ਪੰਜਾਬ ਪੁਲੀਸ ਵੱਲੋਂ ਜਲੰਧਰ ਦੇ ਪਾਦਰੀ ਦੀ 6 ਕਰੋੜ ਰੁਪਏ ਦੀ ਰਕਮ ‘ਹਜ਼ਮ’ ਕਰਨ ਦੇ ਦੋਸ਼ਾਂ ’ਚ ਘਿਰੇ ਪੁਲੀਸ ਅਫ਼ਸਰਾਂ ਖਿਲਾਫ਼ ਮਾਮਲਾ ਦਰਜ ਕਰਨ ਦਾ ਫੈਸਲਾ ਕਰ ਲਿਆ ਹੈ। ਉਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਪਰਵੀਨ ਕੁਮਾਰ ਸਿਨਹਾ ਵੱਲੋਂ ਕੀਤੀ ਮੁੱਢਲੀ ਪੜਤਾਲ ਦੌਰਾਨ ਡੀ.ਐੱਸ.ਪੀ. ਰੈਂਕ ਦੇ ਦੋ ਪੁਲੀਸ ਅਫ਼ਸਰਾਂ ਅਤੇ ਦੋ ਸਬ ਇੰਸਪੈਕਟਰਾਂ ਦੀ ਇਸ ਵੱਡੀ ਰਕਮ ਨੂੰ ਹੜੱਪ ਕਰਨ ਦੀ ਰਣਨੀਤੀ ਘੜਨ ਦੇ ਤੱਥ ਸਾਹਮਣੇ ਆਏ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸ੍ਰੀ ਸਿਨਹਾ ਦੀ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਪੁਲੀਸ ਅਫ਼ਸਰਾਂ ਤੇ ਕਰਮਚਾਰੀਆਂ ਖਿਲਾਫ਼ ਐੱਫ.ਆਈ.ਆਰ. ਦਰਜ ਕਰਨ ਦਾ ਫੈਸਲਾ ਕੀਤਾ ਹੈ। ਪੁਲੀਸ ਵੱਲੋਂ ਜਲੰਧਰ ’ਚ ਛਾਪਾ ਮਾਰਨ ਸਮੇਂ ਵੱਡੀਆਂ ਖਾਮੀਆਂ ਵੀ ਸਾਹਮਣੇ ਆਈਆਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕ੍ਰਾਈਮ ਵਿੰਗ ਵੱਲੋਂ ਇਹ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ ਤੇ ਪੁਲੀਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਤਫ਼ਤੀਸ਼ ਕਰਨ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸੀਨੀਅਰ ਪੁਲੀਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ’ਚ ਕਾਉਂਟਰ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਇੱਕ ਡੀ.ਐੱਸ.ਪੀ. ਅਤੇ ਖੰਨਾ ’ਚ ਤਾਇਨਾਤ ਇੱਕ ਡੀ.ਐੱਸ.