ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਤੇ ਉਸ ਦੀ ਹਵਾਲਗੀ ਲਈ ਬਰਤਾਨੀਆ ਸਰਕਾਰ ਤੱਕ ਪਹੁੰਚ ਕੀਤੀ ਹੈ। ਜ਼ਿਕਰਯੋਗ ਹੈ ਕਿ ਨਵਾਜ਼ ਸ਼ਰੀਫ਼ ਇਸ ਸਮੇਂ ਲੰਡਨ ’ਚ ਇਲਾਜ ਕਰਵਾ ਰਹੇ ਹਨ।
ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ ’ਤੇ ਦਿੱਤੀ ਚਾਰ ਹਫ਼ਤਿਆਂ ਦੀ ਜ਼ਮਾਨਤ ਪਿਛਲੇ ਸਾਲ ਦਸੰਬਰ ’ਚ ਖਤਮ ਹੋ ਗਈ ਹੈ। ਉਨ੍ਹਾਂ ਕਿਹਾ, ‘ਸਰਕਾਰ ਨੇ ਸ਼ਰੀਫ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਤੇ ਉਨ੍ਹਾਂ ਦੀ ਹਵਾਲਗੀ ਲਈ ਬਰਤਾਨੀਆ ਸਰਕਾਰ ਨੂੰ ਅਰਜ਼ੀ ਭੇਜੀ ਜਾ ਚੁੱਕੀ ਹੈ।’
ਇੱਥੋਂ ਦੀ ਇੱਕ ਜਵਾਬਦੇਹੀ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਕੇਸ ’ਚ ਦੋਸ਼ੀ ਠਹਿਰਾਏ ਗਏ ਨਵਾਜ਼ ਸ਼ਰੀਫ਼ ਨੇ ਪਿਛਲੇ ਮਹੀਨੇ ਆਪਣੇ ਵਕੀਲ ਰਾਹੀਂ ਲਾਹੌਰ ਦੀ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਹ ਵਤਨ ਵਾਪਸ ਆਉਣ ਤੋਂ ਅਸਮਰੱਥ ਹਨ ਕਿਉਂਕਿ ਉਨ੍ਹਾਂ ਦੇ ਡਾਕਟਰਾਂ ਨੇ ਉਨ੍ਹਾਂ ਕਰੋਨਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕਿਤੇ ਵੀ ਜਾਣ ਤੋਂ ਮਨ੍ਹਾਂ ਕੀਤਾ ਹੋਇਆ ਹੈ। ਸ਼ਹਿਜ਼ਾਦ ਅਕਬਰ ਨੇ ਕਿਹਾ ਕਿ ਸਰਕਾਰ ਕੌਮੀ ਜਵਾਬਦੇਹੀ ਬਿਊਰੋ ਨੂੰ ਨਵਾਜ਼ ਸ਼ਰੀਫ ਦੀ ਜਲਦੀ ਤੋਂ ਜਲਦੀ ਹਵਾਲਗੀ ਲਈ ਅਪੀਲ ਕਰੇਗੀ।