ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੀ ਸੈਨੇਟ ਨੇ ਅੱਜ ਅਤਿਵਾਦ ਨੂੰ ਵਿੱਤੀ ਮਦਦ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਐਫਏਟੀਐੱਫ ਵੱਲੋਂ ਨਿਰਧਾਰਤ ਸਖ਼ਤ ਸ਼ਰਤਾਂ ਮੁਤਾਬਕ ਦੋ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਸੋਧ ਬਿੱਲ 2020 ਅਤੇ ਅਤਿਵਾਦ ਰੋਕੂ ਸੋਧ ਬਿੱਲ 2020 ਪ੍ਰਧਾਨ ਮੰਤਰੀ ਦੇ ਸੰਸਦੀ ਮਾਮਲਿਆਂ ਬਾਰੇ ਸੈਨੇਟਰ ਬਾਬਰ ਅਵਾਨ ਨੇ ਪੇਸ਼ ਕੀਤੇ।
ਇਨ੍ਹਾਂ ਬਿੱਲਾਂ ’ਚ ਸੰਯੁਕਤ ਰਾਸ਼ਟਰ ਦੀ ਪਾਬੰਦੀਆਂ ਵਾਲੀ ਸੂਚੀ ’ਚ ਸ਼ਾਮਲ ਵਿਅਕਤੀਆਂ ਦੀ ਜਾਇਦਾਦ ਜ਼ਬਤ ਕਰਨ ਤੇ ਉਨ੍ਹਾਂ ’ਤੇ ਸਫਰ ਸਮੇਤ ਹੋਰ ਪਾਬੰਦੀਆਂ ਲਾਉਣ ਜਿਹੀਆਂ ਮੱਦਾਂ ਵੀ ਸ਼ਾਮਲ ਹਨ। ਐੱਫਏਟੀਐੱਫ ਦੀ ਗ੍ਰੇਅ ਸੂਚੀ ’ਚੋਂ ਬਾਹਰ ਨਿਕਲਣ ਲਈ ਪਾਕਿਸਤਾਨ ਨੇ ਇਹ ਕੋਸ਼ਿਸ਼ ਕੀਤੀ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬਿੱਲ ਪਾਸ ਕਰਨ ਲਈ ਸੈਨੇਟ ਮੈਂਬਰਾਂ ਦਾ ਧੰਨਵਾਦ ਕੀਤਾ।