ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣੀ; ਸਿਟ ਨੇ ਤਫ਼ਤੀਸ਼ ਦੀ ਰਣਨੀਤੀ ਬਣਾਈ
ਪੰਜਾਬ ਪੁਲੀਸ ਅਤੇ ਕੈਪਟਨ ਸਰਕਾਰ ਲਈ ਬਦਨਾਮੀ ਦਾ ਕਾਰਨ ਬਣ ਰਹੇ ਪਾਦਰੀ ਐਂਥਨੀ ਦੇ 6 ਕਰੋੜ ਰੁਪਏ ‘ਗੁੰਮ’ ਹੋਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਐਫਆਈਆਰ ਦਰਜ ਕਰਨ ਮਗਰੋਂ ਵੀ ਕਈ ਸਵਾਲ ਅਣਸੁਲਝੇ ਪਏ ਹਨ। ਪੁਲੀਸ ਵੱਲੋਂ ਪਰਚਾ ਭਾਵੇਂ 3 ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ ਪਰ ਤੱਥਾਂ ਨੂੰ ਦੇਖਦਿਆਂ ਇਸ ਮਾਮਲੇ ਵਿੱਚ 8 ਤੋਂ 10 ਪੁਲੀਸ ਅਫ਼ਸਰਾਂ ਦੀ ਸ਼ਮੂਲੀਅਤ ਮੰਨੀ ਜਾ ਰਹੀ ਹੈ। ਡੀਜੀਪੀ ਦਿਨਕਰ ਗੁਪਤਾ ਵੱਲੋਂ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਗਈ ਹੈ ਜਿਸ ਦੇ ਮੁਖੀ ਆਈਜੀ ਪ੍ਰਵੀਨ ਕੁਮਾਰ ਸਿਨਹਾ ਹੋਣਗੇ। ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਏਆਈਜੀ (ਸਟੇਟ ਕ੍ਰਾਈਮ ਸੈੱਲ) ਰਾਕੇਸ਼ ਕੌਸ਼ਲ ਨੂੰ ਤਫ਼ਤੀਸ਼ੀ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸਿਟ ਦੇ ਸਾਰੇ ਮੈਂਬਰਾਂ ਨੇ ਪਰਚਾ ਦਰਜ ਹੋਣ ਤੋਂ ਬਾਅਦ ਪਹਿਲੀ ਮੀਟਿੰਗ ਕੀਤੀ ਅਤੇ ਤਫਤੀਸ਼ ਲਈ ਰਣਨੀਤੀ ’ਤੇ ਵਿਚਾਰ ਕੀਤਾ। ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਪਰਚੇ ’ਚ ਨਾਮਜ਼ਦ ਥਾਣੇਦਾਰਾਂ ਅਤੇ ਤੀਜੇ ਬੰਦੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ 6 ਕਰੋੜ ਰੁਪਏ ਗੁੰਮ ਹੋਣ ਸਬੰਧੀ ਅਸਲੀ ਤੱਥ ਸਾਹਮਣੇ ਆਉਣਗੇ। ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਵੰਡੀ ਰਕਮ ਨੂੰ ਮਹਿਜ਼ ਥਾਣੇਦਾਰ ਪੱਧਰ ’ਤੇ ਹੀ ਖੁਰਦ-ਬੁਰਦ ਕਰਨ ਦੀ ਸਕੀਮ ਨਹੀਂ ਬਣਾਈ ਜਾ ਸਕਦੀ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਥਾਣੇਦਾਰਾਂ ਅਤੇ ਇੰਸਪੈਕਟਰਾਂ ਦਾ ਇੱਕ ਗੁੱਝਾ ਨੈੱਟਵਰਕ ਹੈ ਅਤੇ ਇਨ੍ਹਾਂ ਦੀ ਪੁਸ਼ਤਪਨਾਹੀ ਡੀਐਸਪੀ ਤੋਂ ਲੈ ਕੇ ਡੀਜੀਪੀ ਰੈਂਕ ਤੱਕ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ। ਨਸ਼ਿਆਂ ਦੀ ਸਮਗਲਿੰਗ ਲਈ ਬਣੀ ਸਪੈਸ਼ਲ ਟਾਸਕ ਫੋਰਸ ਵੱਲੋਂ ਪੌਣੇ ਦੋ ਸਾਲ ਪਹਿਲਾਂ ਨਸ਼ੀਲੇ ਪਦਾਰਥਾਂ ਸਮੇਤ ਇੰਸਪੈਕਟਰ (ਬਰਖ਼ਾਸਤ) ਇੰਦਰਜੀਤ ਸਿੰਘ ਦਾ ਮਾਮਲਾ ਵੀ ਕੁਝ ਅਜਿਹਾ ਹੀ ਸੀ। ਇਸ ਮੁੱਦੇ ’ਤੇ ਪੁਲੀਸ ਅਧਿਕਾਰੀਆਂ ਦਰਮਿਆਨ ਖਾਨਾਜੰਗੀ ਦਾ ਮਾਹੌਲ ਵੀ ਬਣ ਗਿਆ ਸੀ। ਜਲੰਧਰ ਦੇ ਪਾਦਰੀ ਦੇ ਘਰ ਛਾਪਾ ਮਾਰਨ ਦੇ ਮਾਮਲੇ ’ਚ ਜਿਨ੍ਹਾਂ ਪੁਲੀਸ ਮੁਲਾਜ਼ਮਾਂ ਦੀ ਚੋਣ ਕੀਤੀ ਗਈ, ਉਹ ਮਾਮਲਾ ਵੀ ਬੜਾ ਦਿਲਚਸਪ ਹੈ। ਖੰਨਾ ਪੁਲੀਸ ਵੱਲੋਂ ਥਾਣੇਦਾਰਾਂ ਦੀ ਖੰਨਾ ਜ਼ਿਲ੍ਹੇ ਵਿੱਚ ਤਾਇਨਾਤੀ ਮੰਗੀ ਜਾਂਦੀ ਹੈ ਤਾਂ ਡੀਜੀਪੀ ਦਫ਼ਤਰ ਵੱਲੋਂ ਵੀ ਇਸ ਤਾਇਨਾਤੀ ’ਤੇ ਤੁਰੰਤ ਪੱਤਰ ਲਿਖ ਦਿੱਤਾ ਜਾਂਦਾ ਹੈ। ਡੀਜੀਪੀ ਦਫ਼ਤਰ ਵੱਲੋਂ ਭਾਵੇਂ ਚਮੜੀ ਬਚਾਉਣ ਲਈ ਪੱਤਰ ਜਾਰੀ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਪਟਿਆਲਾ ਦੇ ਥਾਣੇਦਾਰਾਂ ਨੇ ਖੰਨਾ ਜ਼ਿਲ੍ਹੇ ਵਿੱਚ ਡਿਊਟੀ ਕਿਸ ਅਧਿਕਾਰੀ ਦੇ ਇਸ਼ਾਰੇ ’ਤੇ ਸੰਭਾਲੀ, ਇਸ ਸਬੰਧੀ ਕੋਈ ਜਵਾਬ ਨਹੀਂ ਦੇ ਰਿਹਾ ਹੈ।