ਪਾਕਿ – ਪਵਿੱਤਰ ਰਿਸ਼ਤਾ : ਪਤੀ – ਪਤਨੀ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਪਤੀ – ਪਤਨੀ ਦੋਵੇਂ ਇੱਕ – ਦੂਸਰੇ ਦੇ ਪੂਰਕ ਹੁੰਦੇ ਹਨ। ਕਿਸੇ ਇੱਕ ਤੋਂ ਬਿਨਾਂ ਦੂਸਰੇ ਦੀ ਹੋਂਦ ਮਨਫ਼ੀ ਹੋ ਕੇ ਰਹਿ ਜਾਂਦੀ ਹੈ। ਦੋਵਾਂ ਦਾ ਸਾਥ ਜ਼ਿੰਦਗੀ ਭਰ ਦਾ ਸਾਥ ਹੁੰਦਾ ਹੈ। ਵਿਆਹ ਸਮੇਂ ਲੜਕਾ – ਲੜਕੀ ਦੋਵੇਂ ਇੱਕ – ਦੂਸਰੇ ਨੂੰ ਤਾ – ਉਮਰ ਦੇ ਸਾਥੀ ਵਜੋਂ ਚੁਣਦੇ ਹਨ ਤੇ ਸਵੀਕਾਰ ਕਰਦੇ ਹਨ। ਤਿੰਨ – ਚਾਰ ਦਹਾਕੇ ਪਹਿਲਾਂ ਤੱਕ ਤਾਂ ਪਤੀ – ਪਤਨੀ ਤਾ – ਉਮਰ ਇੱਕ – ਦੂਜੇ ਦਾ ਸਾਥ ਸਵੀਕਾਰ ਕਰਦੇ ਸਨ ਤੇ ਨਿਭਾਉਂਦੇ ਵੀ ਸਨ , ਪਰ ਉਸ ਤੋਂ ਬਾਅਦ ਘਰੇਲੂ ਤੇ ਪਰਿਵਾਰਕ ਤਾਣੇ – ਬਾਣੇ ਵਿੱਚ ਬਦਲਾਅ ਆਇਆ ਤੇ ਕਈ ਕਾਰਨਾਂ ਕਰਕੇ ਗਿਰਾਵਟ ਵੀ ਆਈ।

ਫਿਰ ” ਤਲਾਕ ” ਨਾਂਅ ਦੇ ਦਾਨਵ ( ਸਮਾਜਿਕ ਕੁਰੀਤੀ ਤੇ ਸਮੱਸਿਆ ) ਨੇ ਆਪਣਾ ਦਾਇਰਾ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਤਲਾਕ ਨਾਂਅ ਦੇ ਦੈਂਤ ਨੇ ਘਰਾਂ ਦੇ ਘਰ ਤਬਾਹ ਕਰਨੇ ਸ਼ੁਰੂ ਕਰ ਦਿੱਤੇ। ਪਤੀ – ਪਤਨੀ ਦਾ ਰਿਸ਼ਤਾ ਇੱਕ ਅਨਮੋਲ , ਪਵਿੱਤਰ ਤੇ ਵਿਸ਼ਵਾਸ ਭਰਿਆ ਰਿਸ਼ਤਾ ਹੁੰਦਾ ਹੈ। ਕੁਝ ਗਿਲੇ – ਸ਼ਿਕਵੇ , ਮਨ – ਮੁਟਾਵ , ਛੋਟੀਆਂ – ਛੋਟੀਆਂ ਗੱਲਾਂ , ਬਾਹਰੀ ਦਖਲ – ਅੰਦਾਜ਼ੀ , ਧਨ – ਦੌਲਤ ਦੀ ਖਿੱਚ ਜਾਂ ਹੋਰ ਕਿਸੇ ਕਾਰਨ ਸਦਕਾ ਜੀਵਨ ਭਰ ਦੇ ਸਾਥੀ ਨਾਲੋਂ ਸਾਥ ਤੋੜਨ ਦਾ ਜਲਦਬਾਜ਼ੀ ਨਾਲ ਫ਼ੈਸਲਾ ਕਰ ਲੈਣਾ , ਦੋਵਾਂ ਵਿੱਚੋਂ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੋ ਸਕਦਾ।

