ਜਲੰਧਰ ਦੇ ਪਾਦਰੀ ਦੀ 6.66 ਕਰੋੜ ਰੁਪਏ ਦੀ ਰਾਸ਼ੀ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੁਲੀਸ ਦੇ ਮੁਖ਼ਬਰ ਸੁਰਿੰਦਰ ਸਿੰਘ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖਤਮ ਹੋਣ ’ਤੇ ਅੱਜ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਉਧਰ, ਮਾਮਲੇ ਵਿਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਦੋ ਥਾਣੇਦਾਰ ਏਐੱਸਆਈ ਜੋਗਿੰਦਰ ਸਿੰਘ ਅਰਬਨ ਅਸਟੇਟ ਪਟਿਆਲਾ ਅਤੇ ਏਐੱਸਆਈ ਰਾਜਪ੍ਰੀਤ ਸਿੰਘ ਨਵੀਂ ਮਹਿੰਦਰਾ ਕਲੋਨੀ ਪਟਿਆਲਾ ਅਜੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹਾਲਾਂਕਿ ਬੀਤੀ 25 ਅਪਰੈਲ ਨੂੰ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਨੇ ਮੁਲਜ਼ਮ ਥਾਣੇਦਾਰਾਂ ਦੀਆਂ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ ਪਰ ਅਜੇ ਤਕ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਬੀਤੀ 13 ਅਪਰੈਲ ਨੂੰ ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਸਟੇਟ ਕਰਾਈਮ ਥਾਣਾ ਫੇਜ਼-4 ਵਿਚ ਇਨ੍ਹਾਂ ਥਾਣੇਦਾਰਾਂ ਸਮੇਤ ਪੁਲੀਸ ਦੇ ਮੁਖ਼ਬਰ ਸੁਰਿੰਦਰ ਸਿੰਘ ਵਾਸੀ ਨੌਸ਼ਹਿਰਾ ਖੁਰਦ, ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਧਾਰਾ 406, 34 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿਚ ਮੁਲਜ਼ਮਾਂ ਖ਼ਿਲਾਫ਼ ਧਾਰਾ 392 ਜੋੜ ਕੇ ਡਕੈਤੀ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਦੋਵੇਂ ਥਾਣੇਦਾਰ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਏ ਹਨ।
ਉਧਰ, ਸਟੇਟ ਕਰਾਈਮ ਥਾਣੇ ਦੀ ਪੁਲੀਸ ਵੱਲੋਂ ਇਸ ਮਾਮਲੇ ਵਿਚ ਗ੍ਰਿਫ਼ਤਾਰ ਏਐੱਸਆਈ ਦਿਲਬਾਗ ਸਿੰਘ ਵਾਸੀ ਖੰਨਾ ਇਸ ਸਮੇਂ ਰਿਮਾਂਡ ’ਤੇ ਹੈ। ਉਸ ਨੂੰ 29 ਅਪਰੈਲ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਏਐੱਸਆਈ ਦਿਲਬਾਗ ਸਿੰਘ ਪਟਿਆਲਾ ਵਿਚ ਤਾਇਨਾਤ ਸੀ। ਪੁਲੀਸ ਨੇ ਦਿਲਬਾਗ ਦੀ ਨਿਸ਼ਾਨਦੇਹੀ ’ਤੇ ਵਰਨਾ ਤੇ ਸਵਿਫ਼ਟ ਕਾਰ ਬਰਾਮਦ ਕੀਤੀਆਂ ਹਨ। ਪੁਲੀਸ ਅਨੁਸਾਰ ਇਹ ਦੋਵੇਂ ਕਾਰਾਂ ਪਾਦਰੀ ਕੇਸ ਵਿਚ ਵਰਤੀਆਂ ਗਈਆਂ ਸਨ। ਪੁਲੀਸ ਨੇ ਮੁਖ਼ਬਰ ਸੁਰਿੰਦਰ ਸਿੰਘ ਕੋਲੋਂ ਇਨ੍ਹਾਂ ਕਾਰਾਂ ਦੀ ਸ਼ਨਾਖ਼ਤ ਵੀ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਦਰੀ ਕੋਲੋਂ ਮਿਲੇ ਕਰੋੜਾਂ ਰੁਪਏ ਇਨ੍ਹਾਂ ਕਾਰਾਂ ਵਿਚ ਲੱਦ ਕੇ ਹੀ ਲਿਜਾਏ ਗਏ ਸਨ। ਇਹ ਰਾਸ਼ੀ ਖੰਨਾ ਤੋਂ ਪਟਿਆਲਾ ਲਿਜਾਣ ਵਿਚ ਏਐੱਸਆਈ ਦਿਲਬਾਗ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ।
INDIA ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਮੁਖ਼ਬਰ ਨੂੰ ਜੇਲ੍ਹ ਭੇਜਿਆ