ਪਾਦਰੀ ਐਂਥਨੀ ਮੈਡਾਸਰੀ ਦੇ 6.66 ਕਰੋੜ ਰੁਪਏ ਗਾਇਬ ਕਰਨ ਦੇ ਮਾਮਲੇ ਵਿਚ ਕੇਰਲ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਗਏ ਪਟਿਆਲਾ ਨਾਲ ਸਬੰਧਤ ਥਾਣੇਦਾਰਾਂ ਦੀ ਪੁੱਛ-ਪੜਤਾਲ ਮਗਰੋਂ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਵੱਡੇ ਤੜਕੇ ਅਤੇ ਦਿਨ ਵੇਲੇ ਮਾਰੇ ਗਏ ਛਾਪਿਆਂ ਦੌਰਾਨ ਪਟਿਆਲਾ ਦੇ ਤਿੰਨ ਵਿਅਕਤੀਆਂ ਸਮੇਤ ਛੇ ਜਣਿਆਂ ਕੋਲੋਂ 2.38 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮ ਥਾਣੇਦਾਰ ਰਾਜਪ੍ਰੀਤ ਸਿੰਘ ਦੇ ਰਿਸ਼ਤੇਦਾਰ ਅਮਰੀਕ ਸਿੰਘ, ਜੋ ਥਾਣਾ ਸਿਵਲ ਲਾਈਨ ’ਚ ਮੁਨਸ਼ੀ ਹੈ, ਦੇ ਕਬਜ਼ੇ ਵਿਚੋਂ 30 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਦੂਜੇ ਮੁਲਜ਼ਮ ਥਾਣੇਦਾਰ ਜੋਗਿੰਦਰ ਸਿੰਘ ਦੇ ਗੁਆਂਢੀ ਮੁਹੰਮਦ ਸ਼ਕੀਲ ਦੇ ਘਰੋਂ 20 ਲੱਖ ਰੁਪਏ ਬਰਾਮਦ ਹੋਏ ਹਨ। ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਦੇ ਵਾਰਡ ਨੰਬਰ ਤਿੰਨ ਦੇ ਵਸਨੀਕ ਸੁਰਿੰਦਰਪਾਲ ਚਿੜੀ ਦੇ ਕਬਜ਼ੇ ਵਿਚੋਂ ਪੁਲੀਸ ਟੀਮ ਨੇ 40 ਲੱਖ ਰੁਪਏ ਬਰਾਮਦ ਕੀਤੇ ਹਨ। ਤਬੀਅਤ ਠੀਕ ਨਾ ਹੋਣ ਕਰਕੇ ਉਸ ਦੀ ਗ੍ਰਿਫ਼ਤਾਰੀ ਪਾਉਣ ਮਗਰੋਂ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਜਦਕਿ ਬਾਕੀ ਦੋਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਛਾਪੇ ਮਾਰਨ ਵਾਲੀ ਟੀਮ ’ਚ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ, ਐਸਪੀ (ਡੀ) ਹਰਮੀਤ ਹੁੰਦਲ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਸ਼ਮਿੰਦਰ ਸਿੰਘ ਆਦਿ ਵੀ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਏਪੁਰ ਦੇ ਵਸਨੀਕ ਨਿਰਮਲ ਸਿੰਘ ਦੇ ਕਬਜ਼ੇ ਵਿਚੋਂ ਇੱਕ ਕਰੋੜ ਰੁਪਏ ਦੀ ਬਰਾਮਦਗੀ ਹੋਈ ਹੈ ਪਰ ਉਹ ਖੁਦ ਫਰਾਰ ਹੋ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੇ ਕਸਬਾ ਮੂਨਕ ਵਾਸੀ ਦਵਿੰਦਰ ਕੁਮਾਰ ਤੋਂ 30 ਲੱਖ ਅਤੇ ਸੰਜੀਵ ਕੁਮਾਰ ਕੋਲੋਂ 18 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਐਸਐਸਪੀ ਮਨਦੀਪ ਸਿੰਘ ਸਿੱੱਧੂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਦਾ ਸ਼ੁੱਕਰਵਾਰ ਨੂੰ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।
INDIA ਪਾਦਰੀ ਮਾਮਲੇ ’ਚ 2.38 ਕਰੋੜ ਰੁਪਏ ਬਰਾਮਦ