ਸਾਡੇ ਜ਼ਰਾ ਜਿੰਨੇ ਅੜੀਅਲ ਵਤੀਰੇ ਸਦਕਾ ਸਾਡੇ ਪਰਿਵਾਰਾਂ , ਬੱਚਿਆਂ , ਰਿਸ਼ਤੇਦਾਰਾਂ , ਭਾਈਚਾਰਕ ਸਾਂਝ ਤੇ ਸਮਾਜਿਕ ਵਰਤਾਰੇ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਵੀ ਇਸ ਦੇ ਪ੍ਰਭਾਵ ਤੋਂ ਬਚੀਆਂ ਨਹੀਂ ਰਹਿ ਸਕਦੀਆਂ। ਪਤੀ – ਪਤਨੀ ਦੇ ਪਵਿੱਤਰ ਰਿਸ਼ਤੇ ਵਿੱਚ ਵਿਸ਼ਵਾਸ ਦੀ ਡੋਰ ਵੀ ਮਜ਼ਬੂਤ ਰੱਖਣੀ ਚਾਹੀਦੀ ਹੈ ਅਤੇ ਇਸ ਪਵਿੱਤਰ ਰਿਸ਼ਤੇ ਉੱਪਰ ਦਾਜ – ਦਹੇਜ , ਗਹਿਣੇ – ਗੱਟੇ , ਪੈਸੇ – ਧੇਲੇ , ਕੋਠੀਆਂ – ਕਾਰਾਂ ਅਤੇ ਹੋਰ ਭੌਤਿਕ ਸੁੱਖ ਸਾਧਨਾਂ ਦੀ ਧੂੜ ਨਹੀਂ ਜੰਮਣ ਦੇਣੀ ਚਾਹੀਦੀ। ਪਤੀ – ਪਤਨੀ ਦੇ ਬੰਧਨ ਨੂੰ ਇੱਕ ਪਵਿੱਤਰ ਤੇ ਸਮਰਪਿਤ ਰਿਸ਼ਤੇ ਵਜੋਂ ਦੇਖਣਾ ਚਾਹੀਦਾ ਹੈ ; ਨਾ ਕੇ ਸੌਦੇਬਾਜ਼ੀ ਵਜੋਂ। ਦੋਵਾਂ ( ਪਤੀ – ਪਤਨੀ ) ਨੂੰ ਆਪਣੀ ਪਡ਼੍ਹਾਈ , ਹੈਸੀਅਤ , ਅਹੁਦੇ , ਰੁਤਬੇ , ਪ੍ਰਸਿੱਧੀ ਆਦਿ ਨੂੰ ਵੀ ਇਸ ਪਵਿੱਤਰ ਰਿਸ਼ਤੇ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।

ਘਰੇਲੂ ਅੋੌਰਤ ਤੇ ਕੰਮਕਾਜੀ ਮਹਿਲਾ ਦੋਵਾਂ ਨੂੰ ਘਰ – ਸਮਾਜ ਵਿੱਚ ਸਤਿਕਾਰ , ਬਰਾਬਰਤਾ ਤੇ ਇੱਜ਼ਤ – ਮਾਣ ਮਿਲਣਾ ਚਾਹੀਦਾ ਹੈ। ਸਾਰੇ ਰਿਸ਼ਤਿਆਂ ਦਾ ਯਥਾਸੰਭਵ ਸਤਿਕਾਰ ਕਰਦੇ ਹੋਏ ਪਤੀ – ਪਤਨੀ ਦੇ ਰਿਸ਼ਤੇ ਨੂੰ ਵੀ ਸਮਾਂ ਤੇ ਧਿਆਨ ਦੇਣਾ ਚਾਹੀਦਾ ਹੈ। ਪਤਨੀ ਨੂੰ ਕਦੇ ਵੀ ਆਪਣੀ ” ਦਾਸੀ ” ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਔਰਤ ਨੂੰ ” ਪੈਰ ਦੀ ਜੁੱਤੀ ” ਸਮਝਣ ਵਾਲੇ ਘਰ – ਸਮਾਜ ਵਿੱਚ ਪਤੀ – ਪਤਨੀ ਦਾ ਪਵਿੱਤਰ ਰਿਸ਼ਤਾ ਕਦੇ ਵੀ ਸਥਾਈ ਤੇ ਟਿਕਾਊ ਨਹੀਂ ਰਹਿ ਸਕਦਾ ਤੇ ਨਾ ਹੀ ਉਹ ਘਰ – ਪਰਿਵਾਰ ਤੇ ਸਮਾਜ ਤਰੱਕੀ ਕਰ ਸਕਦਾ ਹੈ। ਇਸ ਲਈ ਦੋਵਾਂ ( ਪਤੀ – ਪਤਨੀ ) ਨੂੰ ਇੱਕ – ਦੂਸਰੇ ਦੀਆਂ ਭਾਵਨਾਵਾਂ , ਜ਼ਰੂਰਤਾਂ , ਕਮੀਆਂ , ਹੋਂਦ , ਅਹੁਦੇ , ਰਿਸ਼ਤੇ ਅਤੇ ਵਜੂਦ ਨੂੰ ਸਮਝਦੇ ਹੋਏ ਤੇ ਕਦਰ ਕਰਦੇ ਹੋਏ ਇੱਕ – ਦੂਸਰੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਅਤੇ ਉਸਾਰੂ ਸੋਚ ਅਪਣਾਉਣ ਵਿੱਚ ਹੀ ਚੰਗੀ ਗੱਲ ਹੋ ਸਕਦੀ ਹੈ।

