ਆਪਣੇ ਪੇਸ਼ੇਵਰ ਅਤੇ ਹੁਨਰਾਂ ਦੀ ਵਰਤੋਂ ਕਰੋ,ਕਦੇ ਵੀ ਇਹ ਨਾ ਸੋਚੋ ਕਿ ਅਜਿਹਾ ਕਰਨ ਨਾਲ ਮੈਨੂੰ ਕੀ ਲਾਭ ਹੋਵੇਗਾ।ਹਮੇਸ਼ਾਂ ਇਸ ਸੋਚ ਨੂੰ ਬਰਕਰਾਰ ਰੱਖਣਾ ਕਿ ਮੇਰਾ ਕੰਮ ਸਮਾਜ਼ ਅਤੇ ਦੁਨੀਆ ਨੂੰ ਬਿਹਤਰ ਬਣਾਉਣਾ ਹੈ।ਬਰਾਬਰਤਾ ਅਤੇ ਭਾਗੀਦਾਰੀ ਦੀ ਇਹ ਸੋਚ ਨਾ ਸਿਰਫ਼ ਤੁਹਾਨੂੰ ਮਜ਼ਬੂਤ ਬਣਾਏਗੀ,ਸਗੋਂ ਇਸ ਨਾਲ ਸਮਾਜ ਨੂੰ ਵੀ ਲਾਭ ਹੋਵੇਗਾ।ਇਹ ਸੱਭ ਕਰਦੇ ਹੋਏ ਯਾਦ ਰੱਖੋ ਕਿ ਜੋ ਅਧਿਕਾਰ ਤੁਹਾਨੂੰ ਅੱਜ ਇਕ ਔਰਤ ਵਜ਼ੋਂ ਮਿਲੇ ਹਨ,ਉਹ ਅਧਿਕਾਰ ਤੁਹਾਡੇ ਤੋਂ ਪਹਿਲਾਂ ਦੀਆਂ ਸਾਰੀਆਂ ਔਰਤਾਂ ਨੇ ਸਖ਼ਤ ਸੰਘਰਸ਼ ਕਰਕੇ ਪ੍ਰਾਪਤ ਕੀਤੇ ਹਨ।ਅੱਜ ਜਿੰਨੀਆਂ ਵੀ ਲੜਕੀਆਂ ਪੈਦਾ ਹੋ ਰਹੀਆਂ ਹਨ ਉਹਨਾਂ ਨੂੰ ਤੁਹਾਡੇ ਵਰਗੇ ਹੱਕ ਸ਼ਾਇਦ ਨਹੀ ਮਿਲਣਗੇ,ਜੇਕਰ ਤੁਸੀ ਬਰਾਬਰੀ ਦਾ ਦਾਇਰਾ ਵਧਾਉਣ ਅਤੇ ਕਾਇਮ ਰੱਖਣ ਦੀ ਕੋਸ਼ਿਸ਼ ਨਹੀ ਕੀਤੀ,ਤਾਂ ਤੁਹਾਨੂੰ ਆਪਣੇ ਸਵਾਰਥੀ ਹਿੱਤਾਂ ਤੋਂ ਉਪਰ ਉਠ ਕੇ ਉਨ੍ਹਾਂ ਲਈ ਯਤਨ ਕਰਨੇ ਪੈਣਗੇ,ਜੋ ਤੁਹਾਡੇ ਪਿੱਛੇ ਚੱਲਣ ਵਾਲੇ ਇਸ ਦਾ ਲਾਭ ਉਠਾ ਸਕਣ ਅਤੇ ਉਨਾਂ ਲਈ ਜੀਵਨ ਦਾ ਰਾਹ ਪੱਧਰਾ ਹੋ ਸਕੇ।

ਹਾਂ ਮੈਂ ਬਾਪ ਹੋਣ ਦੇ ਨਾਤੇ ਇਕ ਗੱਲ ਜਰੂਰ ਕਹਿਣਾ ਚਾਹਾਂਗਾ,ਕਿ ਹਮੇਸ਼ਾਂ ਹੱਸਦੇ ਖੇਡਦੇ ਖੁਸ਼ੀ-ਖੁਸ਼ੀ ਰਹਿਣਾ,ਪੂਜਾ-ਪਾਠ ਹਮੇਸ਼ਾਂ ਕਰਦੇ ਰਹਿਣਾ ਬਿੰਨ ਨਾਗਾ,ਤੁਸੀ ਜਾਣਦੇ ਹੋ ਕਿ ਸਾਡੀਆਂ ਖੁਸ਼ੀਆਂ ਤੁਹਾਡੀਆਂ ਖੁਸ਼ੀਆਂ ਨਾਲ ਹੀ ਬੱਝੀਆਂ ਹੋਈਆਂ ਹਨ।ਤੁਹਾਡੇ ਨਾਲ ਫੋਨ ‘ਤੇ ਗੱਲ ਕਰਕੇ,ਤੁਹਾਨੂੰ ਹੱਸਦੇ ਖੇਡਦੇ ਦੇਖ ਕੇ,ਅਸੀ ਵੀ ਖੁਸ ਹੋ ਜਾਂਦੇ ਹਾਂ,ਇਹਦੇ ਨਾਲ ਅਸੀ ਆਪਣੀ ਜਿੰਦਗੀ ਦੀ ਗੱਡੀ ਵੀ ਵਧੀਆਂ ਤੋਰ ਲਵਾਂਗੇ।
ਸਦਾ ਖੁਸ਼ ਰਹੋ

ਤੇਰੇ ਪਿਤਾ …

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੂਨਾ ਪੈਕਟ ਸੰਬੰਧੀ ਵਿਸ਼ਾਲ ਧਰਨਾ ਪ੍ਰਦਰਸ਼ਨ ਅਤੇ ਗੇਟ ਮੀਟਿੰਗ ਦਾ ਆਯੋਜਨ
Next articleਅੰਨਦਾਤਾ