ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ
ਕੈਨੇਡਾ, ਵੈੈੈੈਨਕੂੂਵਰ – (ਹਰਜਿੰਦਰ ਛਾਬੜਾ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਅਪਣੀ ਵਿਰੋਧੀ ਪਾਰਟੀ ਪੀਡੀਪੀ ਦੇ ਨੇਤਾ ਜਗਮੀਤ ਸਿੰਘ ਨੂੰ ਜੱਫੀ ਪਾ ਕੇ ਮਿਲਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ ਇਹ ਵੀਡੀਓ ਐਤਵਾਰ ਦੀ ਹੈ ਜਦੋਂ ਵੈਨਕੂਵਰ ਵਿਚ ਪ੍ਰਾਈਡ ਪਰੇਡ ਕੀਤੀ ਜਾ ਰਹੀ ਸੀ ਪਰ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਨੂੰ ਸੜਕ ‘ਤੇ ਖੜ੍ਹੇ ਦੇਖਿਆ ਤਾਂ ਉਨ੍ਹਾਂ ਨੇ ਪਰੇਡ ਵਿਚੋਂ ਬਾਹਰ ਆ ਕੇ ਜਗਮੀਤ ਨੂੰ ਗਲੇ ਲਗਾ ਲਿਆ ਅਤੇ ਜਗਮੀਤ ਸਿੰਘ ਦਾ ਹਾਲ ਚਾਲ ਪੁੱਛਿਆ|
ਪ੍ਰਧਾਨ ਮੰਤਰੀ ਟਰੂਡੋ ਦੀ ਇਹ ਨਿਮਰਤਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਉਂਝ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਜਸਟਿਨ ਟਰੂਡੋ ਅਪਣੇ ਇਸੇ ਸੁਭਾਅ ਦੀ ਵਜ੍ਹਾ ਕਰਕੇ ਦੇਸ਼ ਵਾਸੀਆਂ ਵਿਚ ਕਾਫ਼ੀ ਹਰਮਨ ਪਿਆਰੇ ਹਨ। ਇਸ ਮਾਮਲੇ ਵਿਚ ਕੋਈ ਵੀ ਉਨ੍ਹਾਂ ਤੋਂ ਅੱਗੇ ਨਹੀਂ। ਉਹ ਅਪਣੇ ਵਿਰੋਧੀਆਂ ਨੂੰ ਵੀ ਬਿਨਾਂ ਝਿਜਕ ਦੇ ਪਿਆਰ ਨਾਲ ਮਿਲਦੇ ਹਨ। ਪ੍ਰਾਈਡ ਪਰੇਡ ਵਿਚ ਵੀ ਉਨ੍ਹਾਂ ਵਿਰੋਧੀ ਪਾਰਟੀ ਦੇ ਨੇਤਾ ਜਗਮੀਤ ਨੂੰ ਮਿਲ ਕੇ ਇਹ ਸਾਬਤ ਕਰ ਦਿੱਤਾ ਕਿ ਨਿਮਰਤਾ ਦੇ ਮਾਮਲੇ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ।
ਇਸ ਪ੍ਰਾਈਡ ਪ੍ਰੇਡ ਵਿਚ ਐਨਡੀਪੀ ਨੇਤਾ ਜਗਮੀਤ ਸਿੰਘ ਤੋਂ ਇਲਾਵਾ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਾਬੈਥ ਮਈ ਨੇ ਵੀ ਸ਼ਮੂਲੀਅਤ ਕੀਤੀ ਸੀ। ਜਸਟਿਨ ਟਰੂਡੋ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਬਹੁਤ ਸਾਰੇ ਭਾਰਤੀ ਲੋਕ ਇਸ ਵੀਡੀਓ ਨੂੰ ਦੇਖ ਕੇ ਇਹੀ ਆਖ ਰਹੇ ਨੇ ਕਿ ਕਾਸ਼…ਸਾਡੇ ਦੇਸ਼ ਦੇ ਨੇਤਾਵਾਂ ਵਿਚ ਵੀ ਇੰਨੀ ਨਿਮਰਤਾ ਹੁੰਦੀ।