ਮੁੰਬਈ (ਸਮਾਜਵੀਕਲੀ) – ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਜੋ ਪਾਲਘਰ ਜ਼ਿਲ੍ਹੇ ’ਚ ਭੀੜ ਵੱਲੋਂ ਤਿੰਨ ਵਿਅਕਤੀਆਂ ਨੂੰ ਕੁੱਟ-ਕੁੱਟ ਕੇ ਕਤਲ ਕਰ ਦੇਣ ਦੀ ਘਟਨਾ ਨੂੰ ਫਿਰਕੂ ਰੰਗਤ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਲਘਰ ਜ਼ਿਲ੍ਹੇ ’ਚ 16 ਅਪਰੈਲ ਦੀ ਰਾਤ ਨੂੰ ਗੁਜਰਾਤ ਤੋਂ ਸੂਰਤ ਜਾ ਰਹੇ ਮੁੰਬਈ ਦੇ ਕਾਂਦੀਵਲੀ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਨੂੰ ਭੀੜ ਨੇ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦਾ ਵਾਹਨ ਇੱਕ ਪਿੰਡ ਨੇੜੇ ਰੋਕਿਆ ਗਿਆ ਸੀ। ਉਨ੍ਹਾਂ ਦੇ ਚੋਰ ਹੋਣ ਦੇ ਸ਼ੱਕ ਹੇਠ ਭੀੜ ਨੇ ਉਨ੍ਹਾਂ ਨੂੰ ਕਾਰ ’ਚੋਂ ਬਾਹਰ ਕੱਢ ਕੇ ਡਾਂਗਾਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਮ੍ਰਿਤਕਾਂ ਦੀ ਪਛਾਣ ਚਿਕਨੇ ਮਹਾਰਾਜ ਕਲਪਵਰਿਕਸ਼ ਗਿਰੀ (70), ਸੁਸ਼ੀਲ ਗਿਰੀ ਮਹਾਰਾਜ (35) ਅਤੇ ਵਾਹਨ ਚਾਲਕ ਨਿਲੇਸ਼ ਤੇਲਗਾੜੇ (30) ਵਜੋਂ ਹੋਈ ਹੈ।
ਸੂਬਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੇਂਦਰੀ ਅਪਰਾਧ ਵਿਭਾਗ (ਸੀਆਈਡੀ) ਨੂੰ ਸੌਂਪ ਦਿੱਤੀ ਹੈ ਅਤੇ ਪਾਲਘਰ ਪੁਲੀਸ ਨੇ ਡਿਊਟੀ ’ਚ ਲਾਪ੍ਰਵਾਹੀ ਵਰਤਣ ਵਾਲੇ ਦੋ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਵੀ ਕਰ ਦਿੱਤਾ ਹੈ। ਸ੍ਰੀ ਠਾਕਰੇ ਨੇ ਵੀਡੀਓ ਸੁਨੇਹੇ ’ਚ ਕਿਹਾ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਇਆ ਸੀ ਅਤੇ ਉਨ੍ਹਾਂ ਖੁਦ ਇਸ ਮਾਮਲੇ ’ਚ ਕੋਈ ਫਿਰਕੂ ਮੁੱਦਾ ਨਾ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ, ‘ਮੈਂ ਸ੍ਰੀ ਸ਼ਾਹ ਤੋਂ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਜੋ ਪਾਲਘਰ ਕਤਲ ਕਾਂਡ ਨੂੰ ਫਿਰਕੂ ਰੰਗਤ ਦੇ ਰਹੇ ਹਨ।’
ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਕੌਮੀ ਬੁਲਾਰੇ ਸ੍ਰੀਰਾਜ ਨਾਇਰ, ਸਮਾਜਿਕ ਕਾਰਕੁਨ ਅੰਜਲੀ ਦਮਾਨੀਆ, ਸਾਬਕਾ ਆਈਪੀਐੱਸ ਅਧਿਕਾਰੀ ਵਾਈਪੀ ਸਿੰਘ, ਮੁੰਬਈ ਭਾਜਪਾ ਦੇ ਸਾਬਕਾ ਮੁਖੀ ਅਸ਼ੀਸ਼ ਸ਼ੇਲਾਰ ਨੇ ਘਟਨਾ ਦੀ ਨਿੰਦਾ ਕੀਤੀ ਹੈ।
ਇਸੇ ਦੌਰਾਨ ਮਹਾਰਾਸ਼ਟਰ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਸਾਵੰਤ ਨੇ ਦੋਸ਼ ਲਗਾਇਆ ਕਿ ਭਾਜਪਾ ਇਸ ਮਾਮਲੇ ’ਚ ਫਿਰਕੂ ਸਿਆਸਤ ਖੇਡ ਰਹੀ ਹੈ ਕਿਉਂਕਿ ਪਾਲਘਰ ਜ਼ਿਲ੍ਹੇ ’ਚ ਵਾਪਰੀ ਇਸ ਘਟਨਾ ’ਚ ਸ਼ਾਮਲ ਬਹੁਤੇ ਵਿਅਕਤੀ ਭਾਜਪਾ ਦੇ ਮੈਂਬਰ ਹਨ।