ਛੋਟੇ – ਮੋਟੇ ਮਨ – ਮੁਟਾਵ ਅਕਸਰ ਵਿਆਹ ਤੋਂ ਬਾਅਦ ਇੱਕ – ਦੋ ਸਾਲ ਤੱਕ ਆਉਂਦੇ ਰਹਿੰਦੇ ਹਨ ਅਤੇ ਦੋਵਾਂ ਨੂੰ ਸਿਦਕ ਤੇ ਸਿਰੜ ਤੋਂ ਕੰਮ ਲੈ ਕੇ ਇਹ ਸ਼ੁਰੂਆਤੀ ਵਿਆਹੁਤਾ ਸਮਾਂ ਠਰ੍ਹੰਮੇ ਅਤੇ ਸਬਰ – ਸੰਤੋਖ ਨਾਲ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ; ਕਿਉਂਕਿ ਦੋਵਾਂ ( ਪਤੀ – ਪਤਨੀ ) ਦੇ ਬੋਲ – ਵਿਹਾਰ , ਰਹਿਣ – ਸਹਿਣ , ਸੋਚ , ਖਾਣ – ਪੀਣ , ਮਿਲਵਰਤਨ ਅਤੇ ਖ਼ਾਸ ਤੌਰ ‘ਤੇ ਵਿਚਾਰਾਂ ਵਿੱਚ ਅੰਤਰ ਹੋ ਸਕਦਾ ਹੈ ਤੇ ਇਹ ਖੱਪਾ ਭਰਨ ਲਈ ਦੋਵਾਂ ਨੂੰ ਥੋੜ੍ਹਾ – ਥੋੜ੍ਹਾ ਆਪਸੀ ਬਦਲਾਓ ਲਿਆਉਣ ਲਈ ਅਤੇ ਇੱਕ – ਦੂਜੇ ਨੂੰ ਸਮਝਣ ਲਈ ਕੁਝ ਵਕਤ ਤਾਂ ਲੱਗਦਾ ਹੀ ਹੈ ਤੇ ਵਕਤ ਚਾਹੀਦਾ ਵੀ ਹੈ। ਬਸ ਇਹੋ ਸ਼ੁਰੂਆਤੀ ਦੌਰ ਹੀ ਸ਼ਾਇਦ ਕਈ ਵਾਰ ਵਿਆਹੁਤਾ ਜੀਵਨ ‘ਤੇ ਜ਼ਿਆਦਾ ਔਖਾ ਤੇ ਪਤੀ – ਪਤਨੀ ਦੇ ਰਿਸ਼ਤੇ ‘ਤੇ ਭਾਰੂ ਹੋ ਸਕਦਾ ਹੈ। ਦੋਵਾਂ ( ਪਤੀ – ਪਤਨੀ ) ਦੇ ਪਰਿਵਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਰਿਸ਼ਤੇ ਦੀ ਮਰਿਆਦਾ ਨੂੰ ਸਮਝਦੇ ਹੋਏ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਮਿਲਵਰਤਣ ਰਾਹੀਂ ਗਿਲੇ – ਸ਼ਿਕਵੇ ਦੂਰ ਕਰ ਲੈਣ ਨੂੰ ਹੀ ਤਰਜੀਹ ਦੇਣੀ ਸਹੀ ਹੋ ਸਕਦੀ ਹੈ।

