ਦਹੀਆ ਦਾ ਤਬਾਦਲਾ ਅਤੇ ਸਰਕਾਰ ਵੱਲੋਂ ਮਾਮਲਾ ਲਟਕਾਉਣ ਦੀ ਸੰਭਾਵਨਾ
ਪੰਜਾਬ ਦੇ ਚੋਣ ਅਧਿਕਾਰੀਆਂ ਵੱਲੋਂ ਜਲੰਧਰ ਦੇ ਪਾਦਰੀ ਦੀ ਗੁੰਮ ਕਰੋੜਾਂ ਰੁਪਏ ਦੀ ਪੂੰਜੀ ਦੇ ਮਾਮਲੇ ਵਿੱਚ ਖੰਨਾ ਦੇ ਐਸਐਸਪੀ ਧਰੁਵ ਦਹੀਆ ਵੱਲੋਂ ਨਿਗਰਾਨ ਅਧਿਕਾਰੀ ਵਜੋਂ ਨਿਭਾਈ ਗਈ ਭੂਮਿਕਾ ਨੂੰ ਸ਼ੱਕੀ ਮੰਨਿਆ ਹੈ। ਸੂਤਰਾਂ ਮੁਤਾਬਕ ਰਾਜ ਸਰਕਾਰ ਤੋਂ ਰਿਪੋਰਟ ਮਿਲਣ ਮਗਰੋਂ ਇਹ ਮਾਮਲਾ ਚੋਣ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਹੁਣ ਉਸ ਵੱਲੋਂ ਹੀ ਜ਼ਿਲ੍ਹਾ ਪੁਲੀਸ ਮੁਖੀ ਦੇ ਮਾਮਲੇ ਵਿੱਚ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਚੋਣ ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਦਾ ਤਬਾਦਲਾ ਕੀਤੇ ਜਾਣ ਦੇ ਆਸਾਰ ਹਨ।
ਇਸ ਮਾਮਲੇ ਵਿੱਚ ਪੁਲੀਸ ਦੀ ਭੂਮਿਕਾ ਪੂਰੀ ਤਰ੍ਹਾਂ ਸ਼ੱਕੀ ਬਣੀ ਪਈ ਹੈ। ਚੋਣ ਅਧਿਕਾਰੀਆਂ ਮੁਤਾਬਕ ਪਾਦਰੀ ਦੇ ਘਰੋਂ ਪੈਸਾ ਚੁੱਕਣ ਦੇ ਮਾਮਲੇ ਵਿੱਚ ਖੰਨਾ ਦੇ ਐਸਐਸਪੀ ਵੱਲੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਗਲਤ ਤੱਥ ਦੇਣ ਅਤੇ ਫਿਰ ‘ਡਾਕੇ’ ਦਾ ਮਾਮਲਾ ਦਰਜ ਕਰਨ ਨਾਲ ਉਸ ਦੀ ਨਿਗਰਾਨ ਅਧਿਕਾਰੀ (ਸੁਪਵਾਈਜ਼ਰੀ ਰੋਲ) ਦੀ ਭੂਮਿਕਾ ਸ਼ੱਕੀ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਪੁਲੀਸ ਅਧਿਕਾਰੀਆਂ ਵੱਲੋਂ ਇਸ ਸਾਰੇ ਮਾਮਲੇ ’ਤੇ ਥਾਣੇਦਾਰਾਂ ਸਿਰ ਹੀ ਜ਼ਿੰਮੇਵਾਰੀ ਪਾਈ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਖ਼ਬਰਾਂ ਤੇ ਥਾਣੇਦਾਰਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਅਤੇ ਹੋਰਨਾਂ ਅਫ਼ਸਰਾਂ ਨੂੰ ਗੁੰਮਰਾਹ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇੰਟੈਲੀਜੈਂਸ ਵਿੰਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਮੁੱਦੇ ’ਤੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਮੁਤਾਬਕ ਪਾਦਰੀ ਦੇ ਘਰੋਂ ਪੈਸੇ ਗੁੰਮ ਕਰਨ ਦੇ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਦੁਆਲੇ ਵੀ ਸ਼ੱਕ ਵੀ ਸੂਈ ਘੁੰਮ ਰਹੀ ਹੈ। ਪੁਲੀਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਹਾਲ ਦੀ ਘੜੀ ‘ਜਾਂਚ ਜਾਰੀ ਹੈ’ ਦਾ ਹਵਾਲਾ ਦੇ ਕੇ ਮਾਮਲੇ ਨੂੰ ਠੰਢਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਸੂਤਰਾਂ ਮੁਤਾਬਕ ਸਰਕਾਰ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਸੰਸਦੀ ਚੋਣਾਂ ਦਾ ਅਮਲ ਮੁਕੰਮਲ ਹੋਣ ਤੱਕ ਲਮਕਾਉਣ ਦੀ ਰਣਨੀਤੀ ਵੀ ਅਪਣਾਈ ਜਾ ਰਹੀ ਹੈ ਤਾਂ ਜੋ ਚੋਣ ਕਮਿਸ਼ਨ ਦਾ ਦਖ਼ਲ ਖ਼ਤਮ ਹੋਣ ਤੋਂ ਬਾਅਦ ਹੀ ਸਰਗਰਮੀ ਦਿਖਾਈ ਜਾਵੇ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਦਖ਼ਲ ਖਤਮ ਹੋਣ ਤੋਂ ਬਾਅਦ ਮੁੱਦੇ ’ਤੇ ਮਿੱਟੀ ਪਾਉਣੀ ਜ਼ਿਆਦਾ ਸੁਖਾਲੀ ਹੋ ਜਾਂਦੀ ਹੈ। ਡੀਜੀਪੀ ਨੇ ਮਾਮਲੇ ਦੀ ਜਾਂਚ ਲਈ ਆਈਜੀ ਰੈਂਕ ਦੇ ਅਧਿਕਾਰੀ ਪਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਪਰ ਸਿਟ ਦੀ ਤਫ਼ਤੀਸ਼ ਅਜੇ ਤੱਕ ਤਣ-ਪੱਤਣ ਨਹੀਂ ਲੱਗ ਸਕੀ ਹੈ। ਪਾਦਰੀ ਦੀ ਪੂੰਜੀ ਗੁੰਮ ਕਰਨ ਦੇ ਦੋਸ਼ਾਂ ’ਚ ਘਿਰੇ ਥਾਣੇਦਾਰ ਵੀ ਗ੍ਰਿਫ਼ਤਾਰ ਨਹੀਂ ਹੋ ਸਕੇ ਹਨ। ਸਿਟ ਨਾਲ ਜੁੜੇ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਥਾਣੇਦਾਰਾਂ ਦੇ ਵਿਦੇਸ਼ ਜਾਣ ਦੀਆਂ ਸੰਭਾਵਨਾਵਾਂ ਘੱਟ ਹਨ ਕਿਉਂਕਿ ਦੋਹਾਂ ਥਾਣੇਦਾਰਾਂ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਪਾਸਪੋਰਟ ਸਿਟ ਨੇ ਕਬਜ਼ੇ ’ਚ ਲੈ ਲਏ ਹਨ। ਪੁਲੀਸ ਅਧਿਕਾਰੀਆਂ ਮੁਤਾਬਕ ਥਾਣੇਦਾਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਾਦਰੀ ਦੇ ਘਰੋਂ ਚੁੱਕੇ ਪੈਸੇ ਗੁੰਮ ਕਰਨ ਦਾ ਅਸਲ ਭੇਤ ਉਜਾਗਰ ਹੋਵੇਗਾ। ਜ਼ਿਕਰਯੋਗ ਹੈ ਕਿ ਮਾਮੂਲੀ ਅਪਰਾਧ ਹੋਣ ਦੀ ਸੂਰਤ ਵਿੱਚ ਪੁਲੀਸ ਵੱਲੋਂ ਸਬੰਧਤ ਵਿਅਕਤੀਆਂ ਦੇ ਰਿਸ਼ਤੇਦਾਰਾਂ ਦਾ ਵੀ ਜਿਉਣਾ ਮੁਸ਼ਕਲ ਕਰ ਦਿੱਤਾ ਜਾਂਦਾ ਹੈ। ਥਾਣੇਦਾਰਾਂ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਅਜਿਹੀ ਸਰਗਰਮੀ ਦਿਖਾਉਣ ਦੀ ਹਿੰਮਤ ਨਹੀਂ ਜੁਟਾਈ ਜਾ ਰਹੀ ਹੈ। ਇੱਥੋਂ ਤੱਕ ਕਿ ਸਰਕਾਰ ਅਤੇ ਪੁਲੀਸ ਵੱਲੋਂ ਆਪਣੇ ਤੌਰ ’ਤੇ ਖੰਨਾ ਦੇ ਐਸਐਸਪੀ ਨੂੰ ਇੱਕ ਤਰ੍ਹਾਂ ਨਾਲ ਕਲੀਨ ਚਿਟ ਹੀ ਦਿੱਤੀ ਜਾ ਰਹੀ ਹੈ।