ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਬਗਾਵਤ ਤੋਂ ਕਰੀਬ ਮਹੀਨਾ ਬਾਅਦ ਜੈਪੁਰ ਪਰਤੇ ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਤੋਂ ਕੋਈ ਅਹੁਦਾ ਨਹੀਂ ਮੰਗਿਆ ਹੈ ਅਤੇ ਕਿਸੇ ਤਰ੍ਹਾਂ ਦੀ ਬਦਲਾ-ਲਊ ਸਿਆਸਤ ਨਹੀਂ ਹੋਣੀ ਚਾਹੀਦੀ।
ਰਾਜਸਥਾਨ ਦੇ 14 ਅਗਸਤ ਨੂੰ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸੂਬੇ ਦੇ ਮਹੀਨਾ ਭਰ ਚੱਲੇ ਸਿਆਸੀ ਸੰਕਟ ਦਾ ਬੀਤੇ ਦਿਨ ਸਚਿਨ ਪਾਇਲਟ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਚਾਲੇ ਹੋਈ ਮੀਟਿੰਗ ਮਗਰੋਂ ‘ਸੁਖਦ ਹੱਲ’ ਕਰ ਲਿਆ ਗਿਆ। ਕਾਂਗਰਸ ਆਗੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ ਸੀ ਅਤੇ ਉਹ ਦਿੱਲੀ ਵਿੱਚ ਕਾਂਗਰਸ ਹਾਈਕਮਾਂਡ ਨਾਲ ਕੁਝ ਮੁੱਦਿਆਂ ’ਤੇ ਚਰਚਾ ਕਰਨ ਗਏ ਸਨ।
ਉਨ੍ਹਾਂ ਕਿਹਾ, ‘‘ਮੈਂ ਪਾਰਟੀ ਤੋਂ ਕੋਈ ਅਹੁਦਾ ਨਹੀਂ ਮੰਗਿਆ ਹੈ।’’ ਪਾਇਲਟ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਹੋਈ ਬਿਆਨਬਾਜ਼ੀ ਕਾਰਨ ਉਹ ਦੁਖੀ ਹੋਏ ਹਨ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ‘ਨਿੱਜੀ ਮੰਦ-ਭਾਵਨਾਵਾਂ’ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਤਰ੍ਹਾਂ ਦੀ ਬਦਲਾ-ਲਊ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਸਮਰਥਕ ਇਕੱਠੇ ਹੋਏ ਸਨ, ਜਿਨ੍ਹਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸੇ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਉਹ ਵਿਧਾਇਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨਗੇ। ਉਨ੍ਹਾਂ ਦਾ ਇਹ ਬਿਆਨ ਬਾਗੀ ਵਿਧਾਇਕਾਂ ਵਲੋਂ ਚੁੱਕੇ ਮੁੱਦਿਆਂ ’ਤੇ ਕਾਂਗਰਸ ਵਲੋਂ ਬੀਤੇ ਦਿਨ ਕਮੇਟੀ ਬਣਾਏ ਜਾਣ ਮਗਰੋਂ ਆਇਆ ਹੈ।
ਉਨ੍ਹਾਂ ਕਿਹਾ, ‘‘ਜੇਕਰ ਕੋਈ ਵਿਧਾਇਕ ਮੇਰੇ ਤੋਂ ਖ਼ਫ਼ਾ ਹੈ, ਤਾਂ ਉਸ ਦਾ ਗੁੱਸਾ-ਗਿਲਾ ਦੂਰ ਕਰਨਾ ਮੇਰੀ ਜ਼ਿੰਮਵੇਾਰੀ ਬਣਦੀ ਹੈ। ਮੈਂ ਇਹ ਅਤੀਤ ਵਿੱਚ ਵੀ ਕਰਦਾ ਰਿਹਾ ਹਾਂ ਅਤੇ ਹੁਣ ਵੀ ਕਰਾਂਗਾ।’’