ਪਾਕਿਸਤਾਨ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਬੁੱਧਵਾਰ ਨੂੰ 50 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਫੇਸਬੁੱਕ ’ਤੇ ਸਿੱਕੇ ਦੀ ਤਸਵੀਰ ਸਾਂਝੀ ਕੀਤੀ ਹੈ। ਫੇਸਬੁੱਕ ਪੋਸਟ ’ਤੇ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ।
ਕਰਤਾਰਪੁਰ ਸਾਹਿਬ ਲਾਂਘੇ ਦੇ 9 ਨਵੰਬਰ ਨੂੰ ਇਮਰਾਨ ਖ਼ਾਨ ਵੱਲੋਂ ਕੀਤੇ ਜਾਣ ਵਾਲੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਇਹ ਸਿੱਕਾ ਜਾਰੀ ਕੀਤਾ ਹੈ। ਔਕਾਫ਼ ਬੋਰਡ ਦੇ ਮੁਖੀ ਡਾਕਟਰ ਆਮਿਰ ਅਹਿਮਦ ਨੇ ਐਕਸਪ੍ਰੈੱਸ ਟ੍ਰਿਬਿਊਨ ਨੂੰ ਦੱਸਿਆ ਕਿ ਅਗਲੇ ਮਹੀਨੇ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਇਨ੍ਹਾਂ ਯਾਦਗਾਰੀ ਸਿੱਕਿਆਂ ਨੂੰ ਖਰੀਦ ਸਕੇਗੀ। ਇਸ ਦੌਰਾਨ 8 ਰੁਪਏ ਮੁੱਲ ਦਾ ਡਾਕ ਟਿਕਟ ਵੀ ਜਾਰੀ ਕੀਤਾ ਜਾਵੇਗਾ ਜਿਸ ’ਤੇ ਗੁਰਦੁਆਰਾ ਜਨਮ ਅਸਥਾਨ ਦਾ ਚਿੱਤਰ ਹੋਵੇਗਾ। ਪਿਛਲੇ ਸਾਲ ਨਵੰਬਰ ’ਚ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲਿਆ ਸੀ। ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ’ਤੇ 80 ਇਮੀਗ੍ਰੇਸ਼ਨ ਕਾਊਂਟਰ ਸਥਾਪਤ ਕੀਤੇ ਹਨ ਤਾਂ ਜੋ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਵੱਡੀ ਗਿਣਤੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਭਾਰਤ ਅਤੇ ਪਾਕਿਸਤਾਨ ਨੇ ਪਿਛਲੇ ਹਫ਼ਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ ’ਤੇ ਸਹੀ ਪਾਈ ਸੀ। ਸਮਝੌਤੇ ਤਹਿਤ ਰੋਜ਼ਾਨਾ ਪੰਜ ਹਜ਼ਾਰ ਸੰਗਤ ਗੁਰਦੁਆਰਾ ਦਰਬਾਰ ਸਾਹਿਬ ’ਚ ਮੱਥਾ ਟੇਕ ਸਕੇਗੀ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਬਿਤਾਏ ਸਨ।
HOME ਪਾਕਿ ਵੱਲੋਂ ਬਾਬੇ ਨਾਨਕ ਦੀ ਯਾਦ ’ਚ ਸਿੱਕਾ ਜਾਰੀ