ਪੀ. ਸਮੇਤ ਪਟਿਆਲਾ ਤੋਂ ਗੈਰਹਾਜ਼ਰ ਚੱਲੇ ਆ ਰਹੇ ਦੋ ਸਬ ਇੰਸਪੈਕਟਰਾਂ ਦੀ ਭੂਮਿਕਾ ਪਾਦਰੀ ਐਂਥਨੀ ਦਾ ਪੈਸਾ ਖੁਰਦ ਬੁਰਦ ਕਰਨ ’ਚ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਮਾਮਲਾ ਈਸਾਈ ਭਾਈਚਾਰੇ ਨਾਲ ਜੁੜਿਆ ਹੋਣ ਕਾਰਨ ਪੈਸਾ ਗਾਇਬ ਕਰਨ ਦੀ ਗੂੰਜ ਸੋਨੀਆ ਗਾਂਧੀ ਦੇ ਦਰਬਾਰ ’ਚ ਵੀ ਪਈ ਹੈ। ਇਸ ਲਈ ਇਹ ਮਾਮਲਾ ਕੈਪਟਨ ਸਰਕਾਰ ਅਤੇ ਸੂਬਾਈ ਪੁਲੀਸ ਲਈ ਭਾਰੀ ਨਮੋਸ਼ੀ ਦਾ ਕਾਰਨ ਵੀ ਬਣ ਗਿਆ ਹੈ।
ਖੰਨਾ ਪੁਲੀਸ ਵੱਲੋਂ 31 ਮਾਰਚ ਨੂੰ ਦਾਅਵਾ ਕੀਤਾ ਗਿਆ ਸੀ ਕਿ ਸੜਕ ’ਤੇ ਨਾਕੇ ਦੌਰਾਨ ਐਂਥਨੀ ਨਾਂਅ ਦੇ ਪਾਦਰੀ ਤੋਂ 9 ਕਰੋੜ 66 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ ਹੈ। ਇਸ ਤੋਂ ਅਗਲੇ ਹੀ ਦਿਨ ਪਾਦਰੀ ਵੱਲੋਂ ਜਲੰਧਰ ’ਚ ਅਸਲ ਕਹਾਣੀ ਬਿਆਨ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੁਲੀਸ ਵੱਲੋਂ ਜਲੰਧਰ ਤੋਂ 15 ਕਰੋੜ 65 ਲੱਖ ਰੁਪਏ ਦੀ ਰਾਸ਼ੀ ‘ਕਬਜ਼ੇ’ ਵਿੱਚ ਲਈ ਗਈ ਸੀ ਤੇ ਦੱਸੀ 9 ਕਰੋੜ 66 ਲੱਖ ਰੁਪਏ ਹੈ। ਇਸ ਤਰ੍ਹਾਂ ਨਾਲ 5 ਕਰੋੜ 99 ਲੱਖ ਰੁਪਏ ਦੀ ਰਾਸ਼ੀ ਖੁਰਦ ਬੁਰਦ ਕਰਨ ਦੇ ਦੋਸ਼ਾਂ ’ਚ ਪੁਲੀਸ ਘਿਰ ਗਈ। ਵਿਵਾਦਾਂ ’ਚ ਘਿਰੀ ਪੁਲੀਸ ਨੇ ਇਸ ਦੀ ਜਾਂਚ ਆਈਜੀ ਪ੍ਰਵੀਨ ਕੁਮਾਰ ਸਿਨਹਾ ਨੂੰ ਸੌਂਪ ਦਿੱਤੀ। ਇਸ ਜਾਂਚ ਦੌਰਾਨ ਅਹਿਮ ਤੱਥ ਸਾਹਮਣੇ ਆਏ ਹਨ। ਸੂਤਰਾਂ ਦਾ ਦੱਸਣਾ ਹੈ ਕਿ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਜਲੰਧਰ ’ਚ ਪਾਦਰੀ ਦੇ ਘਰ ਛਾਪਾ ਮਾਰਿਆ ਗਿਆ। ਇਸ ਛਾਪੇ ਸਬੰਧੀ ਜਲੰਧਰ ਪੁਲੀਸ ਜਾਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਸੂਚਨਾ ਹੀ ਨਹੀਂ ਦਿੱਤੀ ਗਈ। ਇਸ ਜਾਂਚ ਦੌਰਾਨ ਸਭ ਤੋਂ ਵੱਡਾ ਤੱਥ ਸਾਹਮਣੇ ਇਹ ਆਇਆ ਹੈ ਕਿ ਇਹ ਦੋਵੇਂ ਸਬ ਇੰਸਪੈਕਟਰ ਜੋ ਕਿ ਪਟਿਆਲਾ ਜ਼ਿਲ੍ਹੇ ਵਿੱਚ ਤਾਇਨਾਤ ਹਨ, ਦੀ ਆਰਜ਼ੀ ਤਾਇਨਾਤੀ ਡੀਜੀਪੀ ਦਫ਼ਤਰ ਵੱਲੋਂ 27 ਮਾਰਚ ਨੂੰ ਖੰਨਾ ਵਿਖੇ ਕੀਤੀ ਜਾਂਦੀ ਹੈ। ਡੀ.