ਪਾਣੀ ’ਚ ਘਿਰੇ ਲੋਕਾਂ ਤੱਕ ਪਹੁੰਚਣ ਲਈ ਨਹੀਂ ਮਿਲ ਰਹੀਆਂ ਕਿਸ਼ਤੀਆਂ

ਹੜ੍ਹ ਵਿਚ ਘਿਰੇ ਸ਼ਾਹਕੋਟ ਸਬ ਡਿਵੀਜ਼ਨ ਦੇ 50 ਪਿੰਡਾਂ ਵਿਚ ਅਤੇ ਖਾਸ ਕਰ ਕੇ ਡੇਰਿਆਂ ’ਤੇ ਰਹਿੰਦੇ ਲੋਕਾਂ ਤੱਕ ਖਾਣ-ਪੀਣ ਵਾਲੀਆਂ ਵਸਤਾਂ ਪਹੁੰਚਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪੀੜਤ ਲੋਕਾਂ ਲਈ ਲੰਗਰ ਲੈ ਕੇ ਆ ਰਹੀਆਂ ਜਥੇਬੰਦੀਆਂ ਨੂੰ ਕਿਸ਼ਤੀਆਂ ਨਾ ਮਿਲਣ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸ਼ਾਹਕੋਟ ਦੀ ਐਸਡੀਐਮ ਡਾ. ਚਾਰੂਮਿਤਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 24 ਮੋਟਰ ਬੋਟ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲੱਗੀਆਂ ਹੋਈਆਂ ਹਨ। ਪਾਣੀ ਵਿਚ ਘਿਰੇ ਲੋਕਾਂ ਤੱਕ ਅਜੇ ਵੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪਹੁੰਚ ਨਹੀਂ ਕੀਤੀ। ਉਧਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਾਣੀ ਵਿਚ ਘਿਰੇ ਲੋਕਾਂ ਤੱਕ ਪਹੁੰਚ ਕਰਨ ਲਈ ਆਪ ਤਿੰਨ ਦਿਨਾਂ ਤੋਂ ਆਪਣੀਆਂ ਦੋ ਕਿਸ਼ਤੀਆਂ ਰਾਹੀਂ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਰਹੇ ਹਨ ਅਤੇ ਨਾਲ ਹੀ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਣ ਵਿਚ ਵੀ ਮਦਦ ਕਰ ਰਹੇ ਹਨ। ਪਾਣੀ ਵਿਚ ਘਿਰੇ ਲੋਕ ਵੀ ਉਨ੍ਹਾਂ ਨੂੰ ਹੀ ਫੋਨ ਕਰਕੇ ਮਦਦ ਕਰਨ ਦੀਆਂ ਅਪੀਲਾਂ ਕਰ ਰਹੇ ਹਨ। ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਦਸ ਹੋਰ ਕਿਸ਼ਤੀਆਂ ਕਿਰਾਏ ’ਤੇ ਲੈਣ ਦਾ ਵੀ ਯਤਨ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਕਿਸ਼ਤੀਆਂ ਉਪਲਬਧ ਨਹੀਂ ਹੋਈਆਂ। ਖਾਲਸਾ ਏਡ ਦੇ ਸੇਵਾਦਾਰ ਤੇਜਿੰਦਰਪਾਲ ਸਿੰਘ ਪ੍ਰਿੰਸ, ਸੁਖਦੇਵ ਸਿੰਘ ਫਗਵਾੜਾ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਵੀ ਦੱਸਿਆ ਕਿ ਲੋਕਾਂ ਦੀ ਸੇਵਾ ਲਈ ਜਥੇਬੰਦੀ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਡੇਰਿਆਂ ਵਿਚ ਬੈਠੇ ਲੋਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਚੀਜ਼ਾਂ ਕਿਵੇਂ ਪਹੁੰਚਾਈਆਂ ਜਾਣ? ਤਰਨਤਾਰਨ ਤੋਂ ਚਾਰ ਗੱਡੀਆਂ ਲੈ ਕੇ ਆਏ ਪਰਗਟ ਸਿੰਘ ਨੇ ਦੱਸਿਆ ਕਿ ਉਹ ਸੁੱਕਾ ਰਾਸ਼ਨ, ਚਾਵਲ, ਆਟਾ, ਦੁੱਧ, ਚਾਹ ਪੱਤੀ, ਖੰਡ ਤੇ ਹੋਰ ਸਾਮਾਨ ਲੈ ਕੇ ਆਏ ਹਨ ਜਿਸ ਵਿਚ ਪੱਕਿਆ ਹੋਇਆ ਲੰਗਰ ਵੀ ਹੈ। ਉਨ੍ਹਾਂ ਨਾਲ ਆਏ 50 ਦੇ ਕਰੀਬ ਸੇਵਾਦਾਰ ਉਥੋਂ ਤੱਕ ਹੀ ਲੰਗਰ ਪਹੁੰਚਾ ਸਕੇ ਜਿਥੋਂ ਤੱਕ ਪਾਣੀ ਘੱਟ ਸੀ।ਅੱਗੋਂ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ 50 ਪਿੰਡਾਂ ਦੇ ਲੋਕ ਤਾਂ ਪਾਣੀ ਵਿਚ ਘਿਰੇ ਹੋਏ ਹਨ ਤੇ ਇਸੇ ਤਰ੍ਹਾਂ ਦੂਰ ਦੂਰ ਡੇਰਿਆਂ ਵਿਚ ਬੈਠੇ ਲੋਕਾਂ ਤੱਕ ਪਹੁੰਚਣਾ ਵੀ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਦੇ ਨਾਲ ਇਕ ਬਜ਼ੁਰਗ ਸੇਵਾਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਨਾ ਤਾਂ ਸੁਰੱਖਿਆ ਜੈਕਟਾਂ ਮਿਲ ਰਹੀਆਂ ਹਨ ਤੇ ਨਾ ਹੀ ਕਿਸ਼ਤੀਆਂ ਦਾ ਪ੍ਰਬੰਧ ਹੈ। ਪਿੰਡ ਫਤਿਹਪੁਰ ਭਗਵਾਨ ਦੇ ਨਿਰਮਲ ਸਿੰਘ ਆਪਣੇ ਪਰਿਵਾਰ ਸਮੇਤ ਧੁੱਸੀ ਬੰਨ੍ਹ ’ਤੇ ਬੈਠੇ ਹੋਏ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਘਰ ਵਿਚ ਛੇ ਫੁੱਟ ਤੱਕ ਪਾਣੀ ਚੜ੍ਹ ਗਿਆ ਸੀ। ਇਸੇ ਪਿੰਡ ਦੇ ਹੀ ਜਗੀਰ ਸਿੰਘ ਨੇ ਕਿਹਾ ਕਿ ਬੜੀ ਮੁਸ਼ਕਲ ਨਾਲ ਉਹ ਘਰ ਦਾ ਅੱਧਾ ਸਮਾਨ ਹੀ ਕੱਢ ਸਕੇ ਹਨ। ਧੁੱਸੀ ਬੰਨ੍ਹ ’ਤੇ ਤਾਂ ਲੰਗਰ ਬੇਹਿਸਾਬਾ ਪਹੁੰਚ ਰਿਹਾ ਹੈ ਪਰ ਡੇਰਿਆਂ ਤੱਕ ਲੰਗਰ ਲੈ ਕੇ ਜਾਣਾ ਔਖਾ ਹੈ। ਚੱਕ ਬੁੰਡਾਲਾ ਦੇ ਬੂਟਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੱਡੀਆਂ ਟਿਊਬਾਂ ਵਿਚ ਹਵਾ ਭਰ ਕੇ ਉਸ ਉੱਪਰ ਲੱਕੜ ਦਾ ਫੱਟਾ ਬੰਨ੍ਹ ਕੇ ਪਸ਼ੂਆਂ ਲਈ ਚਾਰਾ ਰੱਖਿਆ ਹੋਇਆ ਸੀ। ਉਹ ਤੇਜ਼ ਵਗਦੇ ਪਾਣੀ ਦੇ ਵਹਾਅ ਰਾਹੀਂ ਹੀ ਪਾਣੀ ਵਿਚ ਉੱਤਰ ਗਏ।

Previous articleਸਬ-ਇੰਸਪੈਕਟਰ ਛੇੜਛਾੜ ਦੇ ਦੋਸ਼ ਹੇਠ ਗ੍ਰਿਫ਼ਤਾਰ
Next article24 ਘੰਟਿਆਂ ਮਗਰੋਂ ਵੀ ਨਹੀਂ ਘਟਿਆ ਬੁੱਢਾ ਦਰਿਆ ਦਾ ਪਾਣੀ