ਪਤੀ – ਪਤਨੀ ਨੂੰ ਆਪਣੀ ਸੂਝ – ਬੂਝ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਸਹੀ ਨੂੰ ” ਸਹੀ ” ਤੇ ਗ਼ਲਤ ਨੂੰ ” ਗ਼ਲਤ ” ਸਮਝਣ ਦਾ ਹੌਸਲਾ ਤੇ ਸਮਝ ਵੀ ਜ਼ਰੂਰ ਰੱਖਣੀ ਚਾਹੀਦੀ ਹੈ।ਜ਼ਰੂਰਤ ਅਨੁਸਾਰ ਪਤੀ – ਪਤਨੀ ਦੋਵਾਂ ਨੂੰ ਇੱਕ – ਦੂਸਰੇ ਦੇ ਕੰਮਾਂਕਾਰਾਂ ਵਿੱਚ ‘ਤੇ ਘਰੇਲੂ ਕੰਮਾਂ ਵਿੱਚ ਵੀ ਬੇਝਿਜਕ ਹੱਥ ਵਟਾ ਦੇਣਾ ਚਾਹੀਦਾ ਹੈ ਤੇ ਇੱਕ – ਦੂਜੇ ਦੀਆਂ ਮਜਬੂਰੀਆਂ ਤੇ ਦੁੱਖਾਂ – ਸੁੱਖਾਂ ਨੂੰ ਸਮਝ ਕੇ ਵੰਡਾਉਣਾ ਵੀ ਇਸ ਰਿਸ਼ਤੇ ਦੀ ਮਜ਼ਬੂਤੀ ਲਈ ਮੀਲ ਪੱਥਰ ਸਾਬਤ ਹੋ ਸਕਦਾ ਹੈ। ” ਮਰਦ – ਪ੍ਰਧਾਨ ਸਮਾਜ ” ਵਾਲੀ ਸੋਚ ਬਦਲ ਕੇ ਵੀ ਇਸ ਰਿਸ਼ਤੇ ਦੀ ਸਦੀਵੀ ਹੋਂਦ ਬਰਕਰਾਰ ਰੱਖੀ ਜਾ ਸਕਦੀ ਹੈ।

ਪਤੀ – ਪਤਨੀ ਨੂੰ ਵੀ ਘਰ , ਸਮਾਜ ਤੇ ਹੋਰ ਰਿਸ਼ਤੇ ਦੀ ਇੱਜ਼ਤ ਅਤੇ ਮਰਿਆਦਾ ਰੱਖਣੀ ਚਾਹੀਦੀ ਹੈ। ਸ਼ੱਕ ਦੀ ਬਿਮਾਰੀ ਤੋਂ ਵੀ ਬਚ ਕੇ ਰਹਿਣਾ ਸਹੀ ਹੈ। ਪਤਨੀ ਨੂੰ ਇੱਕ ” ਵਸਤੂ ” ਨਾ ਸਮਝਦੇ ਹੋਏ , ਬਰਾਬਰ ਦਾ ਹੱਕ ਤੇ ਰੁਤਬਾ ਹਰ ਪਲ , ਹਰ ਥਾਂ ਦੇਣਾ ਵੀ ਜ਼ਿੰਦਗੀ ਭਰ ਦਾ ਸਾਥ ਬਣਾਈ ਰੱਖਣ ਲਈ ਸਹੀ ਕਦਮ ਹੋ ਸਕਦਾ ਹੈ। ਦੋਵਾਂ ਨੂੰ ਆਪਣੇ ਰਿਸ਼ਤੇ ‘ਤੇ ਕਿਸੇ ਵੀ ਤੀਜੀ ਧਿਰ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਪਤੀ – ਪਤਨੀ ਦਾ ਪਵਿੱਤਰ ਰਿਸ਼ਤਾ ਤਾ – ਉਮਰ ਦਾ ਸਾਥ ਹੈ। ਇਸ ਨੂੰ ਸਿਦਕ , ਸਿਰੜ , ਵਿਸ਼ਵਾਸ , ਸਮਰਪਣ ਭਾਵਨਾ ਤੇ ਉਸਾਰੂ ਸੋਚ ਅਪਣਾ ਕੇ ਤਾ – ਉਮਰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣਾ ਹੀ ਸਹੀ ਮਾਨਵਤਾ ਹੋ ਸਕਦੀ ਹੈ।

ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜ ਸੇਵਕਾਂ ਵਲੋਂ ਝੁੱਗੀ ਝੌਂਪੜੀ ਅਗਨੀ ਕਾਂਡ ਪੀੜਿਤਾਂ ਨੂੰ 215 ਸੂਟ ,210 ਥੈਲੀਆਂ ਆਟਾ, ਬਰਤਨ ਅਤੇ ਰਾਸ਼ਨ ਸਮੱਗਰੀ ਕੀਤੀ ਤਕਸੀਮ
Next articleਮੋਦੀ ਸਰਕਾਰ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰੇ – ਬੱਬੂ