ਜੀ.ਪੀ. ਦਫ਼ਤਰ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਹੁਕਮ ਜਾਰੀ ਨਹੀਂ ਸਨ ਹੋਏ ਤੇ ਕਿਸੇ ਪੁਲੀਸ ਮੁਲਾਜ਼ਮ ਨੇ ਵੱਟਸ ਐਪ ਰਾਹੀਂ ਫੋਟੋ ਹਾਸਲ ਕੀਤੀ ਸੀ। ਜਾਂਚ ਦੌਰਾਨ ਸਨਸਨੀਖੇਜ਼ ਤੱਥ ਸਾਹਮਣੇ ਇਹ ਆਇਆ ਹੈ ਕਿ ਛਾਪਾ ਮਾਰਨ ਵਾਲੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਪਟਿਆਲਾ ਤੋਂ ਗੈਰਹਾਜ਼ਰ ਚੱਲੇ ਆ ਰਹੇ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਦਰੀ ਵੱਲੋਂ 6 ਕਰੋੜ ਰੁਪਏ ਦੀ ਰਾਸ਼ੀ ਖੁਰਦ ਬੁਰਦ ਕਰਨ ਦੇ ਲਾਏ ਦੋਸ਼ਾਂ ਵਿੱਚ ਕਾਫ਼ੀ ਸੱਚਾਈ ਦਿਖਾਈ ਦੇ ਰਹੀ ਹੈ। ਇਸ ਲਈ ਪਰਚਾ ਦਰਜ ਕਰਕੇ ਸਬ ਇੰਸਪੈਕਟਰਾਂ ਦੀ ਹਿਰਾਸਤੀ ਪੁੱਛਗਿੱਛ ਕੀਤੀ ਜਾਵੇਗੀ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਤਾਇਨਾਤ ਇਨ੍ਹਾਂ ਦੋਵੇਂ ਸਬ ਇੰਸਪੈਕਟਰਾਂ ਨੂੰ ਕਾਉਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਇੱਕ ਡੀ.ਐੱਸ.ਪੀ. ਵੱਲੋਂ ਸ੍ਰਪਰਸਤੀ ਦਿੱਤੀ ਜਾ ਰਹੀ ਹੈ। ਜਿਸ ਕਰਕੇ ਇਹ ਡੀਐੱਸਪੀ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ ਤੇ ਇਸ ਡੀ.ਐੱਸ.ਪੀ. ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਦਾ ਦਫ਼ਤਰ ਦੀ ਚੌਕੰਨਾ ਹੋ ਗਿਆ ਹੈ। ਇਸੇ ਤਰ੍ਹਾਂ ਖੰਨਾਂ ’ਚ ਤਾਇਨਾਤ ਇੱਕ ਡੀ.ਐੱਸ.ਪੀ. ਰੈਂਕ ਦੇ ਅਫ਼ਸਰ ਦੀ ਭੂਮਿਕਾ ਵੀ ਇਸ ਮਾਮਲੇ ਵਿੱਚ ਮੰਨੀ ਜਾ ਰਹੀ ਹੈ। ਪਾਦਰੀ ਦੇ ਜਲੰਧਰ ਸਥਿਤ ਘਰ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕਰਨ ਤੋਂ ਬਾਅਦ ਇਨ੍ਹਾਂ ਪੁਲੀਸ ਅਫ਼ਸਰਾਂ ਨੇ ਖੰਨਾ ਆਉਣ ਲਈ ਵਾਇਆ ਮੋਗਾ ਰੂਟ ਦੀ ਵਰਤੋਂ ਕੀਤੀ ਜਿਸ ਨੇ ਸ਼ੱਕ ਹੋਰ ਵੀ ਡੂੰਘਾ ਕਰ ਦਿੱਤਾ ਹੈ।