(ਸਮਾਜ ਵੀਕਲੀ)
ਆ ਕਦੇ ਮਿਲ ਬਹਿ ਕੇ ਕਰੀਏ ਚੰਨ ਅਤੇ ਚਕੋਰ ਦੀਆਂ ਗੱਲਾਂ।
ਕੋਇਲਾਂ ਸੰਗ ਵੀ ਛੇੜੀਂ ਬਾਗੀਂ ਪੈਲਾਂ ਪਾਉਂਦੇ ਮੋਰ ਦੀਆਂ ਗੱਲਾਂ।
ਬਣ ਮਾਲੀ ਅੱਠੋ ਪਹਿਰ ਨਾਲੇ ਕਰਦੀਆਂ ਨੇ ਰਖਵਾਲੀ ਵੀ,
ਫੁੱਲਾਂ ਨਾਲ ਵੀ ਖਹਿਕੇ ਜਾਂਦੀਆਂ ਕੰਡਿਆਲੀ ਥੋਰ੍ਹ ਦੀਆਂ ਗੱਲਾਂ।
ਕਦੋਂ ਤਾਈਂ ਦਫ਼ਨਾ ਕੇ ਰਖਾਂਗੇ, ਸੀਨੇ ਸੁਲਗ ਰਹੇ ਜਜ਼ਬਾਤਾਂ ਨੂੰ,
ਸੁਣਜੀ ਨਾਲੇ ਸੁਣਾਕੇ ਜਾਵੀਂ ਆਪਣੇ ਤੂੰ ਚਿੱਤ ਚੋਰ ਦੀਆਂ ਗੱਲਾਂ।
ਰੱਜ ਕੇ ਮੈਂ ਪੀਅ ਕੇ ਵੇਖ ਲਈ ਅੰਤਾਂ ਦੀ ਠੇਕਿਆਂ ਤੋਂ ਦਾਰੂ,
ਪਿਆ ਕੇ ਨੈਣੋਂ ਜਾਮ ਪਿਆਲਾ ਕਰ ਤੂੰ ਜਾਵੀਂ ਲੋਰ ਦੀਆਂ ਗੱਲਾਂ।
ਇੱਕ ਗਲੀ ਦਾ ਗੇੜਾ ਦੇ ਜਾਈਂ, ਤੱਕਣਾ ਤੈਨੂੰ ਮੈਂ ਤੁਰਦੀ ਨੂੰ,
ਸੁਣਨਾ ਚਾਹੁੰਨਾ ਹਾਂ ਮੂੰਹੋਂ ਲੋਕਾਂ ਦੇ ਜਾਨੇ ਤੇਰੀ ਤੋਰ ਦੀਆਂ ਗੱਲਾਂ।
ਇਕੱਲੇ ਬਹਿ ਜਦ ਤੈਨੂੰ ਕਰਦਾ ਚੇਤੇ, ਦਿਲ ਨੂੰ ਵੀ ਸਕੂਨ ਮਿਲੇ,
ਭਰਿਆ ਮੇਰਾ ਮਨ ਪਿਆ ਏ ਸੁਣ-ਸੁਣ ਬਾਹਰੀ ਸੋਰ ਦੀਆਂ ਗੱਲਾਂ।
ਮੋਹ ਜਿਹਾ ਟੁੱਟ ਗਿਆ ਹੈ “ਬਾਛਲਾ” ਇਸ ਦੁਨੀਆ ਦੇ ਮੇਲੇ ਤੋਂ,
ਤਾਂਹੀ ਤਾਂ ਮਨ ਭਾਉਂਦੀਆਂ ਨਾ ਅੱਜਕਲ੍ਹ ਕਿਸੇ ਹੋਰ ਦੀਆਂ ਗੱਲਾਂ।
ਸਰਬਜੀਤ ਬਾਛਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly