ਮਾਨਸਾ (ਸਮਾਜਵੀਕਲੀ) : ਮਾਲਵਾ ਪੱਟੀ ਵਿਚ ਮੀਂਹ ਨਾ ਪੈਣ ਕਾਰਨ ਅਤੇ ਪਾਵਰ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਨੂੰ ਜਥੇਬੰਦੀਆਂ ਦੀ ਮੰਗ ਅਨੁਸਾਰ ਪੂਰਾ ਸਮਾਂ ਬਿਜਲੀ ਨਾ ਦੇਣ ਕਾਰਨ ਝੋਨੇ ਦੇ ਖੇਤਾਂ ਵਿਚ ਪਾਣੀ ਖੜ੍ਹਾਉਣਾ ਮੁਸ਼ਕਲ ਕਰ ਦਿੱਤਾ ਹੈ। ਹਰ ਖੇਤ ਵਿਚ ਕਈ-ਕਈ ਘੰਟੇ ਮਹਿੰਗਾ ਡੀਜ਼ਲ ਜਨਰੇਟਰ ਚਲਾ ਕੇ ਪਾਣੀ ਭਰਿਆ ਜਾਣ ਲੱਗਾ ਹੈ ਤਾਂ ਜੋ ਝੋਨੇ ਵਿਚ ਘੱਟੋ-ਘੱਟ ਪਾਣੀ ਦੀ ਪੂਰਤੀ ਕਾਇਮ ਰੱਖੀ ਜਾ ਸਕੇ। ਭਾਵੇਂ ਕਿਸਾਨ ਟਿਊਬਵੈਲਾਂ ਆਸਰੇ ਆਪਣੀ ਫ਼ਸਲ ਦੀ ਰਾਖੀ ਪੁੱਤਾਂ ਵਾਂਗ ਕਰਨ ਲੱਗਿਆ ਹੈ, ਪਰ ਤੇਜ਼ ਗਰਮੀ ਅਤੇ ਧੁੱਪ ਕਿਸਾਨਾਂ ਦੀਆਂ ਕੋਸ਼ਿਸਾਂ ਉਪਰ ਪਾਣੀ ਫੇਰ ਰਹੀ ਹੈ। ਮੀਂਹ ਦੀ ਘਾਟ ਤੋਂ ਬਾਅਦ ਕਿਸਾਨਾਂ ਨੂੰ ਇਕ ਹੋਰ ਮਾਰ ਸਿੰਚਾਈ ਵਿਭਾਗ ਵਲੋਂ ਨਹਿਰਾਂ ਵਿਚ ਪੂਰਾ ਪਾਣੀ ਨਾ ਛੱਡਣ ਦੀ ਪੈਣ ਲੱਗੀ ਹੈ, ਸਿੱਟੇ ਵਜੋਂ ਖੇਤਾਂ ਵਿਚ ਬਹੁਤ ਘੱਟ ਨਹਿਰੀ ਪਾਣੀ ਪਹੁੰਚ ਰਿਹਾ ਹੈ। ਭਾਵੇਂ ਮਾਨਸੂਨ ਉਪਰ ਤਾਂ ਕਿਸੇ ਦਾ ਵੱਸ ਨਹੀਂ, ਪਰ ਸਰਕਾਰ ਦੇ ਬਿਜਲੀ ਅਤੇ ਸਿੰਚਾਈ ਵਿਭਾਗ ਇਸ ਅਤਿ ਦੀ ਗਰਮੀ ਵਿਚ ਫ਼ਸਲਾਂ ਨੂੰ ਬਚਾਉਣ ਲਈ ਕਿਸਾਨਾਂ ਦਾ ਸਾਥ ਨਹੀਂ ਦੇ ਰਹੇ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਪਾਵਰ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਨਾ ਦੇਣ ਕਾਰਨ ਝੋਨਾ ਲਾਉਣ ਵਿਚ ਦਿਕੱਤ ਖੜ੍ਹੀ ਹੋਣ ਲੱਗੀ ਹੈ, ਜਿਹੜੀ ਸਪੀਡ ਵਿਚ ਕਿਸਾਨਾਂ ਨੇ ਸ਼ੁਰੂ-ਸ਼ੁਰੂ ਵਿਚ ਝੋਨਾ ਲਾਉਣਾ ਆਰੰਭ ਕੀਤਾ ਸੀ, ਉਹ ਰਫ਼ਤਾਰ ਹੁਣ ਕਿਧਰੇ ਵੀ ਵੇਖਣ ਨੂੰ ਨਹੀਂ ਮਿਲ ਰਹੀ। ਕਿਸਾਨ ਲਾਏ ਹੋਏ ਝੋਨੇ ਨੂੰ ਹੀ ਚਲਾਉਣ ਲਈ ਉਲਝ ਗਏ ਹਨ, ਜਦੋਂ ਕਿ ਨਵਾਂ ਝੋਨਾ ਲਾਉਣ ਲਈ ਕੱਦੂ ਵਾਸਤੇ ਪਾਣੀ ਦੀ ਘਾਟ ਰੜਕਣ ਲੱਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਇੰਦਰ ਦੇਵਤਾ ਖੁਸ਼ ਨਹੀਂ ਹੁੰਦਾ ਹੈ, ਓਨਾ ਚਿਰ ਤੱਕ ਬਿਜਲੀ ਦੀ ਤਕਲੀਫ਼ ਵੀ ਰਹਿਣੀ ਹੈ। ਬਹੁਤ ਸਾਰੇ ਕਿਸਾਨਾਂ ਨੇ ਮਾਨਸੂਨ ਪੌਣਾਂ ਦੇ ਪਹੁੰਚਣ ਵੇਲੇ ਝੋਨਾ ਲਾਉਣ ਦਾ ਫੈਸਲਾ ਲੈ ਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਸਪਲਾਈ ਦੁੱਗਣੀ ਕਰਨ ਦੀ ਲੋੜ ਹੈ ਅਤੇ ਖੇਤੀ ਖੇਤਰ ਨੂੰ 16 ਘੰਟੇ ਰੋਜ਼ਾਨਾ ਬਿਜਲੀ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਸੁਧਾਰ ਲਈ ਲੋੜੀਂਦੇ ਵਾਤਾਵਰਣ ਰੱਖਿਆ ਕਦਮ ਵੀ ਉਠਾਏ ਜਾਣੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਦੀ ਪਾਣੀ ਦੀ ਲੋੜ ਪੂਰੀ ਹੋ ਸਕੇ ਅਤੇ ਪੰਜਾਬ ਪਹਿਲਾਂ ਵਾਂਗ ਦੇਸ਼ ਦਾ ਅੰਨ ਭੰਡਾਰ ਬਣਿਆ ਰਹਿ ਸਕੇ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ ਅਧਿਕਾਰੀ ਜਸਪ੍ਰੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਖੇਤੀ ਮੋਟਰਾਂ ਲਈ ਕਿਸਾਨਾਂ ਨੂੰ ਮਹਿਕਮੇ ਦੇ ਵਾਅਦੇ ਅਨੁਸਾਰ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।