ਕਰਤਾਰਪੁਰ ਲਾਂਘਾ
* ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ ਕਰ ਸਕਣਗੇ ਦਰਸ਼ਨ
* ਭਾਰਤ ਨੇ ਸ਼ਰਧਾਲੂਆਂ ’ਤੇ ਫੀਸ ਲਾਉਣ ਦਾ ਕੀਤਾ ਵਿਰੋਧ
* ਪ੍ਰੋਟੋਕੋਲ ਅਧਿਕਾਰੀ ਭੇਜਣ ਦੀ ਭਾਰਤੀ ਮੰਗ ਪਾਕਿ ਵੱਲੋਂ ਰੱਦ
ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅੱਜ ਅਟਾਰੀ ਸਰਹੱਦ ’ਤੇ ਹੋਈ ਤੀਜੀ ਮੀਟਿੰਗ ਦੌਰਾਨ ਭਾਵੇਂ ਦੋਵੇਂ ਮੁਲਕ ਕੁੱਝ ਮੁੱਦਿਆਂ ’ਤੇ ਸਹਿਮਤੀ ਨਹੀਂ ਬਣਾ ਸਕੇ, ਪਰ ਪਾਕਿਸਤਾਨ ਨੇ ਭਾਰਤੀ ਯਾਤਰੂਆਂ ਨੂੰ ਬਿਨਾਂ ਵੀਜ਼ਾ ਦੇ ਅਤੇ ਰੋਜ਼ਾਨਾ ਪੰਜ ਹਜ਼ਾਰ ਯਾਤਰੂਆਂ ਨੂੰ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਹਾਮੀ ਭਰ ਦਿੱਤੀ ਹੈ। ਮੀਟਿੰਗ ਦੌਰਾਨ ਭਾਰਤ ਨੇ ਜਿੱਥੇ ਯਾਤਰੂਆਂ ’ਤੇ ਫੀਸ ਲਾਉਣ ਦੀ ਪਾਕਿਸਤਾਨੀ ਤਜਵੀਜ਼ ਦਾ ਵਿਰੋਧ ਕੀਤਾ, ਉਥੇ ਪਾਕਿਸਤਾਨ ਨੇ ਵਾਰੀ ਦਾ ਵੱਟਾ ਲਾਉਂਦਿਆਂ ਪ੍ਰੋਟੋਕਾਲ ਅਧਿਕਾਰੀ ਭੇਜਣ ਦੀ ਭਾਰਤੀ ਮੰਗ ਖਾਰਜ ਕਰ ਦਿੱਤੀ। ਸਕੱਤਰ ਪੱਧਰ ਦੀ ਤੀਜੇ ਦੌਰ ਦੀ ਮੀਟਿੰਗ ਅੱਜ ਇਥੇ ਅਟਾਰੀ ਵਿੱਚ ਹੋਈ। ਪਾਕਿਸਤਾਨ ਵੱੱਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਤੇ ਦੱਖਣੀ ਏਸ਼ੀਆ ਤੇ ਸਾਰਕ ਮੁਲਕਾਂ ਦੇ ਮਾਮਲਿਆਂ ਦੇ ਡਾਇਰੈਕਟਰ ਜਨਰਲ ਮੁਹੰਮਦ ਫ਼ੈਸਲ ਦੀ ਅਗਵਾਈ ਹੇਠ ਲਗਪਗ 20 ਮੈਂਬਰੀ ਵਫਦ ਨੇ ਸ਼ਮੂਲੀਅਤ ਕੀਤੀ। ਭਾਰਤ ਵੱਲੋਂ ਇਸ ਮੀਟਿੰਗ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਐਸ.ਸੀ.ਐੱਲ. ਦਾਸ ਨੇ ਕੀਤੀ। ਉਨ੍ਹਾਂ ਨਾਲ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਦੀਪਕ ਮਿੱਤਲ ਅਤੇ ਪੰਜਾਬ ਸਰਕਾਰ ਵਲੋਂ ਸਕੱਤਰ ਹੁਸਨ ਲਾਲ ਹਾਜ਼ਰ ਸਨ। ਮੀਟਿੰਗ ਦੌਰਾਨ ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਵਾਲੇ ਹਰ ਯਾਤਰੂ ’ਤੇ ਲਾਈ ਗਈ 20 ਅਮਰੀਕੀ ਡਾਲਰ ਦੀ ਫੀਸ ਅਤੇ ਭਾਰਤ ਵਲੋਂ ਲਾਂਘੇ ਰਾਹੀਂ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂਆਂ ਨਾਲ ਪ੍ਰੋਟੋਕੋਲ ਅਧਿਕਾਰੀ ਭੇਜਣ ਦੇ ਮੁੱਦਿਆਂ ’ਤੇ ਦੋਵੇਂ ਪਾਸੇ ਸਹਿਮਤੀ ਨਹੀਂ ਬਣ ਸਕੀ। ਭਾਰਤ ਨੇ ਯਾਤਰੂਆਂ ’ਤੇ ਫੀਸ ਲਾਉਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਆਖਿਆ ਕਿ ਕਿਸੇ ਵੀ ਗੁਰਦੁਆਰੇ ਵਿਚ ਦਰਸ਼ਨ ਕਰਨ ਲਈ ਕੋਈ ਫੀਸ ਨਹੀਂ ਹੁੰਦੀ। ਇਸੇ ਤਰ੍ਹਾਂ ਭਾਰਤ ਵੱਲੋਂ ਯਾਤਰੂਆਂ ਦੇ ਨਾਲ ਪ੍ਰੋਟੋਕੋਲ ਅਧਿਕਾਰੀ ਭੇਜਣ ਦੀ ਤਜਵੀਜ਼ ਨੂੰ ਪਾਕਿਸਤਾਨ ਨੇ ਰੱਦ ਕਰ ਦਿੱਤਾ। ਮੀਟਿੰਗ ਉਪਰੰਤ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਐਸ.ਸੀ.ਐੱਲ. ਦਾਸ ਨੇ ਦੱਸਿਆ ਕਿ ਉਪਰੋਕਤ ਦੋਵਾਂ ਮੁੱਦਿਆਂ ਨੂੰ ਛੱਡ ਕੇ ਬਾਕੀ ਮੁੱਦਿਆਂ ’ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਂਘੇ ਰਾਹੀਂ ਯਾਤਰੂ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਸਕਣਗੇ। ਯਾਤਰੂਆਂ ਨੂੰ ਇਕ ਦਿਨ ਵਿੱਚ ਹੀ ਮੱਥਾ ਟੇਕਣ ਉਪਰੰਤ ਵਾਪਸ ਪਰਤਣਾ ਹੋਵੇਗਾ। ਕੋਈ ਵੀ ਭਾਰਤ ਵਾਸੀ ਜਿਸ ਕੋਲ ਪਾਸਪੋਰਟ ਹੈ, ਇਹ ਯਾਤਰਾ ਕਰ ਸਕੇਗਾ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਵਸਨੀਕ, ਜੋ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਓਸੀਆਈ (ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ) ਕਾਰਡ ਹੈ, ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਰੋਜ਼ਾਨਾ ਪੰਜ ਹਜ਼ਾਰ ਯਾਤਰੂਆਂ ਨੂੰ ਇਸ ਲਾਂਘੇ ਰਾਹੀਂ ਗੁਰਦੁਆਰੇ ਦੇ ਦਰਸ਼ਨ ਕਰਾਉਣ ਲਈ ਸਹਿਮਤੀ ਦਿੱਤੀ ਹੈ। ਭਾਰਤ ਨੇ ਵਿਸਾਖੀ ਅਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਮੇਤ ਵਿਸ਼ੇਸ਼ ਮੌਕਿਆਂ ’ਤੇ 10 ਤੋਂ 15 ਹਜ਼ਾਰ ਯਾਤਰੂਆਂ ਨੂੰ ਮੱਥਾ ਟੇਕਣ ਲਈ ਭੇਜਣ ਦੀ ਮੰਗ ਰੱਖੀ ਹੈ, ਜਿਸ ਨੂੰ ਪਾਕਿਸਤਾਨ ਨੇ ਹਾਲ ਦੀ ਘੜੀ ਸਵੀਕਾਰ ਨਹੀਂ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਹੌਲੀ ਹੌਲੀ ਯਾਤਰੂਆਂ ਦੀ ਸਮਰੱਥਾ ਵਿਚ ਵਾਧਾ ਕਰੇਗਾ ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲੋੜੀਂਦੇ ਢਾਂਚੇ ਦੀ ਵੀ ਲੋੜ ਹੈ। ਮੀਟਿੰਗ ਦੌਰਾਨ ਬੁੱਢੀ ਰਾਵੀ ਨਾਲੇ ’ਤੇ ਪੁਲ ਬਣਾਉਣ ਦਾ ਮਾਮਲਾ ਵੀ ਵਿਚਾਰਿਆ ਗਿਆ, ਪਰ ਪਾਕਿਸਤਾਨ ਨੇ ਅਜੇ ਪੁਲ ਬਣਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ। ਦੋਵਾਂ ਧਿਰਾਂ ਵੱਲੋਂ ਫਿਲਹਾਲ ਇਕ ਸਲਿਪ ਰੋਡ ਬਣਾਉਣ ’ਤੇ ਸਹਿਮਤੀ ਬਣੀ ਹੈ ਤਾਂ ਜੋ ਲਾਂਘੇ ਦੀ ਸ਼ੁਰੂਆਤ ਨਵੰਬਰ ਮਹੀਨੇ ਵਿੱਚ ਨਿਰਧਾਰਿਤ ਸਮੇਂ ’ਤੇ ਕੀਤੀ ਜਾ ਸਕੇ। ਇਹ ਆਰਜ਼ੀ ਪ੍ਰਬੰਧ ਹੋਵੇਗਾ ਅਤੇ ਮਗਰੋਂ ਬੁੱਢੀ ਰਾਵੀ ਨਾਲਾ ’ਤੇ ਪੁਲ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਯਾਤਰੂਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕੀਤਾ ਜਾਵੇਗਾ। ਮੀਟਿੰਗ ਦੌਰਾਨ ਭਾਰਤੀ ਅਧਿਕਾਰੀਆਂ ਨੇ ਖਾਲਿਸਤਾਨ ਪੱਖੀ ਜਾਂ ਹੋਰ ਜਥੇਬੰਦੀਆਂ ਵੱਲੋਂ ਲਾਂਘੇ ਦੀ ਦੁਰਵਰਤੋਂ ਨਾ ਕਰਨ ਦੀ ਮੰਗ ਵੀ ਰੱਖੀ। ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੂਆਂ ਨੂੰ ਲੰਗਰ ਅਤੇ ਪ੍ਰਸਾਦਿ ਵੀ ਪਾਕਿਸਤਾਨ ਵਲੋਂ ਮੁਹੱਈਆ ਕੀਤਾ ਜਾਵੇਗਾ। ਇਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਪ੍ਰੋਟੋਕਾਲ ਅਧਿਕਾਰੀ ਭੇਜਣ ਸਬੰਧੀ ਭਾਰਤ ਦੀ ਮੰਗ ਪ੍ਰਤੀ ਪਾਕਿਸਤਾਨੀ ਅਧਿਕਾਰੀਆਂ ਦਾ ਰਵੱਈਆ ਪੂਰੀ ਤਰ੍ਹਾਂ ਨਾਂਹਪੱਖੀ ਸੀ। ਇਸੇ ਤਰ੍ਹਾਂ ਯਾਤਰੂ ਫੀਸ ਲਾਉਣ ਬਾਰੇ ਵੀ ਉਹ ਪੂਰੀ ਤਰ੍ਹਾਂ ਬਜ਼ਿੱਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਨੇ ਕਰੋੜਾਂ ਰੁਪਏ ਖਰਚੇ ਹਨ। ਭਾਰਤੀ ਅਧਿਕਾਰੀਆਂ ਨੇ ਡੇਰਾ ਬਾਬਾ ਨਾਨਕ ਵਿੱਚ ਯਾਤਰੂ ਟਰਮੀਨਲ ਬਣਾਉਣ ਸਬੰਧੀ ਚਲ ਰਹੇ ਕੰਮ ਬਾਰੇ ਵੀ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯਾਤਰੂ ਟਰਮੀਨਲ ਅਤੇ ਚਹੁੰ-ਮਾਰਗੀ ਸੜਕ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਹੋਵੇਗਾ।