ਪਾਕਿਸਤਾਨ ਦੀ ਉੱਘੀ ਲੇਖਕਾ ਤਹਿਮੀਨਾ ਅਜ਼ੀਜ਼ ਅਯੂਬ ਨੇ ਅੱਜ ਖਾਲਸਾ ਕਾਲਜ ਦਾ ਦੌਰਾ ਕੀਤਾ। ਉਹ ਕਾਲਜ ਦੀ ਇਤਿਹਾਸਕ ਤੇ ਵਿਰਾਸਤੀ ਇਮਾਰਤ ਦੇਖ ਕੇ ਖਿੜ ਉੱਠੀ। ਉਨ੍ਹਾਂ ਕਿਹਾ ਕਿ ਉਹ ਸਿੱਖਾਂ ਅਤੇ ਪੰਜਾਬ ਦੇ ਮਾਣਮੱਤੇ ਇਤਿਹਾਸ ਤੋਂ ਬਹੁਤ ਪ੍ਰਭਾਵਿਤ ਹੈ। ਉਨ੍ਹਾਂ ਨੂੰ ਇਸ ਖੇਤਰ ਦੇ ਇਸ ਹਿੱਸੇ ’ਚ ਪਾਕਿਸਤਾਨ ਅਤੇ ਭਾਰਤੀ ਸਭਿਆਚਾਰ ’ਚ ਬਹੁਤ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ। ਲੇਖਕਾ ਅਯੂਬ ਨੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰੀਤੀ‐ਰਿਵਾਜਾਂ ਅਤੇ ਸਭਿਅਤਾ ਬਾਰੇ ਚਰਚਾ ਕੀਤੀ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ ਅਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜੂਦ ਸਨ। ਲੇਖਕਾ ਅਯੂਬ ਨੇ ਕਾਲਜ ਕੈਂਪਸ ਦਾ ਦੌਰਾ ਕਰਨ ਉਪਰੰਤ ਸਟਾਫ ਅਤੇ ਵਿਦਿਆਰਥੀਆਂ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਰਸੇ, ਪਹਿਰਾਵੇ ਅਤੇ ਮਾਹੌਲ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਰਾਚੀ, ਇਸਲਾਮਾਬਾਦ ’ਚ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ-ਮਿੱਤਰ ਉਨ੍ਹਾਂ ਨੂੰ ਪਿਆਰ ਨਾਲ ਪੂਨਮ ਨਾਂ ਨਾਲ ਬੁਲਾਉਂਦੇ ਹਨ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਖ਼ਾਲਸਾ ਕਾਲਜ ਨੂੰ ਵੇਖਣ ਦੀ ਤਮੰਨਾ ਸੀ, ਜੋ ਅੱਜ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ’ਚ ਔਰਤਾਂ ਦੇ ਸਰਬਪੱਖੀ ਵਿਕਾਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।
INDIA ਪਾਕਿ ਲੇਖਕਾ ਤਹਿਮੀਨਾ ਅਯੂਬ ਦੀ ਖਾਲਸਾ ਕਾਲਜ ਫੇਰੀ