ਇਸਲਾਮਾਬਾਦ (ਸਮਾਜਵੀਕਲੀ): ਪਾਕਿਸਤਾਨ ਦੀ ਫੌਜ ਨੇ ਅੱਜ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਕਥਿਤ ਤੌਰ ‘ਤੇ ਘੁਸਪੈਠ ਕਰ ਰਹੇ “ਭਾਰਤੀ ਜਾਸੂਸ ਕੁਆਡਕੌਪਟਰ” (ਡਰੋਨ) ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤੀਕਰ ਨੇ ਦੱਸਿਆ ਕਿ ਇਹ ਛੋਟੇ ਹੈਲੀਕਾਪਟਰ ਨੇ ਕੰਟਰੋਲ ਰੇਖਾ ਦੇ ਨੇੜੇ ਖੰਜਰ ਸੈਕਟਰ ਵਿਚ ਦੇਸ਼ ਦੇ ਏਅਰਫੀਲਡ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, “ਕੁਆਡਕੌਪਟਰ ਐੱਲਓਸੀ ਦੇ 500 ਮੀਟਰ ਅੰਦਰ ਪਾਕਿਸਤਾਨ ਵੱਲ ਦਾਖਲ ਹੋਇਆ ਸੀ।”
ਬੁਲਾਰੇ ਨੇ ਦਾਅਵਾ ਕੀਤਾ ਕਿ ਇਹ ਅੱਠਵਾਂ ਭਾਰਤੀ ਕੁਆਡਕੌਪਟਰ ਹੈ, ਜਿਸ ਨੂੰ ਇਸ ਸਾਲ ਪਾਕਿ ਸੈਨਾ ਨੇ ਸੁੱਟਿਆ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਦੋ 27 ਮਈ ਅਤੇ 29 ਮਈ ਨੂੰ ਅਜਿਹੇ ਡਰੋਨ ਡੇਗ ਲਏ ਸਨ ਜਦੋਂ ਜਦੋਂ ਉਹ ਕਥਿਤ ਤੌਰ ’ਤੇ ਪਾਕਿਸਤਾਨੀ ਸਰਹੱਦ ਦੇ ਅੰਦਰ ਦਾਖਲ ਹੋਏ ਸਨ। ਪਿਛਲੇ ਦਿਨੀਂ ਭਾਰਤ ਨੇ ਪਾਕਿਸਤਾਨੀ ਸੈਨਾ ਦੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀ।